ਔਰਤਾਂ ਨੂੰ 01 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਜਲਦੀ ਹੋਵੇਗੀ ਲਾਗੂ  : ਡਾ. ਬਲਜੀਤ ਕੌਰ

ਲਿੰਗ ਅਨੁਪਾਤ ਵਿੱਚ ਸੁਧਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ : ਲਖਵੀਰ ਸਿੰਘ ਰਾਏ

 

ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਉੱਤੇ ਜ਼ਿਲ੍ਹਾ ਪੱਧਰੀ ਸਮਾਗਮ

 

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

 

ਫ਼ਤਹਿਗੜ੍ਹ ਸਾਹਿਬ, 27 ਅਪਰੈਲ (ਰਣਜੀਤ ਸਿੱਧਵਾਂ)  :  ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ  ਇੰਜਨੀਅਰਿੰਗ ਕਾਲਜ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਬਿਹਤਰੀ ਲਈ ਹਰ ਸੰਭਵ ਉਪਰਲਾ ਕੀਤਾ ਜਾ ਰਿਹਾ ਹੈ ਤੇ ਕੀਤੇ ਵਾਅਦੇ ਮੁਤਾਬਕ ਸੂਬੇ ਦੀ ਹਰ ਔਰਤ ਨੂੰ 01 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਬਹੁਤ ਜਲਦ ਲਾਗੂ ਕੀਤੀ ਜਾਵੇਗੀ। ਡਾ. ਬਲਜੀਤ ਕੌਰ ਨੇ ਕਿਹਾ ਕਿ ਜਣੇਪੇ ਸਬੰਧੀ ਤੇ ਹੋਰ ਡਾਕਟਰਾਂ ਦੀ ਪਿਛਲੇ ਲੰਮੇ ਸਮੇਂ ਤੋਂ ਘਾਟ ਰਹੀ ਹੈ, ਪੰਜਾਬ ਸਰਕਾਰ ਵਲੋਂ ਉਹ ਪੂਰੀ ਕੀਤੀ ਜਾਵੇਗੀ ਤੇ ਮੌਜੂਦਾ ਡਾਕਟਰਾਂ ਦੀ ਢੁਕਵੀਂ ਵੰਡ ਕਰ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਭ ਤੋਂ ਪਹਿਲਾਂ ਬੁਨਿਆਦੀ ਸਿਹਤ ਸਹੂਲਤਾਂ ਸਾਰੇ ਹਸਪਤਾਲਾਂ ਵਿੱਚ ਮਿਲ ਜਾਣ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਸੀਂ ਅੱਜ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਲੋਗਨ ਤਹਿਤ ਕੰਮ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਧੀਆਂ ਅੱਜ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਔਰਤ ਦੇ ਹੱਕ ਦੀ ਗੱਲ ਕੀਤੀ ਤੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਦੇਸ਼ ਦੀ ਵੰਡ ਵੇਲੇ ਔਰਤਾਂ ਦੀ ਦੁਰਦਸ਼ਾ ਹੋਈ ਤਾਂ ਅੰਮ੍ਰਿਤਾ ਪ੍ਰੀਤਮ ਨੇ "ਅੱਜ ਆਖਾਂ ਵਾਰਿਸ ਸ਼ਾਹ ਨੂੰ" ਸਤਰਾਂ ਲਿਖੀਆਂ ਸਨ। ਉਹਨਾਂ ਕਿਹਾ ਕਿ ਆਧੁਨਿਕ ਮਸ਼ੀਨਾਂ, ਜਿਨ੍ਹਾਂ ਨਾਲ ਸ਼ਾਇਦ ਸਮਾਜ ਤਰੱਕੀ ਕਰਦਾ, ਸਮਾਜ ਵਿਚ ਸੋਚ ਠੀਕ ਨਾ ਹੋਣ ਕਰ ਕਿ ਉਹ ਵੀ ਔਰਤਾਂ ਦੇ ਵਿਰੋਧੀ ਹੋ ਗਈਆਂ। ਜਿਹੜੀਆਂ ਮਸ਼ੀਨਾਂ ਨੇ ਸਾਡੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਸੀ, ਉਲਟ ਉਹ ਸਮਾਜ ਦਾ ਨੁਕਸਾਨ ਕਰਨ ਲੱਗ ਪਈਆਂ। ਇੱਕ ਪਾਸੇ ਮਾਈ ਭਾਗੋ ਵਰਗੀਆਂ ਔਰਤਾਂ ਤੇ ਦੂਜੇ ਪਾਸੇ ਅੱਜ ਦੇ ਸਮੇਂ ਵਿੱਚ ਔਰਤਾਂ ਦੀ ਦੁਰਦਸ਼ਾ ਤੇ ਲਿੰਗ ਅਨੁਪਾਤ ਵਿੱਚ ਗਿਰਾਵਟ। ਪੜ੍ਹੇ ਲਿਖੇ ਲੋਕ ਵੀ ਇਸ ਕੰਮ ਵਿੱਚ ਲੱਗ ਪਏ ਤੇ ਕੁਝ ਡਾਕਟਰ ਵੀ ਪੈਸਾ ਕਮਾਉਣ ਲਈ ਅਜਿਹਾ ਕਰਨ ਲੱਗ ਪਏ।

ਕੈਬਨਿਟ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਅਹਿਮ ਅਹੁਦਿਆਂ ਉੱਤੇ ਮਹਿਲਾ ਅਧਿਕਾਰੀ ਵਿਰਾਜਮਾਨ ਹਨ। ਉਹਨਾਂ ਨੇ ਆਂਗਣਵਾੜੀ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਸਮਾਜ ਦੀ ਤਰੱਕੀ ਵਿੱਚ ਆਂਗਣਵਾੜੀ ਤੇ ਆਸ਼ਾ ਵਰਕਰਾਂ ਦਾ ਅਹਿਮ ਰੋਲ ਹੈ। ਇਸ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਘਟ ਹੈ, ਇਸ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਸਮਾਜ ਦੀ ਸੋਚ ਬਦਲਣ ਦੀ ਲੋੜ ਹੈ।  

ਉਹਨਾਂ ਨੇ ਆਂਗਣਵਾੜੀ ਵਰਕਰਾਂ ਤੋ ਵਾਅਦਾ ਵੀ ਲਿਆ ਕੇ ਉਹ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਮਿਸਾਲ ਬਣੀਆਂ ਔਰਤਾਂ ਦੀਆਂ ਜੀਵਨੀਆਂ ਘਰ-ਘਰ ਪੁੱਜਦੀਆਂ ਕੀਤੀਆਂ ਜਾਣ। ਦੂਜੇ ਪਾਸੇ ਕਾਨੂੰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਸਿਹਤ ਵਿਭਾਗ ਨਾਲ ਵੀ ਗੱਲ ਕਰਨਗੇ ਕੇ ਕਾਨੂੰਨ ਵਿਚ ਕਿਤੇ ਕੰਮੀਆਂ ਹਨ, ਤਾਂ ਕਾਨੂੰਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਜਿਹੜੇ ਲੋਕ ਭਰੂਣ ਹੱਤਿਆ ਵਰਗਾ ਗੁਨਾਹ ਕਰ ਰਹੇ ਹਨ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਲਖਵੀਰ ਸਿੰਘ ਰਾਏ ਨੇ ਕਿਹਾ ਕਿ ਉਹਨਾਂ ਨੇ ਇਕ ਵਾਰ ਇਕ ਕਵੀਸ਼ਰੀ ਸੁਣੀ ਸੀ, ਉਸ ਵਿੱਚ ਇਤਿਹਾਸ ਦੀ ਇੱਕ ਗੱਲ ਸਾਂਝੀ ਕੀਤੀ ਗਈ ਸੀ ਕਿ ਪੁਰਾਣੇ ਸਮੇਂ ਵਿਚ ਘੜ੍ਹੇ ਵਿੱਚ ਪਾ ਕੇ ਧੀਆਂ ਨੂੰ ਦਬ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਇਕ ਪਰਿਵਾਰ ਨੇ ਇਕ ਧੀ ਨਾਲ ਅਜਿਹਾ ਹੀ ਕੀਤਾ ਪਰ ਇਕ ਮਹਾਤਮਾ ਦੇ ਕਹਿਣ ਉੱਤੇ ਉਸ ਧੀ ਨੂੰ ਬਾਹਰ ਕੱਢਿਆ ਗਿਆ।  ਉਹ ਧੀ ਸੀ ਰਾਜ ਕੌਰ, ਜਿਸ ਨੇ ਅੱਗੇ ਜਾ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ। ਇਸ ਲਈ ਧੀਆਂ ਨੂੰ ਬਚਾਇਆ ਜਾਵੇ ਤੇ ਉਹਨਾਂ ਨੂੰ ਸਿੱਖਿਅਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਉਹਨਾਂ ਕਿਹਾ ਕਿ ਅੱਜ ਧੀਆਂ ਕਿਸੇ ਵੀ ਗੱਲੋਂ ਘੱਟ ਨਹੀਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਤਕਰੀਬਨ ਸਾਰੇ ਵੱਡੇ ਅਹੁਦੇ ਮਹਿਲਾ ਅਫ਼ਸਰਾਂ ਕੋਲ ਹੀ ਹਨ। ਉਹਨਾਂ ਕਿਹਾ ਕਿ ਲਿੰਗ ਅਨੁਪਾਤ ਘਟ ਹੋਣਾ ਦਾ ਸਿਰਫ ਭਰੂਣ ਹੱਤਿਆ ਹੀ ਇੱਕ ਕਾਰਨ ਨਹੀਂ ਹੈ, ਸਗੋਂ ਇੱਕ ਔਲਾਦ ਤੱਕ ਮਹਿਦੂਦ ਹੋਣਾ ਵੀ ਇਸ ਲਈ ਜ਼ਿੰਮੇਵਾਰ ਹੈ। ਲਿੰਗ ਅਨੁਪਾਤ ਵਿੱਚ ਸੁਧਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਹਲਕਾ ਬਸੀ ਪਠਾਣਾਂ ਤੋਂ ਵਿਧਾਇਕ 

ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਅਜਿਹੇ ਪ੍ਰੋਗਰਾਮ ਹੁੰਦੇ ਰਹੇ ਹਨ ਤੇ ਉਹ ਖੁਦ ਅਜਿਹੇ ਪ੍ਰੋਗਰਾਮਾਂ ਵਿੱਚ  ਹਿੱਸਾ ਲੈਂਦੇ ਰਹੇ ਹਨ। ਸਮਾਜ ਵਿੱਚ ਜਿਹੜੇ ਲੋਕ ਔਰਤਾਂ ਤੇ ਧੀਆਂ ਉੱਤੇ ਅਤਿਆਚਾਰ ਕਰਦੇ ਹਨ, ਉਹਨਾਂ ਦੀ ਪਛਾਣ ਹੋਣੀ ਲਾਜ਼ਮੀ ਹੈ। ਇਸ ਲਈ ਕੋਈ ਔਰਤ ਜਾਂ ਧੀ ਚੁੱਪ ਨਾ ਰਹੇ। ਉਹਨਾਂ ਵਾਅਦਾ ਕੀਤਾ ਕੇ ਅਜਿਹਾ ਅਪਰਾਧ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਲੋੜ ਹੈ ਇਹਨਾਂ ਅਲਾਮਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ। ਲਿੰਗ ਅਨੁਪਾਤ ਵਰਗੇ ਗੋਰਖ ਧੰਦਿਆਂ ਨੂੰ ਪੱਕੇ ਤੌਰ ਉੱਤੇ ਬੰਦ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਲਿੰਗ ਅਨੁਪਾਤ ਸੁਧਾਰਨ ਲਈ ਨਿੱਠ ਕੇ ਕੰਮ ਕੀਤਾ ਜਾਵੇਗਾ। ਉਹਨਾਂ ਹਲਕੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਤੁਹਾਨੂੰ ਲਗਦਾ ਹੈ ਕਿ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਦੀ ਮਦਦ ਲਈ ਉਹ ਖੁਦ ਹਾਜ਼ਰ ਹਨ। ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰ ਇਸ ਕਾਰਜ ਵਿੱਚ ਸਾਥ ਦੇਣ। ਹਲਕਾ ਅਮਲੋਹ ਦੇ ਵਿਧਾਇਕ 

ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ 

ਜਦੋਂ ਕੈਬਨਿਟ ਦੀ ਲਿਸਟ ਆਈ ਸੀ ਤਾਂ ਡਾ. ਬਲਜੀਤ ਕੌਰ ਦਾ ਨਾਮ ਪੜ੍ਹ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸੀ। ਇਹਨਾਂ ਨੇ ਬਹੁਤ ਨਾਮ ਖੱਟਿਆ ਹੈ, ਲੋਕ ਸੇਵਾ ਕਰ ਕੇ। ਵਿਧਾਇਕ ਨੇ ਕਿਹਾ ਕਿ ਜਿਹੜੇ ਬੰਦੇ ਲਿੰਗ ਜਾਂਚ ਨਾਲ ਸਬੰਧਿਤ ਹਨ, ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਨੂੰਨ ਸ਼ਖਤ ਹੋਣੇ ਚਾਹੀਦੇ ਹਨ। ਮਜ਼ਬੂਤ ਕਾਨੂੰਨ ਦਾ ਖਰੜ ਤਿਆਰ ਕਰਨ ਵਿੱਚ ਜ਼ਿਲ੍ਹੇ ਦੇ ਤਿੰਨੇ ਵਿਧਾਇਕ ਸਹਿਯੋਗ ਦੇਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਨਵਾਂ ਦੌਰ ਆਇਆ ਹੈ ਤੇ ਸਲੋਗਨ ਵੀ ਨਵੇ ਹੋਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਮੁੱਖ ਮਹਿਮਾਨ ਦਾ ਰਸਮੀ ਤੌਰ ਉੱਤੇ ਸਵਾਗਤ ਕੀਤਾ ਤੇ ਕਿਹਾ ਕਿ ਲਿੰਗ ਅਨੁਪਾਤ ਦੀ ਬੇਹਤਰੀ ਲਈ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ।

ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਔਰਤਾਂ ਸਬੰਧੀ ਕਾਨੂੰਨਾਂ ਤੇ ਅਪਰਾਧਾਂ ਬਾਰੇ ਪ੍ਰੇਜ਼ਨਟੇਸ਼ਨ ਵੀ ਦਿੱਤੀ। ਇਸ ਮੌਕੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਏ.ਪੀ.ਐਸ. ਸੰਧੂ  ਵੀ ਉਚੇਚੇ ਤੌਰ ਉੱਤੇ ਹਾਜ਼ਰ ਸਨ। ਇਸ ਮੌਕੇ ਤਿੰਨ ਪਿੰਡਾਂ, ਜਿਨ੍ਹਾਂ ਦਾ ਲਿੰਗ ਅਨੁਪਾਤ ਪਿਛਲੇ 06 ਸਾਲਾਂ ਵਿੱਚ ਵਧੀਆ ਰਿਹਾ ਹੈ,ਦਾ  ਸਨਮਾਨ ਕੀਤਾ ਗਿਆ ਤੇ 20- 20 ਹਜ਼ਾਰ ਦੇ ਚੈਕ ਸੌਂਪੇ ਗਏ। ਇਹਨਾਂ ਵਿੱਚ ਕਲਾਲ ਮਾਜਰਾ (ਅਮਲੋਹ), ਜਵੰਦਾ (ਬੱਸੀ ਪਠਾਣਾਂ) ਜਲਵੇਹੜੀ ਗਹਿਲਾਂ (ਸਰਹਿੰਦ) ਸ਼ਾਮਲ ਹਨ। ਲਿੰਗ ਅਨੁਪਾਤ ਵਿੱਚ ਸੁਧਾਰ ਤਹਿਤ ਤਿੰਨ ਪਿੰਡਾਂ ਦਾ ਹੋਰਨਾਂ ਪਿੰਡਾਂ ਨਾਲ ਰਾਬਤਾ ਕਰਵਾਇਆ ਜਾਵੇਗਾ। ਇਸ ਮੌਕੇ ਓ.ਪੀ ਬਾਂਸਲ ਸਕੂਲ, ਮੰਡੀ ਗੋਬਿੰਦਗੜ੍ਹ ਦੇ ਵਿਦਿਆਰਥੀਆਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਬਾਬਤ ਗੀਤ

"ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ" ਪੇਸ਼ ਕੀਤਾ।ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਨਾਟਕ ਰਾਹੀਂ ਲੜਕੀਆਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ।  ਆਂਗਣਵਾੜੀ ਵਰਕਰਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਦਿੱਤੀ ਗਈ। ਨਵਜੰਮੀਆਂ ਬੱਚੀਆਂ ਤੇ ਓਹਨਾ ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ।ਕੌਮੀ ਪੱਧਰ ਦੀਆਂ 10 ਤੇ ਕੌਮਾਂਤਰੀ ਪੱਧਰ ਦੀਆਂ 03 ਖਿਡਾਰਨਾਂ ਦਾ ਸਨਮਾਨ ਕੀਤਾ ਗਿਆ। ਸੀਡੀਪੀਓ ਬਲਾਕਾਂ ਨੂੰ ਲੈਪਟਾਪ ਦਿੱਤੇ ਗਏ। ਇਸ ਮੌਕੇ ਸੈੱਲ ਡਿਫੈਂਸ ਕਲਾਸਾਂ ਸਬੰਧੀ 20 ਲੜਕੀਆਂ ਨੂੰ ਟੀ ਸ਼ਰਟਾਂ ਤੇ ਬੂਟ, ਸਰਟੀਫਿਕੇਟ ਦਿੱਤੇ ਗਏ। 

"ਮੇਰੀ ਬੇਟੀ ਮੇਰੀ ਸ਼ਾਨ" ਤਹਿਤ ਮਾਪਿਆਂ ਤੇ ਉਹਨਾਂ ਦੀਆਂ ਧੀਆਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਔਕੜਾਂ ਦੇ ਬਾਵਜੂਦ ਆਪਣੀਆਂ 11 ਲੜਕੀਆਂ ਨੂੰ ਸਿੱਖਿਆ ਤੋਂ ਸੱਖਣਾ ਨਹੀਂ ਰਹਿਣ ਦਿੱਤਾ। ਇਸ ਮੌਕੇ ਫਿਲਮ "ਗੁੱਡੀ" ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ, ਜੋ ਧੀਆਂ ਨੂੰ ਬਚਾਉਣ ਦਾ ਸੁਨੇਹਾ ਦਿੰਦੀ ਹੈ। ਇਸ ਤੋਂ ਇਲਾਵਾ ਤਿੰਨੇ ਵਿਧਾਇਕਾਂ, ਡਾਇਰੈਕਟਰ ਸਮਾਜਕ ਸੁਰੱਖਿਆ ਅਰਵਿੰਦਰ ਪਾਲ ਸਿੰਘ ਸੰਧੂ ਆਈਏਐੱਸ , ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲੀਸ ਮੁਖੀ ਰਵਜੋਤ ਕੌਰ ਗਰੇਵਾਲ, ਏਡੀਸੀ ਅਨੁਪ੍ਰਿਤਾ ਜੌਹਲ,  ਏਡੀਸੀ ਜਨਰਲ ਅਨੀਤਾ ਦਰਸ਼ੀ, ਐਸਡੀਐਮ ਫਤਹਿਗੜ੍ਹ ਸਾਹਿਬ ਹਿਮਾਂਸ਼ੂ ਗੁਪਤਾ ਮਨਦੀਪ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਦਾ ਸਨਮਾਨ ਕੈਬਨਿਟ ਮੰਤਰੀ ਵਲੋਂ  ਕੀਤਾ ਗਿਆ। ਅੰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ  ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਦੇ ਹੱਲ ਦਾ ਭਰੋਸਾ ਦਿੱਤਾ।