ਤਕਨੀਕਾਂ ਅਪਣਾਉਣ 'ਚ ਮੋਹਰੀ ਕਿਸਾਨ ਪ੍ਰੀਤਮ ਸਿੰਘ ਅਗਵਾੜ ਲੋਪੋ

ਇਲਾਕੇ 'ਚ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਸੁਰੂ ਕਰਨ ਵਾਲਾ ਪਹਿਲਾ ਕਿਸਾਨ

ਲੁਧਿਆਣਾ, ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ) - ਕੁਦਰਤ ਨਾਲ ਨੇੜ ਤੋਂ ਮੋਹ ਰੱਖਣ ਵਾਲੇ ਕਿਸਾਨ ਪ੍ਰੀਤਮ ਸਿੰਘ ਨੇ ਪਿਛਲੇ ਸੱਤ ਸਾਲ ਤੋਂ ਆਪਣੇ ਖੇਤ ਵਿੱਚ ਇੱਕ ਤੀਲਾ ਵੀ ਪਰਾਲੀ ਦਾ ਸਾੜ ਕੇ ਨਹੀਂ ਵੇਖਿਆ। ਪ੍ਰੀਤਮ ਸਿੰਘ ਨੇ ਬੀ.ਏ. ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਖੇਤੀਬਾੜੀ ਵਿੱਚ ਕਿਸਾਨ ਦਾ ਲਗਭੱਗ 45 ਸਾਲ ਦਾ ਤਜਰਬਾ ਹੈ। ਉੱਦਮੀ ਕਿਸਾਨ ਜਗਰਾਉਂ ਤਹਿਸੀਲ ਦੇ ਪਿੰਡ ਅਗਵਾੜ ਲੋਪੋਂ ਕਲਾਂ ਵਿੱਚ 60 ਏਕੜ ਰਕਬੇ ਵਿੱਚ ਕਣਕ ਤੇ ਝੋਨੇ ਦੀ ਖੇਤੀ ਕਰਦਾ ਹੈ। ਇਲਾਕੇ ਅੰਦਰ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਸਭ ਤੋਂ ਪਹਿਲਾਂ ਇਸ ਕਿਸਾਨ ਵੱਲੋਂ ਸ਼ੁਰੂ ਕੀਤੀ ਗਈ ਸੀ। ਸਾਲ 2014 ਵਿੱਚ ਕਿਸਾਨ ਨੇ ਦੋ ਏਕੜ ਰਕਬਾ ਹੈਪੀਸੀਡਰ ਨਾਲ ਬੀਜਿਆ ਅਤੇ ਬਿਨਾਂ ਕਿਸੇ ਖਰਚੇ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਇਸ ਤੋਂ ਬਾਅਦ ਕਿਸਾਨ ਨੇ ਆਪਈ ਕੰਬਾਈਨ ਉੱਪਰ ਐੱਸ.ਐਮ.ਐੱਸ. ਲਗਵਾਇਆ ਅਤੇ ਆਪਣਾ ਹੈਪੀਸੀਡਰ ਖ਼ਰੀਦ ਕੀਤਾ ਅਤੇ ਲਗਾਤਾਰ ਬਿਨਾਂ ਪਰਾਲੀ ਸਾੜਿਆਂ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਰਿਹਾ ਹੈ। ਇਸ ਤਕਨੀਕ ਨਾਲ ਜਿੱਥੇ ਕਿਸਾਨ ਦੇ ਖੇਤੀ ਖਰਚੇ ਘਟੇ ਹਨ ਉੱਥੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹੀ ਹੈ। ਵਾਤਾਵਰਣ ਪ੍ਰੇਮੀ ਕਿਸਾਨ ਤੋਂ ਸੇਧ ਲੈ ਕੇ ਹੋਰਨਾਂ ਕਿਸਾਨਾਂ ਨੇ ਵੀ ਇਸ ਤਕਨੀਕ ਨੂੰ ਅਪਣਾਇਆ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਘੱਟ ਕੀਤਾ। ਪ੍ਰੀਤਮ ਸਿੰਘ ਵੱਲੋ ਵਾਤਾਵਰਨ ਨੂੰ ਸ਼ੁੱਧ ਰੱਖਣ ਚ ਪਾਏ ਯੋਗਦਾਨ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਗਣਤੰਤਰਤਾ ਦਿਵਸ ਮੌਕੇ ਇਸ ਕਿਸਾਨ ਨੂੰ ਜ਼ਿਲ੍ਹਾ ਪੱਧਰੀ ਸਨਮਾਨ ਨਾਲ ਵੀ ਨਿਵਾਜਿਆ, ਜੋ ਕਿ ਖ਼ਜ਼ਾਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪ੍ਰਦਾਨ ਕੀਤਾ ਗਿਆ। ਹੋਰਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਬਾਰੇ ਖੇਤੀਬਾੜੀ ਵਿਭਾਗ ਵੱਲੋਂ ਪ੍ਰੀਤਮ ਸਿੰਘ ਕਿਸਾਨ ਦੇ ਖੇਤ ਵਿੱਚ ਕਈ ਵਾਰ ਪ੍ਰੋਗਰਾਮ ਵੀ ਉਲੀਕੇ ਜਾ ਚੁੱਕੇ ਹਨ ਅਤੇ ਇਹ ਕਿਸਾਨ ਹਮੇਸ਼ਾਂ ਖੇਤੀ ਮਾਹਿਰਾਂ ਦੇ ਸੰਪਰਕ 'ਚ ਰਹਿੰਦਾ ਹੈ, ਕਿਸਾਨ ਮੇਲਿਆਂ ਵਿੱਚ ਸ਼ਿਰਕਤ ਕਰਦਾ ਹੈ ਅਤੇ ਨਵੀਂ ਜਾਣਕਾਰੀ ਹਾਸਲ ਕਰਨ ਲਈ ਤੱਤਪਰ ਰਹਿੰਦਾ ਹੈ। ਸਾਨੂੰ ਸਭ ਨੂੰ ਇਸ ਕਿਸਾਨ ਤੋਂ ਕੁਝ ਸਿੱਖਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੇ ਮੱਦੇਨਜ਼ਰ ਪਰਾਲੀ ਨੂੰ ਬਿਨਾਂ ਸਾੜੇ ਫ਼ਸਲਾਂ ਦੀ ਕਾਸ਼ਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।