You are here

ਵਿਸ਼ਵ ਮਲੇਰੀਆ ਦਿਵਸ ‘ਤੇ ਵਿਸ਼ੇਸ਼ ✍️ ਪ੍ਰੋ.ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ

ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ, ਜੋ ਕਿ ਮੌਸਮੀ ਬਦਲਾਅ, ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਸੰਬੰਧੀ ਜਨ ਜਾਗਰੂਕਤਾ ਲਈ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਮਲੇਰੀਆ ਦਿਵਸ ਦੀ ਸਥਾਪਨਾ-
ਮਲੇਰੀਆ ਦਿਵਸ ਦੀ ਸਥਾਪਨਾ ਮਈ 2007 ਵਿੱਚ 60ਵੇਂ ਵਿਸ਼ਵ ਸਿਹਤ ਸਭਾ ਦੇ ਸੈਸ਼ਨ ਦੌਰਾਨ ਕੀਤੀ ਗਈ। ਮਲੇਰੀਆ ਦਿਵਸ ਪਹਿਲੀ ਵਾਰ 25 ਅਪ੍ਰੈਲ 2008 ਨੂੰ ਮਨਾਇਆ ਗਿਆ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਦੁਆਰਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਰੋਗ ਤੇ ਜਨਤਾ ਦਾ ਧਿਆਨ ਦਿਵਾਉਣਾ ਅਤੇ ਜਾਗਰੂਕ ਕਰਨਾ ਹੈ ਜਿਸਦੀ ਵਜ੍ਹਾ ਕਰਕੇ ਹਰ ਸਾਲ ਲੱਖਾਂ ਲੋਕ ਮਰਦੇ ਹਨ।
ਮਲੇਰੀਆ ਪ੍ਰਤੀ ਜਾਗਰੂਕਤਾ ਕਾਰਜ-
ਹਰ ਸਾਲ 25 ਅਪ੍ਰੈਲ ਵਾਲੇ ਦਿਨ ਸੰਸਾਰ ਵਿਚ ਵਿਸ਼ਵ ਮਲੇਰੀਆ ਦਿਵਸ ਨੂੰ ਵਿਸ਼ੇਸ਼ ਦਿਨ ਨੂੰ ਸਮਰਪਿਤ ਇਕ ਨਾਅਰਾ ਦਿੱਤਾ ਜਾਂਦਾ ਹੈ।ਵਿਸ਼ਵ ਸਿਹਤ ਸੰਸਥਾ ਦੇ ਨਿਰਦੇਸ਼ਾਂ 'ਤੇ ਹਰ ਦੇਸ਼ ਦੇ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ, ਸਰਕਾਰੀ, ਅਰਧ-ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ, ਪ੍ਰਾਈਵੇਟ ਅਦਾਰਿਆਂ, ਸਕੂਲਾਂ, ਕਾਲਜਾਂ ਤੇ ਪਿੰਡ ਪੱਧਰ 'ਤੇ ਇਸ ਦਿਨ ਵਿਸ਼ੇਸ਼ ਗੋਸ਼ਟੀਆਂ, ਸੈਮੀਨਾਰ, ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਲੈਕਚਰ, ਸਿਹਤ ਸਿੱਖਿਆ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਕਿਉਂ ਜੋ ਵਿਸ਼ਵ ਪੱਧਰ 'ਤੇ ਅਫਰੀਕਾ ਮਲੇਰੀਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ। ਅਫਰੀਕਾ ਵਿਚ ਮਲੇਰੀਆ ਦਿਵਸ ਨੂੰ ਮਈ 2007 ਵਿਚ ਵਿਸ਼ਵ ਮਲੇਰੀਆ ਦਿਵਸ ਦਾ ਨਾਂ ਦਿੱਤਾ ਗਿਆ। ਇਸ ਦਿਨ ਨੂੰ ਉਚਿਤ ਤਰੀਕੇ ਨਾਲ਼ ਮਨਾਉਣ ਲਈ ਵਿਸ਼ਵ ਸਿਹਤ ਸੰਸਥਾ ਵੱਲੋਂ ਸਬੰਧਤ ਦੇਸ਼ਾਂ ਨੂੰ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਅਫਰੀਕਾ ਵਿਚ 2012 ਵਿਚ ਮਲੇਰੀਏ ਨਾਲ ਕਰੀਬ 6 ਲੱਖ 27 ਹਜ਼ਾਰ ਮੌਤਾਂ ਹੋਈਆਂ ਸਨ।
ਮਲੇਰੀਆ ਕੀ ਹੈ -ਮਲੇਰੀਆ ਇਕ ਪ੍ਰਕਾਰ ਦੇ ਪਰਜੀਵੀ ਜਿਸ ਨੂੰ ‘ਪਲਾਜ਼ਮੋਡੀਅਮ’ ਦੇ ਰੂਪ ਵਿਚ ਜਾਣਿਆ ਜਾਂਦਾ ਹੈ| ਇਹ ਮੱਛਰ ਦੇ ਕੱਟਣ ਨਾਲ ਸ਼ੁਰੂ ਹੁੰਦਾ ਹੈ, ਜਿਸ ਨੂੰ ਆਮ ਤੌਰ ’ਤੇ ਐਨੋਫਲੀਜ਼ ਨਾਂ ਤੋਂ ਜਾਣਿਆ ਜਾਂਦਾ ਹੈ, ਇਹ ਮਾਦਾ ਮੱਛਰ ਹੀ ਉਸ ਪਰਜੀਵੀ ਨੂੰ ਸੰਚਾਰਿਤ ਕਰਦੀ ਹੈ| ਇਸ ਸੰਕ੍ਰਮਿਤ ਮੱਛਰ ਦੁਆਰਾ ਇਕ ਵਾਰ ਕੱਟੇ ਜਾਣ ਤੋਂ ਬਾਅਦ ਇਹ ਪਰਜੀਵੀ ਤੁਹਾਡੇ ਖ਼ੂਨ ਵਿਚ ਦਾਖ਼ਲ ਹੋ ਜਾਂਦਾ ਹੈ|ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਦੀ ਤੀਜੀ ਸਭ ਤੋਂ ਵੱਧ ਮਲੇਰੀਆ ਦਰ ਭਾਰਤ ਵਿੱਚ ਹੈ ਅਤੇ ਹਰ ਸਾਲ ਤਕਰੀਬਨ 1 ਕਰੋੜ 80 ਲੱਖ ਲੋਕਾਂ ਨੂੰ ਮਲੇਰੀਆ ਰੋਗ ਨਾਲ ਲੜਨਾ ਪੈਂਦਾ ਹੈ।

ਮਲੇਰੀਆ ਦੀਆਂ ਕਿਸਮਾਂ-
ਮਲੇਰੀਆ ਨੂੰ ਪਲਾਜ਼ਮੋਡੀਅਮ ਫੈਲਸੀਫੈਰਮ, ਪਲਾਜ਼ਮੋਡੀਅਮ ਵਾਈਵੈਕਸ, ਪਲਾਜ਼ਮੋਡੀਅ ਓਵੇਲ, ਪਲਾਜ਼ਮੋਡੀਅ ਮਲੇਰੀਆਈ ਨਾਮਕ ਚਾਰ ਕਿਸਮਾਂ 'ਚ ਵੰਡਿਆ ਗਿਆ ਹੈ।ਇਨ੍ਹਾਂ ਵਿੱਚੋਂ ਪੀ.ਵਾਈਵੈਕਸ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਅਤੇ ਪੀ.ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਭਾਰਤ ਅਤੇ ਪੰਜਾਬ ਅੰਦਰ ਮਲੇਰੀਆ ਦੇ ਜ਼ਿਆਦਾਤਰ ਕੇਸ ਪਲਾਜ਼ਮੋਡੀਅ ਵਾਈਵੈਕਸ ਦੇ ਪਾਏ ਜਾਂਦੇ ਹਨ ਅਤੇ ਪਲਾਜ਼ਮੋਡੀਅ ਫੈਲਸੀਫੈਰਮ ਦੇ ਕੇਸ ਬਹੁਤ ਘੱਟ ਹਨ।ਮਲੇਰੀਆ ਦਾ ਸੰਕ੍ਰਮਣ ਹੋਣ ਅਤੇ ਬਿਮਾਰੀ ਫੈਲਣ ਵਿੱਚ ਰੋਗਾਣੂ ਦੀ ਕਿਸਮ ਦੇ ਆਧਾਰ ਤੇ ਸੱਤ ਤੋ ਚਾਲੀ ਦਿਨਾਂ ਦਾ ਸਮਾਂ ਲੱਗ ਸਕਦਾ ਹੈ।
ਮਲੇਰੀਆ ਦੇ ਲੱਛਣ -ਮਲੇਰੀਆਂ ਦੇ ਸ਼ੁਰੂਆਤੀ ਦੌਰ ਵਿੱਚ ਸਰਦੀ-ਜ਼ੁਕਾਮ ਜਾਂ ਪੇਟ ਦੀ ਗੜਬੜੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸਦੇ ਬਾਅਦ ਸਿਰ, ਸਰੀਰ ਅਤੇ ਜੋੜਾਂ ਵਿੱਚ ਦਰਦ, ਠੰਡ ਲੱਗ ਕੇ ਬੁਖਾਰ ਹੋਣਾ, ਨਬਜ਼ ਤੇਜ਼ ਹੋ ਜਾਣਾ, ਉਲਟੀ ਜਾਂ ਪਤਲੇ ਦਸਤ ਲੱਗਣਾ ਆਦਿ ਲੱਛਣ ਹਨ ਪਰੰਤੂ ਜਦ ਬੁਖਾਰ ਅਚਾਨਕ ਚੜ੍ਹ ਕੇ 3-4 ਘੰਟੇ ਰਹਿੰਦਾ ਹੈ। ਬਹੁਤ ਤੇਜ਼ ਤਾਪਮਾਨ (104-106 ਡਿਗਰੀ ਫਾਰਨਹੀਟ), ਗਰਮ ਪੜਾਓ 1-4 ਘੰਟੇ ਦਾ ਹੁੰਦਾ ਹੈ ਅਤੇ ਇਸ ਤੋਂ ਬਾਅਦ ਪਸੀਨਾ ਆਉਣ ਦਾ ਪੜਾਓ 2-4 ਘੰਟੇ ਦਾ ਹੁੰਦਾ ਹੈ ਜਿਸ ਵਿੱਚ ਰੋਗੀ ਨੂੰ ਚੋਖਾ ਪਸੀਨਾ ਆਉਂਦਾ ਹੈ। ਮਲੇਰੀਆ ਰੋਗ ਦੇ ਆਵੇਗ ਜਾਂ ਇਸ ਦੇ ਦੌਰੇ ਤਿੰਨ ਦਿਨ ਤਕ ਚੱਲਦੇ ਹਨ ਅਤੇ ਅਚਾਨਕ ਉੱਤਰ ਜਾਂਦਾ ਹੈ ਇਸਨੂੰ ਮਲੇਰੀਆ ਦੀ ਸਭ ਤੋਂ ਖ਼ਤਰਨਾਕ ਸਥਿਤੀ ਮੰਨ੍ਹਿਆ ਜਾਂਦਾ ਹੈ। ਮਲੇਰੀਆ ਬੁਖ਼ਾਰ ਮਾਦਾ ਮੱਛਰ 'ਐਨਾਫਲੀਜ' ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਸਾਫ਼ ਪਾਣੀ 'ਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਇਸ ਦੇ ਲੱਛਣ ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ ਤੇ ਸਿਰਦਰਦ, ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਕਮਜ਼ੋਰੀ ਤੇ ਪਸੀਨਾ ਆਉਣਾ ਆਦਿ ਹੁੰਦੇ ਹਨ।

ਮਲੇਰੀਆ ਤੋਂ ਬਚਾਅ-
ਮਲੇਰੀਆ ਤੋਂ ਬਚਾਅ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਸਾਵਧਾਨੀ ਵਜੋਂ ਵਰਤੋਂ ਵਿੱਚ ਆਉਣ ਵਾਲੇ ਕੂਲਰ ਦਾ ਪਾਣੀ ਸਮੇਂ ਸਮੇਂ ਦੇ ਬਦਲਦੇ ਰਹਿਣਾ, ਟੈਂਕੀਆਂ ਨੂੰ ਢੱਕ ਕੇ ਰੱਖਣਾ, ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ, ਘਰਾਂ ਦੇ ਆਲੇ ਦੁਆਲੇ ਤੇ ਛੱਤਾਂ ਤੇ ਪਾਣੀ ਇੱਕਠਾ ਨਾ ਹੋਣ ਦੇਣਾ, ਮੱਛਰਦਾਨੀ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ
ਕੱਪੜਿਆਂ ਦੀ ਵਰਤੋਂ, ਮੱਛਰ ਸੰਬੰਧੀ ਕੀਟਨਾਸ਼ਕਾਂ ਆਦਿ ਦੀ ਯੋਗ ਵਰਤੋਂ ਸਦਕਾ ਮਲੇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ।ਇੱਥੇ ਇਹ ਵਰਣਨਯੋਗ ਹੈ ਕਿ ਮਲੇਰੀਆ ਤੋਂ ਪੀੜਤ ਰੋਗੀ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕਦੇ ਹਨ।।
ਭਾਰਤ ਵਿਚ ਮਲੇਰੀਆ ਸੰਚਾਰ ਦੇ ਉੱਚ ਜੋਖਮ ਖੇਤਰ:
ਭਾਰਤ ਵਿਚ ਮਲੇਰੀਆ ਇੱਕ ਜਨਤਕ ਸਿਹਤ ਸਮੱਸਿਆ ਹੈ| ਮਲੇਰੀਏ ਦੇ ਬਹੁਤੇ ਕੇਸ ਦੇਸ਼ ਦੇ ਪੂਰਬੀ ਅਤੇ ਮੱਧ ਹਿੱਸੇ ਤੋਂ, ਜੰਗਲਾਂ, ਪਹਾੜੀ ਅਤੇ ਕਬਾਇਲੀ ਖੇਤਰਾਂ ਵਾਲੇ ਰਾਜਾਂ ਤੋਂ ਰਿਪੋਰਟ ਕੀਤੇ ਜਾਂਦੇ ਹਨ|  ਇਨ੍ਹਾਂ ਰਾਜਾਂ ਵਿੱਚ ਓਡੀਸ਼ਾ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਕੁਝ ਉੱਤਰ-ਪੂਰਬੀ ਰਾਜ ਜਿਵੇਂ ਤ੍ਰਿਪੁਰਾ, ਮੇਘਾਲਿਆ ਅਤੇ ਮਿਜ਼ੋਰਮ ਸ਼ਾਮਲ ਹਨ| ਭਾਰਤ ਵਿਚ ਮਲੇਰੀਆ ਦੇ ਕੇਸ 2001 ਵਿਚ 2.08 ਮਿਲੀਅਨ ਤੋਂ ਘਟ ਕੇ 2017 ਵਿਚ 8.4 ਲੱਖ ਹੋ ਗਏ ਹਨ|
ਜਾਗਰੂਕਤਾ ਹੀ ਬਚਾਓ
- ਘਰਾਂ ਦੇ ਆਲੇ-ਦੁਆਲੇ ਛੋਟੇ ਟੋਇਆਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ।
- ਛੱਪੜਾਂ 'ਚ ਖੜ੍ਹੇ ਪਾਣੀ 'ਤੇ ਕਾਲੇ ਤੇਲ ਦਾ ਛਿੜਕਾਅ ਕਰੋ।

- ਅਜਿਹੇ ਕੱਪੜੇ ਪਹਿਨੋ, ਜਿਸ ਨਾਲ ਪੂਰਾ ਸਰੀਰ ਢਕਿਆ ਰਹੇ ਤਾਂ ਜੋ ਮੱਛਰ ਨਾ ਕੱਟ ਸਕਣ।
- ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ।
- ਹਰ ਹਫ਼ਤੇ ਕੂਲਰ, ਟੈਂਕੀ, ਗਮਲਿਆਂ 'ਚ ਪਾਣੀ ਬਦਲਿਆ ਜਾਵੇ।
- ਛੱਤ 'ਤੇ ਪਏ ਕਬਾੜ, ਟੁੱਟੇ ਬਰਤਨਾਂ ਵਿਚਲਾ ਪਾਣੀ ਨਸ਼ਟ ਕਰ ਦੇਵੋ।
ਮਲੇਰੀਆ ਦੇ ਮਰੀਜ਼ਾਂ ਦਾ ਟੈਸਟ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ 'ਚ ਮੁਫ਼ਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ 'ਪੰਜਾਬ ਮਲੇਰੀਆ ਖ਼ਾਤਮਾ ਮੁਹਿੰਮ' ਅਧੀਨ ਸੂਬੇ ਦੇ ਸਮੁੱਚੇ 22 ਜ਼ਿਲ੍ਹਿਆਂ 'ਚ 2021 ਤਕ ਮਲੇਰੀਆ ਦੇ ਖ਼ਾਤਮੇ ਦਾ ਟੀਚਾ ਮਿੱਥਿਆ ਹੈ। ਮਲੇਰੀਆ ਦਾ ਇਲਾਜ ਸੰਭਵ ਹੈ ਬੱਸ ਜ਼ਰੂਰਤ ਹੈ ਸਹੀ ਸਮੇਂ ਤੇ ਇਲਾਜ ਕਰਨ ਦੀ। ਮਲੇਰੀਆ ਤੋਂ ਬਚਾਓ ਲਈ ਸਰਕਾਰ ਵਲੋਂ ਅਪਣੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸਾਡਾ ਸਭ ਦਾ ਵੀ ਫਰਜ਼ ਹੈ ਕਿ ਅਸੀਂ ਵਿਸ਼ਵ ਪੱਧਰ ਤੇ ਚੱਲ ਰਹੀ ਮਲੇਰੀਆ ਤੋਂ ਲੋਕਾਂ ਨੂੰ ਬਚਾਉਣ ਦੀ ਇਸ ਮੁਹਿੰਮ ਵਿੱਚ ਸਾਥ ਦੇਈਏ ਅਤੇ ਲੋਕਾਂ ਨੂੰ ਜਾਗਰੂਕ ਕਰੀਏ।  
ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ ।