You are here

ਬਜ਼ੁਰਗ ਮਾਤਾ ਨੇ 26ਵੇਂ ਦਿਨ ਵੀ ਥਾਣੇ ਮੂਹਰੇ ਰੱਖੀ ਭੁੱਖ ਹੜਤਾਲ 

ਧਰਨਾ 33ਵੇਂ ਦਿਨ ਵੀ ਰਿਹਾ ਜਾਰੀ

ਡਾ. ਅੰਬੇਡਕਰ ਟ੍ਰਸਟ ਨੇ ਵੀ ਦਿੱਤਾ ਧਰਨੇ ਨੂੰ ਸਮਰਥਨ 

ਜਗਰਾਉਂ 24 ਅਪ੍ਰੈਲ ( ਮਨਜਿੰਦਰ ਗਿੱਲ )  ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਪੀੜ੍ਹਤ ਪਰਿਵਾਰ ਵਲੋਂ ਥਾਣਾ ਸਿਟੀ 'ਚ  ਦਰਜ ਮੁਕੱਦਮੇ ਦੇ ਦੋਸ਼ੀ ਡੀਅੈਸਪੀ, ਅੈਸਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ 33ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਪੁਲਿਸ ਅੱਤਿਆਚਾਰ ਕਾਰਨ ਨਕਾਰਾ ਹੋ ਕੇ ਰੱਬ ਨੂੰ ਪਿਆਰੀ ਹੋ ਚੁੱਕੀ ਨੌਜਵਾਨ ਧੀ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਅੱਜ 26ਵੇਂ ਦਿਨ ਵੀ ਭੁੱਖ ਹੜਤਾਲ ਬੈਠੀ ਰਹੀ। ਅੱਜ ਦੇ ਧਰਨੇ ਵਿੱਚ ਡਾਕਟਰ ਅੰਬੇਡਕਰ ਟ੍ਰਸਟ ਦੇ ਆਗੂਆਂ ਮਾਸਟਰ ਰਣਜੀਤ ਸਿੰਘ ਤੇ ਮਾਸਟਰ ਅਮਰਜੀਤ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਆਰਥਿਕ ਸਹਾਇਤਾ ਕਰਦਿਆਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਇਸ ਸਮੇਂ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਕਨਵੀਨਰ ਮਨੋਹਰ ਸਿੰਘ ਝੋਰੜਾਂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸੰਬੋਧਨ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਅਾਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਉੱਚ ਪੁਲਿਸ ਅਧਿਕਾਰੀਆਂ ਦੇ ਪੱਖ-ਪਾਤੀ ਵਤੀਰੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦੋਸ਼ੀਆਂ ਨੇ ਸਾਜਿਸ਼ ਅਧੀਨ ਗਰੀਬ ਪਰਿਵਾਰ ਨੂੰ ਅੱਤਿਆਚਾਰ ਕਰਕੇ ਪੂਰੀ ਤਰਾਂ ਉਜ਼ਾੜ ਦਿੱਤਾ ਹੈ, ਹੁਣ ਪੰਜਾਬ ਸਰਕਾਰ ਨਿਆਂ ਨਾਂ ਦੇ ਕੇ ਨਾਂ ਸਿਰਫ਼ ਕਾਨੂੰਨ ਦੀ ਉਲੰਘਣਾ ਕਰ ਰਹੀ ਏ ਸਗੋਂ ਪੀੜ੍ਹਤ ਪਰਿਵਾਰ ਤੇ ਹੋਰ ਵੀ ਅੱਤਿਆਚਾਰ ਕਰ ਰਹੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਪਿਛਲੇ ਡੇਢ ਦਹਾਕੇ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਦੋਵੇਂ ਪਰਿਵਾਰਾਂ ਦੀਆਂ ਦੋ ਧੀਆਂ ਦੀ ਜਾਨ ਜਾਣ ਤੋਂ ਬਾਦ ਦਰਜ ਹੋਈ ਇਕ ਅੈਫ.ਆਈ.ਆਰ. ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਾਲ 2004-05 ਦੁਰਾਨ ਸਿਟੀ ਥਾਣਾ ਹੋੰਦ ਵਿੱਚ ਨਹੀਂ ਸੀ ਫਿਰ ਵੀ ਗੁਰਿੰਦਰ ਬੱਲ ਆਪਣੇ ਅਾਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦਾ ਸੀ ਅਤੇ ਲੋਕਾਂ 'ਤੇ ਅੱਤਿਆਚਾਰ ਕਰਦਾ ਸੀ ਜਦਕਿ ਰਿਕਾਰਡ ਮੁਤਾਬਕ ਥਾਣਾ ਸਿਟੀ 2010 ਵਿੱਚ ਬਣਿਆ ਹੈ ਅਰਥਾਤ 2004-05 ਵਿੱਚ ਥਾਣਾ ਸਿਟੀ ਹੋਂਦ ਵਿੱਚ ਨਹੀਂ ਸੀ ਅਤੇ ਗੁਰਿੰਦਰ ਬੱਲ ਨਾਂ ਸਿਰਫ਼ ਜਾਅਲ਼ੀ ਥਾਣਾਮੁਖੀ ਸੀ ਸਗੋਂ ਥਾਣੇਦਾਰ (ਸਬ-ਇੰਸਪੈਕਟਰ) ਵੀ ਜਾਅਲ਼ੀ ਸੀ ਭਾਵ ਉਸ ਕੋਲ 2005 ਵਿੱਚ ਸਬ-ਇੰਸਪੈਕਟਰ ਰੈੰਕ ਨਹੀਂ ਸੀ ਮਤਲਬ ਕਾਨੂੰਨ ਅਨੁਸਾਰ ਕਿਸੇ ਥਾਣੇ ਦਾ ਮੁਖੀ ਸਬ-ਇੰਸਪੈਕਟਰ ਤੋਂ ਘੱਟ ਨਹੀਂ ਲੱਗ ਸਕਦਾ। ਰਸੂਲਪੁਰ ਅਨੁਸਾਰ ਜਦ ਉਸ ਨੇ ਇਸ ਸਬੰਧੀ ਡੀ.ਜੀ.ਪੀ., ਡੀ.ਆਈ.ਜੀ. ਤੇ ਅੈਸ.ਅੈਸ.ਪੀ.ਦਫ਼ਤਰ ਤੋਂ ਰਿਕਾਰਡ ਮੰਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁਰਿੰਦਰ ਬੱਲ ਉਸ ਸਮੇਂ ਦੇ ਅਫਸਰਾਂ ਦੇ ਜਬਾਨੀ ਹੁਕਮਾਂ ਤੇ ਥਾਣਾ ਮੁਖੀ ਲੱਗਾ ਸੀ ਭਾਵ ਥਾਣਾ ਨਾਂ ਹੋਣ ਕਾਰਨ ਕੋਈ ਲਿਖਤੀ ਹੁਕਮ ਜਾਰੀ ਨਹੀਂ ਸਨ ਕੀਤੇ। ਰਸੂਲਪੁਰ ਨੇ ਅੱਗੇ ਕਿਹਾ ਕਿ ਕੁੱਤੀ ਚੋਰਾਂ ਨਾਲ ਰਲ਼ੀ ਹੋਈ ਸੀ ਸਭ ਨੇ ਰਲ਼ ਕੇ ਜਗਰਾਉਂ ਦੇ ਲੋਕਾਂ ਨੂੰ ਨਾਲ਼ੇ ਕੁੱਟਿਆ ਤੇ ਨਾਲ਼ੇ ਲੁੱਟਿਆ। ਉਨਾਂ ਕਿਹਾ ਜੇਕਰ ਉੱਚ ਪੱਧਤੀ ਜਾਂਚ ਕਰਵਾਈ ਜਾਵੇ ਤਾਂ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਸਕੈਂਡਲ਼ ਸਾਹਮਣੇ ਆ ਜਾਵੇਗਾ। ਪ੍ਰੈਸ ਨੂੰ ਜਾਰੀ ਇਕ ਵੱਖਰੇ ਬਿਆਨ ਰਾਹੀਂ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਮਈ ਦਿਵਸ ਮਨਾਉਂਣ ਲਈ ਅਤੇ ਭਵਿੱਖ ਦੀ ਯੋਯਨਾਬੰਦੀ ਲਈ ਆਉਣ ਵਾਲੀ 26 ਅਪ੍ਰੈਲ ਸੰਘਰਸ਼ ਲੜ੍ਹ ਰਹੀਆਂ ਸਾਰੀਆਂ ਜੱਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਬੁਲਾੲੀ ਗਈ ਹੈ।