23 ਅਪਰੈਲ 'ਤੇ ਵਿਸ਼ੇਸ਼ ਵਿਸ਼ਵ ਪੁਸਤਕ ਦਿਹਾੜੇ ਨੂੰ ਸਮਰਪਿਤ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਵਿਸ਼ਵ ਪੱਧਰ 'ਤੇ ਅਲੱਗ-ਅਲੱਗ ਦਿਹਾੜੇ ਮਨਾਉਣ ਦੀ ਰਵਾਇਤ ਵਿੱਚ ਸਭ ਤੋਂ ਖ਼ੂਬਸੂਰਤ ਦਿਹਾੜਿਆਂ ਦੀ ਜਦੋਂ ਗੱਲ ਕੀਤੀ ਜਾਵੇਗੀ ਤਾਂ ਪਹਿਲ ਦੇ ਆਧਾਰ 'ਤੇ ਵਿਸ਼ਵ ਕਿਤਾਬ ਦਿਹਾੜੇ ਦਾ ਜ਼ਿਕਰ ਕਰਨਾ ਬਣਦਾ ਹੀ ਹੈ।

ਵਿਸ਼ਵ ਪੁਸਤਕ ਦਿਹਾੜਾ ਹਰ ਸਾਲ 23 ਅਪ੍ਰੈਲ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ ਪਹਿਲਾ ਪੁਸਤਕ ਦਿਹਾੜਾ ਸਾਲ 1995 ਨੂੰ ਮਨਾਇਆ ਗਿਆ ਸੀ। ਇਸ ਦਿਹਾੜੇ ਦੀ ਤਰੀਕ ਬੜੀ ਹੀ ਸੋਚ ਸਮਝ ਕੇ ਰੱਖੀ ਗਈ ਹੈ। ਇਹ ਵਿਚਾਰ ਇਕ ਲੇਖਕ ਵੀ.ਸੀ. ਐਂਡਰਸ ਨੇ ਦਿੱਤਾ ਸੀ ਕਿ ਇਸ ਦਿਹਾੜੇ ਨੂੰ ਮਿਗੈਲ ਦੀ ਸਰਵਾਂਤੇਸ (23 ਅਪ੍ਰੈਲ, 1616) ਦੀ ਬਰਸੀ ਦੇ ਤੌਰ 'ਤੇ ਮਨਾਇਆ ਜਾਵੇ। ਕਿਉਂਕਿ ਇਸ ਮਹਾਨ ਲੇਖਕ ਦੀ ਮੌਤ 23 ਅਪ੍ਰੈਲ ਦੇ ਦਿਨ ਹੋਈ ਸੀ। ਇਹ ਇਕ ਮਹਾਨ ਸਪੇਨੀ ਲੇਖਕ ਅਤੇ ਨਾਵਲਕਾਰ ਸੀ। ਉਸ ਨੂੰ 'ਹਾਜ਼ਰ ਜਵਾਬੀ ਦਾ ਸ਼ਹਿਜ਼ਾਦਾ' ਵੀ ਆਖਿਆ ਜਾਂਦਾ ਸੀ। ਇਸ ਤਰ੍ਹਾਂ ਇਸ ਦਿਨ ਵਿਸ਼ਵ ਪੱਧਰ ਦੇ ਬਹੁਤ ਬਾਰੇ ਲੇਖਕਾਂ ਅਤੇ ਵਿਦਵਾਨਾਂ ਦੇ ਜਨਮ ਦਿਨ ਅਤੇ ਬਰਸੀ ਵੀ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਮਹਾਨ ਵਿਅਕਤੀਆਂ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਮਹਾਨ ਲੇਖਕ ਵਿਲੀਅਮ ਸ਼ੈਕਸਪੀਅਰ ਦਾ ਜਨਮ ਅਤੇ ਮੌਤ ਅਪ੍ਰੈਲ ਮਹੀਨੇ (26 ਅਪ੍ਰੈਲ, 1564-23 ਅਪ੍ਰੈਲ, 1616) ਹੋਈ ਸੀ। ਇੰਕਾ ਗਾਰਸੀਲਾਸੋ ਡੇਲਾ ਵੇਗਾ (12 ਅਪ੍ਰੈਲ, 1539- 23 ਅਪ੍ਰੈਲ, 1616) ਇਹ ਵੀ ਇਕ ਮਹਾਨ ਲੇਖਕ ਅਤੇ ਇਤਿਹਾਸਕਾਰ ਸੀ। ਇਸ ਦਾ ਜਨਮ ਪੇਰੂ ਵਿਚ ਅਤੇ ਮੌਤ ਸਪੇਨ ਵਿਚ ਹੋਈ ਸੀ। ਜ਼ੌਸੇਪ ਪਲਾ ਇਕ ਮਸ਼ਹੂਰ ਲੇਖਕ ਅਤੇ ਸਪੇਨੀ ਪੱਤਰਕਾਰ ਸੀ ਜਿਸ ਦਾ ਜਨਮ 8 ਮਾਰਚ, 1897 ਅਤੇ ਮੌਤ 23 ਅਪ੍ਰੈਲ, 1981 ਨੂੰ ਸਪੇਨ ਵਿਖੇ ਹੀ ਹੋਈ ਸੀ। ਉਸ ਨੇ ਫ਼ਰਾਂਸ, ਇਟਲੀ, ਇੰਗਲੈਂਡ, ਜਰਮਨ ਅਤੇ ਰੂਸ ਵਿਚ ਪੱਤਰਕਾਰੀ ਕੀਤੀ।

ਯੂਨੈਸਕੋ ਦੀ ਆਮ ਸਭਾ ਵਲੋਂ ਪੁਸਤਕ ਅਤੇ ਲੇਖਕਾਂ ਨੂੰ ਇਸ ਦਿਨ ਯਾਦ ਕਰਨ ਅਤੇ ਆਮ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਵਿਚ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਦਾ ਉਦੇਸ਼ ਵੀ ਇਸ ਦਿਵਸ ਨੂੰ ਪੁਸਤਕ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਕਾਰਨ ਬਣਿਆ। 

ਇਸ ਵਿਸ਼ੇਸ਼ ਮੌਕੇ 'ਤੇ ਸੰਸਥਾ ਯੂਨੈਸਕੋ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ 'ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ' ਦਾ ਦਰਜਾ ਪ੍ਰਧਾਨ ਕਰਦੀ ਹੈ। ਉਹ ਸ਼ਹਿਰ ਉਸ ਵਿਸ਼ੇਸ਼ ਸਾਲ ਜੋ 23 ਅਪ੍ਰੈਲ ਤੋਂ ਅਗਲੇ ਸਾਲ 22 ਅਪ੍ਰੈਲ ਤੱਕ ਹੁੰਦਾ ਹੈ। 

ਪੁਸਤਕਾਂ ਪੜ੍ਹਨ ਵਿੱਚ ਰੁਚੀ ਪੈਦਾ ਕਰਨ ਲਈ, ਪੁਸਤਕਾਂ ਦੀ ਮਹੱਤਤਾ ਬਾਰੇ ਸਮਝਣ ਲਈ ਕੁਝ ਮਹਾਨ ਸ਼ਖ਼ਸੀਅਤਾਂ ਦੇ ਵਿਚਾਰ ਵੀ ਇੱਥੇ ਤੁਹਾਡੇ ਨਾਲ਼ ਸਾਂਝੇ ਕਰਨੇ ਜ਼ਰੂਰੀ ਹਨ।

ਗੁਰਬਖ਼ਸ਼ ਸਿੰਘ ਪ੍ਰੀਤਲੜੀ ਕਹਿੰਦੇ ਹਨ ਕਿ ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ।

ਗੰਗਾਧਰ ਤਿਲਕ ਕਹਿੰਦੇ ਹਨ ਕਿ ਮੈਂ ਨਰਕ ਵਿਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਪੁਸਤਕਾਂ ਵਿੱਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।

ਗੁਰਦਿਆਲ ਸਿੰਘ ਕਹਿੰਦੇ ਹਨ ਕਿ ਜੇਕਰ ਪੁਸਤਕਾਂ ਨਾ ਹੁੰਦੀਆਂ ਤਾਂ ਸੰਸਾਰ ਵਿਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ।

ਰਸੂਲ ਹਮਜ਼ਾਤੋਵ ਕਹਿੰਦੇ ਹਨ ਕਿ ਕਿਤਾਬਾਂ ਤੋਂ ਬਿਨਾਂ ਕੋਈ ਜਾਤੀ ਉਸ ਆਦਮੀ ਵਰਗੀ ਹੈ, ਜਿਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਵੇ।

ਥਾਮਸ ਕਾਰਲਾਇਲ ਕਹਿੰਦੇ ਹਨ ਕਿ ਮਨੁੱਖਤਾ ਨੇ ਜੋ ਕੁਝ ਸੋਚਿਆ ਅਤੇ ਹਾਸਿਲ ਕੀਤਾ, ਇਹ ਜਾਦੂ ਕਿਤਾਬਾਂ ਵਿੱਚ ਬੰਦ ਹੈ।

ਸਿਸਰੋ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਘਰ 'ਚ ਚੰਗੀਆਂ ਕਿਤਾਬਾਂ ਦੀ ਲਾਇਬ੍ਰੇਰੀ ਬਣਾ ਲੈਂਦੇ ਹੋ ਤਾਂ ਸਮਝੋ ਤੁਹਾਡੇ ਘਰ ਵਿੱਚ ਆਤਮਾ ਧੜਕਣ ਲੱਗ ਪਈ ਹੈ। 

ਅਜਿਹੇ ਹੋਰ ਮਹਾਨ ਵਿਚਾਰ ਵੱਖੋ-ਵੱਖ ਮਹਾਨ ਸ਼ਖ਼ਸੀਅਤਾਂ ਦੇ ਤਜ਼ੁਰਬੇ ਵਿੱਚੋਂ ਨਿਕਲੇ ਤੁਹਾਨੂੰ ਪੜ੍ਹਨ ਤੇ ਸਮਝਣ ਲਈ ਮਿਲ਼ ਜਾਣਗੇ।ਪੜ੍ਹਦਿਆਂ-ਪੜ੍ਹਦਿਆਂ ਤੁਸੀਂ ਖ਼ੁਦ ਅਜਿਹੇ ਵਿਚਾਰ ਦੇਣ ਦੇ ਯੋਗ ਹੋ ਜਾਵੋਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਵਿਚਾਰਾਂ ਤੋਂ ਪ੍ਰਭਾਵਿਤ ਹੋਕੇ ਪ੍ਰੇਰਿਤ ਮਹਿਸੂਸ ਕਰਨਗੀਆਂ। ਇਹ ਸਭ ਕੁਝ ਤਾਂ ਹੀ ਸੰਭਵ ਹੋਵੇਗਾ ਜੇ ਤੁਹਾਡੀ ਪੜ੍ਹਨ ਦੀ ਰੁਚੀ,ਪੜ੍ਹਨ ਦੇ ਜਨੂੰਨ ਤੱਕ ਦਾ ਸਫ਼ਰ ਤੈਅ ਕਰੇਗੀ। ਤੁਸੀਂ ਇਹ ਸਫ਼ਰ ਆਪਣੇ ਘਰ ਤੋਂ ਮਾਂ-ਪਿਓ ਦੇ ਸਹਿਯੋਗ ਨਾਲ਼ ਸਕੂਲ/ਕਾਲਜ ਅਧਿਆਪਕ ਸਾਹਿਬਾਨ ਦੀ ਯੋਗ ਅਗਵਾਈ ਸਦਕਾ ਸੋਹਣਾ ਤੈਅ ਕਰੋਂਗੇ। ਅਧਿਆਪਨ ਕਿੱਤੇ ਨਾਲ਼ ਜੁੜੇ ਹਰ ਇਨਸਾਨ ਦਾ ਇਹ ਨੈਤਿਕ ਫ਼ਰਜ਼ ਵੀ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਵੀ ਵੱਧ ਤੋਂ ਵੱਧ ਪੁਸਤਕਾਂ ਨਾਲ਼ ਜੋੜੇ। ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਮਾਪੇ ਤੇ ਅਧਿਆਪਕ ਦੋਵਾਂ ਨੂੰ ਹੀ ਪਹਿਲਾਂ ਖ਼ੁਦ ਕਿਤਾਬਾਂ ਪੜ੍ਹਨ ਦਾ ਮੋਹ ਪਾਲਣਾ ਲਾਜ਼ਮੀ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਹੈ ਕਿ ਸਾਡੇ ਸਭ ਦੇ ਘਰ ਵਿੱਚ ਘੱਟੋ-ਘੱਟ ਇੱਕ ਇੱਕ ਪੁਸਤਕਾਲਿਆ (ਕਿਤਾਬ ਘਰ) ਜ਼ਰੂਰ ਹੋਣਾ ਚਾਹੀਦਾ। ਸਭ ਤੋਂ ਸੋਹਣੀ ਗੱਲ ਸਾਡੇ ਪਰਿਵਾਰਾਂ ਵਿੱਚ ਮਾਂਵਾਂ, ਧੀਆਂ, ਪਤਨੀਆਂ ਦੇ ਵੀ ਵੱਖੋ-ਵੱਖ ਕਮਰਿਆਂ ਵਿੱਚ ਨਿੱਕੇ-ਨਿੱਕੇ ਕਿਤਾਬ ਘਰ ਹੋਣ ਤਾਂ ਸੱਚੀਂ ਸੋਨੇ ਤੇ ਸੁਹਾਗਾ ਹੋ ਨਿਬੜੇਗਾ। ਇੱਥੇ ਨਾਲ਼ ਹੀ ਇਹ ਕੋਸ਼ਸ਼ ਵੀ ਬਹੁਤ ਚੰਗੀ ਰਹੇਗੀ ਕਿ ਜਨਮ-ਦਿਨ 'ਤੇ ਕਿਤਾਬਾਂ ਦੇ ਤੋਹਫ਼ੇ ਦਿੱਤੇ ਜਾਣ, ਵਿਆਹ ਸਮਾਗਮਾਂ ਦੌਰਾਨ( ਕੋਸ਼ਸ਼ ਰਹੇ ਹਰ ਖ਼ੁਸ਼ੀ ਗਮੀ ਮੌਕੇ) ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਜ਼ਰੂਰ ਲਗਵਾਈਆਂ ਜਾਣ, ਹੋ ਸਕਦਾ ਇਸੇ ਬਹਾਨੇ ਬੰਦ ਕਮਰਿਆਂ ਵਿੱਚ ਪਈਆਂ ਕਿਤਾਬਾਂ ਕਿਸੇ ਦੀ ਜ਼ਿੰਦਗੀ ਦੇ ਨਵੇਂ ਰਾਹ ਖੋਲ੍ਹ ਦੇਣ। ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਉਹਨਾਂ ਅੱਗੇ ਚੰਗੀਆਂ-ਚੰਗੀਆਂ ਪੁਸਤਕਾਂ ਦੀ ਸਮੇਂ-ਸਮੇਂ ਸਿਫ਼ਤ ਕਰਦੇ ਰਹੋ,ਪੜ੍ਹਨ ਦਾ ਸਬੱਬ ਬੱਚੇ ਯਕੀਕਨ ਆਪਣੇ-ਆਪ ਬਣਾਉਣਗੇ। ਅਖ਼ੀਰ ਤੇ ਮੇਰੀ ਕਲਮ ਤੇ ਮੇਰੇ ਇਲਮ ਹਿੱਸੇ ਜੋ ਕਿਤਾਬ ਦੇ ਅਰਥ ਆਏ ਇਹਨਾਂ ਨੂੰ ਸਮਝਣ ਦੀ ਕੋਸ਼ਸ਼ ਜ਼ਰੂਰ ਕਰਨਾ। 

ਕਿ-ਕੱਕੇ ਸਿਹਾਰੀ ਨੇ ਦੇਣਾ 'ਕਿਰਦਾਰ' ਤੈਨੂੰ 

ਤਾ-ਤੱਤਾ ਕੰਨਾ ਰੱਖੇਗਾ 'ਤਾਲੀਮ' ਕੋਲ਼ ਤੇਰੇ।

ਬ-ਬੱਬਾ ਬਖ਼ਸ਼ੇਗਾ ਕੋਈ 'ਬਖ਼ਸ਼ੀਸ਼' ਐਸੀ,  

ਸਦਾ ਜਿਉਂਦੇ ਰਹਿਣਗੇ ਜੱਗ ਤੇ 'ਬੋਲ' ਤੇਰੇ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)