ਸਾਰੇ ਯੋਗ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਸਕੀਮ ਦਾ ਦਿੱਤਾ ਜਾਵੇ ਲਾਭ  : ਪਰਨੀਤ ਸ਼ੇਰਗਿੱਲ

ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ 24 ਅਪਰੈਲ ਤੋਂ 01 ਮਈ ਤੱਕ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ

 

ਡਿਪਟੀ ਕਮਿਸ਼ਨਰ ਵੱਲੋਂ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਤੇ ਬੈਂਕਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

 

ਫ਼ਤਹਿਗੜ੍ਹ ਸਾਹਿਬ, 22 ਅਪਰੈਲ  (ਰਣਜੀਤ ਸਿੱਧਵਾਂ)  : ਕਿਸਾਨ ਕਰੈਡਿਟ ਕਾਰਡ ਸਕੀਮ ਸਮੇਤ ਖੇਤੀਬਾੜੀ ਗਤੀਵਿਧੀਆਂ ਲਈ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਅਤੇ ਤੈਅ ਸਮੇਂ ਉਤੇ ਵੱਖ-ਵੱਖ ਸਕੀਮਾਂ ਦਾ ਲਾਭ ਕਿਸਾਨਾਂ ਨੂੰ ਦੇਣ ਦੇ ਮਕਸਦ ਨਾਲ 24 ਅਪਰੈਲ 2022 ਤੋਂ 01 ਮਈ 2022 ਤੱਕ "ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ" ਮੁਹਿੰਮ ਤਹਿਤ ਸਕੀਮਾਂ ਬਾਰੇ ਜਾਗਰੂਕ ਕਰ ਕੇ ਯੋਗ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿਲ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਤਹਿਤ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇ਼ਰਗਿੱਲ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ, ਵੱਖ-ਵੱਖ ਵਿਭਾਗਾਂ, ਨਬਾਰਡ ਅਤੇ ਸਥਾਨਕ ਸਰਕਾਰਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਇਸੇ ਤਹਿਤ ਬੈਂਕਾਂ ਵੱਲੋਂ ਕਿਸਾਨ ਕਰੈਡਿਟ ਕਾਰਡ (ਕੇ.ਸੀ.ਸੀ.) ਦੀ ਸੈਂਕਸ਼ਨ ਲਈ ਕਦਮ ਚੁੱਕੇ ਜਾਣਗੇ। 24 ਅਪਰੈਲ ਨੂੰ ਜ਼ਿਲ੍ਹੇ ਦੀਆਂ ਪੰਚਾਇਤਾਂ ਵਿਸ਼ੇਸ਼ ਗਰਾਮ ਸਭਾਵਾਂ ਸੱਦਣਗੀਆਂ ਤੇ ਜਿਹੜੇ ਕਿਸਾਨਾਂ ਦੇ ਕੇ.ਸੀ.ਸੀ. ਨਹੀਂ ਹਨ, ਉਨ੍ਹਾਂ ਦੇ ਫਾਰਮ ਸਬੰਧਿਤ ਸਰਪੰਚ ਵੱਲੋਂ ਭਰਵਾਏ ਜਾਣਗੇ। ਸਰਪੰਚ ਇਨ੍ਹਾਂ ਸਭਾਵਾਂ ਵਿੱਚ ਵੱਧ ਤੋਂ ਵੱਧ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਤੇ ਜਿਹੜੇ ਫਾਰਮ ਰਹਿ ਜਾਣਗੇ, ਉਹ 25 ਅਪਰੈਲ ਤੋਂ 01 ਮਈ 2022 ਦੌਰਾਨ ਭਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਯੋਗ ਕਿਸਾਨਾਂ ਅਤੇ ਡੇਅਰੀ ਤੇ ਮੱਛੀ ਪਾਲਕਾਂ ਨੂੰ ਇਹ ਲਾਭ ਦਿੱਤਾ ਜਾਣਾ ਹੈ। ਇਸ ਲਈ ਸਾਰੇ ਭਾਈਵਾਲ ਇਸ ਮੁਹਿੰਮ ਨੂੰ ਸਫ਼ਲ ਬਨਾਉਣਾ ਯਕੀਨੀ ਬਨਾਉਣ। ਮੀਟਿੰਗ ਦੌਰਾਨ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਜਸਵੰਤ ਸਿੰਘ ਨੇ ਕਿਸਾਨਾਂ ਨੂੰ ਕੇ.ਸੀ.ਸੀ. ਮੁਹੱਈਆ ਕਰਵਾਉਣ ਦੀ ਲੋੜ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਸਮੂਹ ਭਾਈਵਾਲ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਤਾਂ ਜੋ ਕਿਸਾਨ ਵੱਖ-ਵੱਖ ਸਕੀਮਾਂ ਦਾ ਲਾਭ ਲੈ ਕੇ ਤਰੱਕੀ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਕੇ.ਸੀ.ਸੀ.ਸਬੰਧੀ ਕੇਸਾਂ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ-ਅੰਦਰ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਨਬਾਰਡ ਦੇ ਕਲੱਸਟਸ ਅਫ਼ਸਰ ਸ਼੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਸਮੂਹ ਭਾਈਵਾਲਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਹੜਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਨਬਾਰਡ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਤਹਿਤ ਉਚੇਚੇ ਤੌਰ ਉਤੇ ਫਾਇਨਾਂਸ਼ੀਅਲ ਲਿਟਰੇਸੀ ਕੈਂਪ ਵੀ ਲਾਏ ਜਾਣਗੇ। ਇਸ ਮੌਕੇ ਆਰ.ਸੇ.ਟੀ. ਸਰਹਿੰਦ ਦੇ ਡਾਇਰੈਕਟਰ, ਸ਼੍ਰੀ ਏ.ਸੀ. ਸ਼ਰਮਾ ਵੀ ਹਾਜ਼ਰ ਸਨ।