ਜੀ. ਐਚ.ਜੀ. ਅਕੈਡਮੀ, ਵਿਖੇ ਮਨਾਇਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ

ਜਗਰਾਉ 21 ਅਪ੍ਰੈਲ (ਅਮਿਤਖੰਨਾ) ਜੀ. ਐਚ. ਜੀ .ਅਕੈਡਮੀ, ਜਗਰਾਓਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਇਸ ਮੌਕੇ ਤੇ ਨੌਵੀਂ ਜਮਾਤ ਅਜੀਤ ਹਾਊਸ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਗੁਰੂ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ।ਉਸ ਨੇ ਦੱਸਿਆ ਕਿ ਗੁਰੂ ਜੀ ਨੂੰ ਪੰਜਾਬੀ, ਬ੍ਰਿਜ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਚੰਗਾ ਗਿਆਨ ਸੀ ।ਉਨ੍ਹਾਂ ਨੇ ਦੱਸਿਆ ਕਿ ਗੁਰੂ ਜੀ ਦਸ ਵਰ੍ਹੇ, ਸੱਤ ਮਹੀਨੇ ਅਤੇ ਅਠਾਰਾਂ ਦਿਨ ਗੁਰ ਗੱਦੀ ਤੇ ਬਿਰਾਜਮਾਨ ਰਹੇ। ਆਪ ਨੇ ਇਹ ਜ਼ਿੰਮੇਵਾਰੀ 43 ਸਾਲ ਦੀ ਉਮਰ ਵਿੱਚ ਸੰਭਾਲ ਲਈ ਸੀ।ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਜੀ ਨੇ ਭਰਪੂਰ ਹਿੱਸਾ ਲਿਆ ਸੀ। ਉਦੋਂ ਆਪ ਦੀ ਉਮਰ ਚੌਦਾਂ ਸਾਲਾਂ ਦੀ ਸੀ। ਗੁਰੂ ਜੀ ਨੇ ਕੀਰਤਪੁਰ ਸਾਹਿਬ ਦੇ ਨੇਡ਼ੇ ਇਕ ਨਗਰ ਵਸਾਇਆ ਇਸ ਨਗਰ ਦਾ ਪਹਿਲਾ ਨਾਮ ਆਪ ਜੀ ਦੀ ਮਾਤਾ ਜੀ ਦੇ ਨਾਂ ਤੇ 'ਚੱਕ ਨਾਨਕੀ' ਰੱਖਿਆ ਗਿਆ ਸੀ ।ਅਖੀਰ ਵਿਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਜੀ ਨੇ ਹਿੰਦੂ ਧਰਮ ਦੀ ਖਾਤਰ ਆਪਣੀ ਸ਼ਹੀਦੀ ਦੇ ਦਿੱਤੀ ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਪੜ੍ਹਨ ਅਤੇ ਇਸ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।