ਸਦਕੇ ਜਾਵਾਂ! ✍️ ਸਲੇਮਪੁਰੀ ਦੀ ਚੂੰਢੀ -

ਭਾਰਤ ਦੇ ਜਗਾੜੂਆਂ ਨੂੰ ਇਸ ਗੱਲ ਦੀ ਦਾਤ ਦੇਣੀ ਬਣਦੀ ਹੈ ਕਿ ਉਹ ਆਪਣੇ ਦਾਲ-ਫੁਲਕੇ ਦਾ ਕੋਈ ਨਾ ਜੁਗਾੜ ਲੱਭ ਹੀ ਲੈਂਦੇ ਹਨ।
ਪਿਛਲੇ ਕਈ ਸਾਲਾਂ ਤੋਂ ਭੈੜੀ ਨਜ਼ਰ ਉਤਾਰਨ ਲਈ ਅਤੇ ਵਿਗੜੀ ਕਿਸਮਤ ਸਿੱਧੀ ਕਰਨ ਲਈ ਲੋਕਾਂ ਦੇ ਘਰਾਂ /ਦੁਕਾਨਾਂ ਅਤੇ ਫੈਕਟਰੀਆਂ ਦੇ ਦਰਵਾਜ਼ਿਆਂ ਅੱਗੇ ਮਿਰਚਾਂ ਅਤੇ ਨਿੰਬੂ ਧਾਗੇ ਵਿਚ ਪਰੋ ਕੇ ਬੰਨ੍ਹਣ ਦੀ ਰੀਤ ਚਲੀ ਆ ਰਹੀ ਹੈ, ਜਦਕਿ ਹੁਣ ਜਦੋਂ ਨਿੰਬੂਆਂ ਦਾ ਭਾਅ ਅਸਮਾਨੀ ਚੜ੍ਹ ਗਿਆ ਹੈ ਤਾਂ ਜਗਾੜੂਆਂ ਨੇ ਵੇਖਿਆ ਕਿ ਜੇਕਰ ਉਹ ਦਰਵਾਜ਼ਿਆਂ ਅੱਗੇ ਮਿਰਚਾਂ ਨਾਲ ਮਹਿੰਗੇ ਭਾਅ ਦੇ ਨਿੰਬੂ ਪਰੋ ਕੇ ਬੰਨ੍ਹਣਗੇ ਤਾਂ ਉਨ੍ਹਾਂ ਨੂੰ ਕੁਝ ਵੀ ਨਹੀਂ ਬਚੇਗਾ। ਜਗਾੜੂਆਂ ਨੇ ਆਪਣਾ ਦਾਲ - ਫੁਲਕਾ ਚਲਾਉਣ ਲਈ ਨਿੰਬੂ ਦੀ ਥਾਂ ਲਸਣ ਅਤੇ ਮਿਰਚਾਂ ਧਾਗੇ ਵਿਚ ਪਰੋ ਕੇ ਜੁਗਾੜ ਸਿੱਧਾ ਕਰ ਲਿਆ। ਇਸੇ ਤਰ੍ਹਾਂ ਹੀ ਲੋਕਾਂ ਦੀ ਕਿਸਮਤ ਦੀ ਰਫਤਾਰ ਜੋ ਮੱਧਮ ਪੈ ਚੁੱਕੀ ਹੈ, ਨੂੰ ਰੈਅਲੀ ਕਰਕੇ ਤੇਜ ਕਰਨ ਲਈ ਸ਼ਹਿਰਾਂ ਦੇ ਚੌਕਾਂ ਅਤੇ ਬੱਸ-ਅੱਡਿਆਂ ਵਿਚ ਹਰੇਕ ਸ਼ਨੀਵਾਰ ਨੂੰ ਜੁਗਾੜੂ ਇੰਜੀਨੀਅਰ ਡੋਲੂ ਵਿਚ ਸਰੋਂ ਦਾ ਤੇਲ ਪਾ ਕੇ ਖੜ੍ਹੇ ਹੁੰਦੇ ਹਨ।
ਸਦਕੇ ਜਾਈਏ ਸਮਾਜ ਦੇ ਜੁਗਾੜੂ ਬਾਬਿਆਂ ਅਤੇ ਇੰਜੀਨੀਅਰਾਂ ਦੇ ਜਿਹੜੇ ਆਪਣਾ ਢਿੱਡ ਭਰਨ ਲਈ ਲੋਕਾਂ ਦੀਆਂ ਕਿਸਮਤਾਂ ਨੂੰ ਚਮਕਦੇ ਸਿਤਾਰਿਆਂ ਵਿਚ ਤਬਦੀਲ ਕਰਨ ਦੇ ਜੁਗਾੜ ਹੇਠ ਆਪਣਾ ਢਿੱਡ ਭਰਨ ਦਾ ਵਧੀਆ ਜੁਗਾੜ ਫਿੱਟ ਕਰ ਲੈਂਦੇ ਹਨ।
-ਸੁਖਦੇਵ ਸਲੇਮਪੁਰੀ
09780620233
21 ਅਪ੍ਰੈਲ 2022