ਬਾਇਓਟਕਨਾਲੋਜੀ ਵਿਦਿਆਰਥੀਆਂ ਦਾ ਦਾਖਲਾ ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਹੋਇਆ

ਲੁਧਿਆਣਾ 9 ਅਕਤੂਬਰ (ਟੀ. ਕੇ.) ਪੀ.ਏ.ਯੂ. ਦੇ ਖੇਤੀ ਬਾਇਓਟਕਨਾਲੋਜੀ ਸਕੂਲ ਤੋਂ ਮਾਸਟਰ ਡਿਗਰੀਆਂ ਹਾਸਲ ਕਰਨ ਵਾਲੇ ਕੁਮਾਰੀ ਹਿਤਾਸ਼ੀ ਅਗਰਵਾਲ, ਕੁਮਾਰੀ ਸਹਿਗੀਤ ਕੌਰ ਅਤੇ ਸ਼੍ਰੀ ਗਗਨਜੀਤ ਨੂੰ ਪੀ ਐੱਚ ਡੀ ਪ੍ਰੋਗਰਾਮ ਲਈ ਸੰਸਾਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਦਾਖਲਾ ਮਿਲਿਆ ਹੈ| ਕੁਮਾਰੀ ਹਿਤਾਸ਼ੀ ਨੂੰ ਮੁਰਡੋਕ ਯੂਨੀਵਰਸਿਟੀ ਆਸਟਰੇਲੀਆ, ਕੁਮਾਰੀ ਸਹਿਗੀਤ ਕੌਰ ਨੂੰ ਵਰਜੀਨੀਆ ਟੈਕਨੀਕਲ ਯੂਨੀਵਰਸਿਟੀ ਅਮਰੀਕਾ ਅਤੇ ਸ਼੍ਰੀ ਗਗਨਜੀਤ ਨੂੰ ਕਲੈਮਸਨ ਪੀ ਡੀ ਖੋਜ ਅਤੇ ਵਿਦਿਆ ਕੇਂਦਰ ਅਮਰੀਕਾ ਵਿਚ ਦਾਖਲਾ ਹਾਸਲ ਹੋਇਆ ਹੈ|

 
ਇਹ ਵਿਦਿਆਰਥੀ ਪੀ ਐੱਚ ਡੀ ਦੌਰਾਨ ਸੰਸਾਰ ਦੇ ਪ੍ਰਸਿੱਧ ਵਿਗਿਆਨੀਆਂ ਨਾਲ ਕੰਮ ਕਰਨਗੇ| ਕੁਮਾਰੀ ਹਿਤਾਸ਼ੀ, ਪ੍ਰੋਫੈਸਰ ਵਾਰਸ਼ਨੇ ਦੀ ਨਿਗਰਾਨੀ ਹੇਠ ਜੀਨ ਸੰਪਾਦਨ ਬਾਰੇ ਆਪਣੀ ਖੋਜ ਕਰੇਗੀ| ਕੁਮਾਰੀ ਸਹਿਗੀਤ ਕੌਰ ਦੀ ਅਗਵਾਈ ਵਰਜੀਨੀਆ ਯੂਨੀਵਰਸਿਟੀ ਦੇ ਪੌਦਾ ਅਤੇ ਵਾਤਾਵਰਨ ਵਿਗਿਆਨ ਸਕੂਲ ਦੇ ਪ੍ਰੋਫੈਸਰ ਬੋਰਿਸ ਵਿਨਾਂਜ਼ਰ ਕਰਨਗੇ| ਗਗਨਜੀਤ ਸਿੰਘ ਡਾ. ਸਚਿਨ ਰਸਟਗੀ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਜਾਰੀ ਰੱਖਣਗੇ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਅਤੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|