ਜਗਰਾਓਂ ਵਿਖੇ ਰਾਜਾ ਵੜਿੰਗ ਵੱਲੋਂ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ  

ਜਗਰਾਉ 20 ਅਪ੍ਰੈਲ (ਅਮਿਤਖੰਨਾ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਪੰਜਾਬ 'ਚ ਹਾਸ਼ੀਏ 'ਤੇ ਜਾਣ ਦੇ ਕਾਰਨਾਂ ਬਾਰੇ ਸਮੀਖਿਆ ਕਰੇਗੀ ਤੇ ਕਾਂਗਰਸ ਪਾਰਟੀ ਨੂੰ ਇਕ ਮੰਚ 'ਤੇ ਲਿਆਉਣ ਲਈ ਆਉਣ ਵਾਲੇ ਦਿਨਾਂ 'ਚ ਇਕ ਮੁਹਿੰਮ ਚਲਾਈ ਜਾਵੇਗੀ | ਰਾਜਾ ਵੜਿੰਗ ਨੇ ਇਹ ਸਪੱਸ਼ਟ ਆਖਿਆ ਕਿ ਪਾਰਟੀ 'ਚ ਅਨੁਸ਼ਾਸਨ ਨੂੰ ਕਾਇਮ ਰੱਖਿਆ ਜਾਵੇਗਾ ਤੇ ਕਿਸੇ ਵੀ ਅਜਿਹੇ ਆਗੂ ਨੂੰ ਪਾਰਟੀ 'ਚ ਥਾਂ ਨਹੀਂ ਹੋਵੇਗੀ ਜੋ ਚੰਡੀਗੜ੍ਹ 'ਚ ਕਾਂਗਰਸ ਦਾ ਹੋਵੇ ਤੇ ਹਲਕੇ 'ਚ ਪਾਰਟੀ ਦੀ ਪਿੱਠ 'ਚ ਛੁਰਾ ਮਾਰੇ | ਰਾਜਾ ਵੜਿੰਗ ਜਗਰਾਉਂ 'ਚ ਭਾਵੇਂ ਦਿੱਤੇ ਸਮੇਂ ਤੋਂ ਕਰੀਬ 2 ਘੰਟੇ ਦੇਰੀ ਨਾਲ ਪੁੱਜੇ, ਪਰ ਪਾਰਟੀ ਅਹੁਦੇਦਾਰ ਇਸਦੇ ਬਾਵਜੂਦ ਦੇਰ ਰਾਤ ਤੱਕ ਉਨ੍ਹਾਂ ਦੀ ਉਡੀਕ ਕਰਦੇ ਰਹੇ ਤੇ ਜਿਉਂ ਹੀ ਰਾਜਾ ਵੜਿੰਗ ਨੇ ਆ ਕੇ ਬਿਨ੍ਹਾਂ ਸਪੀਕਰ ਤੋਂ ਉੱਚੀ ਸੁਰ 'ਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਕਾਂਗਰਸੀ ਵਰਕਰਾਂ 'ਚ ਜੋਸ਼ ਆ ਗਿਆ | ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਤੇ ਹਰ ਹਲਕੇ ਦੇ ਸੀਨੀਅਰ ਆਗੂਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਤਜ਼ਰਬੇ ਤੋਂ ਸੇਧ ਲੈ ਕੇ ਪਾਰਟੀ ਨੂੰ ਪੰਜਾਬ 'ਚ ਮੁੜ ਲੀਹ 'ਤੇ ਲਿਆਂਦਾ ਜਾਵੇਗਾ | ਰਾਜਾ ਵੜਿੰਗ ਨੇ ਬਿਨ੍ਹਾਂ ਨਾਂਅ ਲਏ ਇਹ ਇਸ਼ਾਰਾ ਵੀ ਕੀਤਾ ਕਿ ਪਾਰਟੀ 'ਚ ਹਰ ਅਹੁਦੇਦਾਰ ਵਰਕਰਾਂ ਦੀ ਹਮਾਇਤ ਨਾਲ ਹੀ ਵੱਡਾ ਹੁੰਦਾ ਹੈ ਤੇ ਪਾਰਟੀ ਤੋਂ ਬਿਨ੍ਹਾਂ ਮੈਂ-ਮੈਂ ਕਰਨ ਵਾਲੇ ਕੁਝ ਵੀ ਨਹੀਂ ਹੁੰਦੇ | ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵਲੋਂ ਰਾਜਾ ਵੜਿੰਗ ਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨੂੰ ਇੱਥੇ ਪੁੱਜਣ 'ਤੇ ਜੀ ਆਇਆਂ ਆਖਿਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਰਪੰਚ ਨਵਦੀਪ ਸਿੰਘ ਗਰੇਵਾਲ, ਰਛਪਾਲ ਸਿੰਘ ਤਲਵਾੜਾ, ਹਰਪਾਲ ਸਿੰਘ ਹਾਂਸ, ਤਾਰਾ ਸਿੰਘ ਲੱਖਾ, ਮਨਜਿੰਦਰ ਸਿੰਘ ਡੱਲਾ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਅਮਨ ਕਪੂਰ ਬੌਬੀ, ਕੌਂਸਲਰ ਰਵਿੰਦਰਪਾਲ ਰਾਜੂ, ਜਗਜੀਤ ਸਿੰਘ ਬੱਬੂ, ਗੁਰਦੀਪ ਸਿੰਘ ਗਿੱਲ ਬੁਜ਼ਰਗ, ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਗੀਟਾ, ਦਰਸ਼ਨ ਸਿੰਘ ਲੱਖਾ, ਪ੍ਰਸ਼ੋਤਮ ਲਾਲ ਖ਼ਲੀਫਾ, ਸਰਪੰਚ ਸਿਕੰਦਰ ਸਿੰਘ ਪੈਚ ਆਦਿ ਹਾਜ਼ਰ ਸਨ |