ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਮੇਰੀ ਆਵਾਜ਼ ਨੂੰ ਸਵਾਰਥੀ ਹਿੱਤ ਨਹੀਂ ਦਬਾ ਸਕਦੇ - ਢੇਸੀ

ਯੂਕੇ ਦੇ ਐਮਪੀ ਨੇ ਕੁੱਝ ਸਿਆਸੀ ਬਿਆਨਾਂ ਨੂੰ ਅਪਮਾਨਜਨਕ ਤੇ ਬੇਬੁਨਿਆਦ ਕਰਾਰ ਦਿੱਤਾ

ਲੰਡਨ, 14 ਅਪ੍ਰੈਲ ( ਖਹਿਰਾ ) ਯੂ.ਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਮੀਡੀਆ ਦੇ ਇਕ ਹਿੱਸੇ ਵਿਚ ਆਪਣੇ ਖਿਲਾਫ ਛਪੇ ਸਿਆਸੀ ਬਿਆਨਾਂ ਨੂੰ ਹਾਸੋਹੀਣੇ, ਬਿਲਕੁਲ ਕੋਰਾ ਝੂਠ, ਬੇਬੁਨਿਆਦ ਅਤੇ ਅਪਮਾਨਜਨਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਜਿਸ਼ ਮੁੱਠੀ ਭਰ ਅਨਸਰਾਂ ਵਲੋਂ ਰਚੀ ਗਈ ਹੈ ਜਦਕਿ ਬਹੁਗਿਣਤੀ ਦੁਨੀਆਂ ਦੇ ਲੋਕ ਅਜਿਹੇ ਝੂਠ, ਥੋਥੀ ਅਤੇ ਗਲਤ ਜਾਣਕਾਰੀ ਨੂੰ ਨਕਾਰਨ ਲਈ ਬਹੁਤ ਜ਼ਿਆਦਾ ਬੁੱਧੀਮਾਨ ਹਨ।
ਇੱਥੇ ਜਾਰੀ ਇੱਕ ਬਿਆਨ ਵਿੱਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਅਜਿਹੇ ਗਿਣੇ-ਚੁਣੇ ਬੰਦਿਆਂ ਨੇ ਭਾਰਤੀ ਕਿਸਾਨਾਂ ਵੱਲੋਂ ਕੀਤੇ ਅੰਦੋਲਨ ਤੋਂ ਕੁਝ ਨਹੀਂ ਸਿੱਖਿਆ, ਜਦੋਂ ਅਜਿਹੇ ਕੱਚਘਰੜ ਲੋਕਾਂ ਨੇ ਕਿਸਾਨਾਂ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਖੜ੍ਹੇ ਕਿਸੇ ਵੀ ਵਿਅਕਤੀ ਨੂੰ ਭਾਰਤ ਵਿਰੋਧੀ, ਅੱਤਵਾਦੀ ਅਤੇ ਵੱਖਵਾਦੀ ਵਜੋਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਜਿਹੇ ਬੰਦੇ ਪਿਛਲੇ ਇੱਕ ਸਾਲ ਤੋਂ ਇਸੇ ਤਰ੍ਹਾਂ ਦੇ ਹੋਛੇ ਹੱਥਕੰਡੇ ਵਰਤ ਕੇ ਮੇਰੇ ਵਰਗੇ ਮਨੁੱਖੀ ਅਧਿਕਾਰ ਹਮਾਇਤੀ ਲੋਕਾਂ ਨੂੰ ਬਦਨਾਮ ਕਰਨ ਦੀ ਅਸਫਲ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ, ਕਿਉਂਕਿ ਮੈਂ ਕਿਸਾਨਾਂ ਦੇ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਲਈ ਬੋਲਣ ਦੀ ਹਿੰਮਤ ਕੀਤੀ ਸੀ।
ਆਪਣੇ ਅਤੀਤ ਬਾਰੇ ਗੱਪਾਂ ਰਾਹੀਂ ਅਫਵਾਹਾਂ ਫੈਲਾਉਣ ਦੀ ਸਖਤ ਨਿਖੇਧੀ ਕਰਦੇ ਹੋਏ ਯੂਕੇ ਦੇ ਸੰਸਦ ਮੈਂਬਰ ਢੇਸੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜਿਸ ਤਰਾਂ ਮੈਂ ਹਾਊਸ ਆਫ ਕਾਮਨਜ਼ ਵਿੱਚ ਸੰਬੋਧਨ ਕੀਤਾ ਹੈ ਤਾਂ 'ਟਵਿੱਟਰ ਟ੍ਰੋਲ ਫੈਕਟਰੀ' ਦੁਆਰਾ ਦੋ ਰੁਪਏ ਪ੍ਰਤੀ ਟਵੀਟ ਕਰਾਉਣ ਅਤੇ ਸ਼ੋਸ਼ਲ ਮੀਡੀਆ ਦੇ ਫਰਜ਼ੀ ਖਾਤੇ ਮੇਰੇ ਵਰਗੇ ਨਿਰਪੱਖ ਲੋਕਾਂ ਆਵਾਜ ਨੂੰ ਚੁੱਪ ਨਹੀਂ ਕਰਾ ਸਕਣਗੇ ਜੋ ਸੱਚਾਈ ਅਤੇ ਨਿਆਂ ਲਈ ਬੋਲਣ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ ਉਠਾਉਂਦੇ ਰਹਿਣਗੇ।
ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੇ ਦੁਨੀਆ ਭਰ ਵਿੱਚ ਹਾਸ਼ੀਏ 'ਤੇ ਪਏ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਲਗਾਤਾਰ ਮੁੱਦੇ ਉਠਾਏ ਹਨ ਜਿਸ ਵਿੱਚ ਸ਼੍ਰੀਲੰਕਾ ਦੇ ਹਿੰਦੂ ਅਤੇ ਈਸਾਈ, ਕਸ਼ਮੀਰੀ, ਫਲਸਤੀਨੀ, ਮਿਆਂਮਾਰ ਅਤੇ ਹੋਰ ਬਾਹਰੀ ਦੇਸ਼ਾਂ ਦੇ ਮੁਸਲਮਾਨ ਸ਼ਾਮਲ ਹਨ। ਢੇਸੀ ਨੇ ਸਪੱਸ਼ਟ ਕੀਤਾ ਕਿ ਇੱਕ ਸਿੱਖ ਹੋਣ ਦੇ ਨਾਤੇ, ਸਾਨੂੰ ਛੋਟੀ ਉਮਰ ਤੋਂ ਹੀ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਖੜੇ ਹੋਣਾ ਅਤੇ ਸਭ ਦੀ ਬਿਹਤਰੀ ਲਈ ਕੰਮ ਕਰਨਾ ਸਿਖਾਇਆ ਜਾਂਦਾ ਹੈ।
ਉਨਾਂ ਸਪੱਸ਼ਟ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਕੁੱਝ ਮੀਡੀਆ ਵਿੱਚ ਏਜੰਸੀਆਂ ਰਾਹੀਂ ਹਾਸੋਹੀਣੇ ਸਿਆਸੀ ਬਿਆਨ ਅਤੇ ਬੇਬੁਨਿਆਦ ਰਿਪੋਰਟਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ ਕਿ ਮੈਂ ਲੰਡਨ ਵਿਖੇ '2020 ਰੈਲੀ' ਵਿੱਚ ਭਾਰਤ ਵਿਰੋਧੀ ਭਾਸ਼ਣ ਦਿੱਤਾ ਸੀ ਜੋ ਕਿ ਸਰਾਸਰ ਅਪਮਾਨਜਨਕ ਅਤੇ ਬਿਲਕੁਲ ਝੂਠ ਹੈ ਕਿਉਂਕਿ ਮੈਂ ਅਜਿਹੀ ਕਿਸੇ ਰੈਲੀ ਵਿੱਚ ਸ਼ਾਮਲ ਹੀ ਨਹੀਂ ਹੋਇਆ।
ਢੇਸੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਕੁਝ ਅਜਿਹੇ ਸ਼ਖਸ਼ ਹਨ ਜਿਨ੍ਹਾਂ ਨੇ ਮੈਨੂੰ ਭਾਰਤ ਹਮਾਇਤੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਦੋਂ ਕਿ ਭਾਰਤ ਵਿੱਚ ਕੁਝ ਸੱਜੇ ਪੱਖੀ ਕੱਟੜਪੰਥੀ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਹਨ ਕਿ ਮੈਂ ਭਾਰਤ ਵਿਰੋਧੀ ਹਾਂ। ਉਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਬਹੁਤ ਜ਼ਿਆਦਾ ਬੁੱਧੀਮਾਨ ਤੇ ਚੰਗੇ ਲੋਕ ਹਨ ਜੋ ਅਜਿਹੇ ਕੋਰੇ ਝੂਠ ਅਤੇ ਮੂਲੋਂ ਗਲਤ ਜਾਣਕਾਰੀ ਵਿੱਚ ਫਸਣ ਵਾਲੇ ਨਹੀਂ ਹਨ।