ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕ ਸਮਾਜ ਲਈ ਮਿਸਾਲ ਬਣੇ-ਡਿਪਟੀ ਕਮਿਸ਼ਨਰ ਲੁਧਿਆਣਾ

ਜਗਰਾਓ,ਹਠੂਰ,11,ਅਪ੍ਰੈਲ-(ਕੌਸ਼ਲ ਮੱਲ੍ਹਾ)-​ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕਾਂ ਨੂੰ ਸਮਾਜ ਲਈ ਰਾਹ ਦਸੇਰਾ ਕਹਿੰਦਿਆਂ ਹੋਰ ਪਿੰਡਾਂ ਦੇ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪ੍ਰਵਾਸੀ ਭਾਰਤੀ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਉਹ ਅੱਜ ਪਿੰਡ ਨੱਥੋਵਾਲ ਵਿਖੇ ਪ੍ਰਵਾਸੀ ਭਾਰਤੀ ਪਰਿਵਾਰਾਂ ਦੇ ਸਹਿਯੋਗ ਨਾਲ ਬਣਾਏ ਸਰਕਾਰੀ ਪ੍ਰਾਇਮਰੀ ਸਕੂਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਰਾਏਕੋਟ ਦੇ ਐੱਸ ਡੀ ਐੱਮ ਗੁਰਬੀਰ ਸਿੰਘ ਕੋਹਲੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਉਹਨਾਂ ਕੈਨੇਡਾ ਵਾਸੀ ਗੁਰਦੀਪ ਸਿੰਘ ਬੁੱਟਰ (ਇਕੱਲੇ ਪਰਿਵਾਰ ਨੇ 25 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਦਾ ਯੋਗਦਾਨ ਪਾਇਆ) ਅਤੇ ਹੋਰ ਦਾਨੀ ਸੱਜਣਾਂ ਵੱਲੋਂ ਇਸ ਇਮਾਰਤ ਨੂੰ ਤਿਆਰ ਕਰਨ ਵਿਚ ਪਾਏ ਯੋਗਦਾਨ ਦੀ ਉਚੇਚੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਨੱਥੋਵਾਲ ਨੇ ਸਮਾਜ ਵਿੱਚ ਵਿਕਾਸ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ।ਉਹਨਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਭਰੋਸਾ ਦਿੱਤਾ ਕਿ ਪਿੰਡ ਨੱਥੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਦੂਰ ਕਰਨ ਦੇ ਨਾਲ-ਨਾਲ ਹੋਰ ਬੁਨਿਆਦੀ ਲੋੜਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ।ਇਸ ਤੋਂ ਇਲਾਵਾ ਇਸ ਪਿੰਡ ਨੂੰ ਸੂਬੇ ਦਾ ਬਿਹਤਰ ਪਿੰਡ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਦੀ ਵੈੱਲਫੇਅਰ ਸੁਸਾਇਟੀ ਦੇ ਆਗੂ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਲਈ ਗੁਰਦੀਪ ਸਿੰਘ ਬੁੱਟਰ ਕੈਨੇਡਾ,ਡਾ. ਭਜਨ ਸਿੰਘ, ਸਾਬਕਾ ਸਰਪੰਚ ਬਚਨ ਸਿੰਘ ਪਰਿਵਾਰ ਵੱਲੋਂ ਜਸਵਿੰਦਰ ਕੌਰ, ਸਾਧੂ ਸਿੰਘ ਬੁੱਟਰ,ਮਾਸਟਰ ਨਛੱਤਰ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ ਕੈਨੇਡਾ, ਸਰਬਜੀਤ ਸਿੰਘ, ਰਾਜਿੰਦਰ ਸਿੰਘ,ਸੁਖਦੇਵ ਸਿੰਘ,ਸੂਬੇਦਾਰ ਜਸਵਿੰਦਰ ਸਿੰਘ, ਬਲੌਰ ਸਿੰਘ ਸਰਪੰਚ, ਪ੍ਰੀਤਮ ਸਿੰਘ ਰਟੌਲ ਅਤੇ ਹੋਰ ਦਾਨੀ ਸੱਜਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।ਇਸ ਇਮਾਰਤ 'ਤੇ ਹੁਣ ਤੱਕ 57 ਲੱਖ ਰੁਪਏ ਦੇ ਕਰੀਬ ਲਾਗਤ ਆ ਚੁੱਕੀ ਹੈ ਜਦਕਿ ਹਲੇ ਹੋਰ ਖਰਚਾ ਹੋਣ ਦੀ ਸੰਭਾਵਨਾ ਹੈ।ਇਸ ਇਮਾਰਤ ਦੇ ਬਣਨ ਨਾਲ ਸਕੂਲ ਵਿਚ ਪਿਛਲੇ ਸਾਲ ਦੇ 62 ਬੱਚਿਆਂ ਦੇ ਮੁਕਾਬਲੇ ਇਸ ਸਾਲ 120 ਤੋਂ ਵਧੇਰੇ ਬੱਚੇ ਦਾਖਲ ਹੋ ਚੁੱਕੇ ਹਨ। ਗੁਰਦੀਪ ਸਿੰਘ ਕੈਨੇਡਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਸੁਪਨਾ ਸੀ ਕਿ ਜਿਸ ਧਰਤ ਉਤੇ ਉਹ ਜੰਮੇ ਅਤੇ ਵੱਡੇ ਹੋਏ ਹਨ ਉਸ ਲਈ ਕੁਝ ਕੀਤਾ ਜਾਵੇ। ਇਸੇ ਸੋਚ ਨਾਲ ਹੀ ਉਹਨਾਂ ਨੇ ਇਸ ਸਕੂਲ ਦੀ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਹੋਰ ਦਾਨੀ ਸੱਜਣਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਹਰ ਸੰਭਵ ਯੋਗਦਾਨ ਪਾਇਆ ਜਾਂਦਾ ਰਹੇਗਾ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.)ਲੁਧਿਆਣਾ ਜਸਵਿੰਦਰ ਕੌਰ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਰਾਜਿੰਦਰ ਕੌਰ, ਪਰਮਿੰਦਰ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਵਿਹੜੇ ਵਿੱਚ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਡਾਕਟਰ ਦਵਿੰਦਰ ਕੁਮਾਰ ਐੱਸ ਐਮ ਓ ਸੁਧਾਰ,ਡਾਕਟਰ ਜਗਤਦੀਪ ਕੌਰ ਪੀ ਐੱਚ ਸੀ ਬੱਸੀਆਂ,ਸਰਪੰਚ ਜਸਵੀਰ ਕੌਰ,ਜਗਪ੍ਰੀਤ ਸਿੰਘ ਬੁੱਟਰ, ਮਨਪ੍ਰੀਤ ਸਿੰਘ ਬੁੱਟਰ, ਕੁਲਵੰਤ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ ਵਿੱਕੀ, ਮੰਜੂ ਭਾਰਦਵਾਜ, ਗੁਰਜੀਤ ਸਿੰਘ, ਬਲਬੀਰ ਸਿੰਘ ਕਰੜਾ, ਚੇਅਰਮੈਨ ਕਿਰਪਾਲ ਸਿੰਘ, ਸਾਬਕਾ ਸਰਪੰਚ ਮਹਿੰਦਰ ਕੌਰ, ਸਾਬਕਾ ਸਰਪੰਚ ਸੁਰਜੀਤ ਸਿੰਘ, ਡਾ ਜਗਰਾਜ ਸਿੰਘ ਕਰੜਾ, ਮਾਸਟਰ ਸੁਖਪਾਲ ਸਿੰਘ, ਕੇਵਲ ਸਿੰਘ Awid ਹਾਜ਼ਰ ਸਨ।