ਜਗਰਾਉ 10 ਅਪ੍ਰੈਲ (ਅਮਿਤਖੰਨਾ)ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫ਼ੀਸ ਰੈਗੂਲੇਟਰੀ ਐਕਟ 2016 ਤੇ ਸਮੇਂ-ਸਮੇਂ ਤੇ ਹੋਈਆਂ ਸੋਧਾਂ ਸਮੇਤ 2019 ਸਖ਼ਤੀ ਨਾਲ ਅਮਲ 'ਚ ਲਿਆਉਣ ਲਈ ਸਿੱਖਿਆ ਵਿਭਾਗ (Department of Schools Education Punjab) ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਸਾਰੇ ਜ਼ਿਲ੍ਹਿਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਰਿਪੋਰਟਾਂ ਤਿਆਰ ਕਰ ਕੇ ਮੁੱਖ ਦਫ਼ਤਰ ਸਿੱਖਿਆ ਵਿਭਾਗ ਪੰਜਾਬ ਨੂੰ ਭੇਜੀਆਂ ਜਾ ਰਹੀਆਂ ਹਨ ਤਾਕਿ ਆਮ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਜਾ ਸਕੇ।
ਸਮਰੱਥ ਅਧਿਕਾਰੀਆਂ ਵੱਲੋਂ ਮੰਗੇ ਗਏ ਵੇਰਵਿਆਂ 'ਚ ਸਕੂਲਾਂ ਵੱਲੋਂ ਵਰਦੀਆਂ ਤੇ ਕਿਤਾਬਾਂ ਖ਼ਰੀਦਣ ਲਈ ਦਿੱਤੇ ਗਏ ਦੁਕਾਨਾਂ ਦੇ ਪਤੇ 'ਤੇ ਵੀ ਜਾ ਕੇ ਜਾਂਚ ਕਰਨਗੇ। ਸਿੱਖਿਆ ਵਿਭਾਗ ਨੂੰ ਹੁਕਮ ਜਾਰੀ ਹੋਏ ਹਨ ਕਿ ਕੋਈ ਵੀ ਸਕੂਲ ਕਿਸੇ ਖ਼ਾਸ ਦੁਕਾਨ ਤੋਂ ਇਹ ਸਾਮਾਨ ਖ਼ਰੀਦਣ ਦੇ ਹੁਕਮ ਜਾਰੀ ਕਰਦਾ ਹੈ ਤਾਂ ਉਸ ਦੀ ਵਿਸ਼ੇਸ਼ ਰਿਪੋਰਟ ਤਿਆਰ ਕਰਕੇ ਦਫ਼ਤਰ ਨੂੰ ਭੇਜੀ ਜਾਵੇ। ਪੰਜਾਬ ਸਰਕਾਰ ਇਹ ਜਾਣਨਾ ਚਾਹੁੰਦੀ ਹੈ ਕਿ ਪ੍ਰਾਈਵੇਟ ਸਕੂਲ ਕਿੰਨੇ ਸਾਲਾਂ ਬਾਅਦ ਵਰਦੀ, ਕਿਤਾਬਾਂ, ਸਿਲੇਬਸ ਦੀ ਅਦਲਾ ਬਦਲੀ ਕਰਦੇ ਹਨ ਜਦਕਿ ਸੇਫ਼ ਵਾਹਨ ਪਾਲਿਸੀ ਪ੍ਰਤੀ ਨਿੱਜੀ ਸਕੂਲਾਂ 'ਚ ਜਾਂਚ ਪ੍ਰਬੰਧ ਕਰਨ ਲਈ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕੋਰੋਨਾ ਮਹਾਮਾਰੀ ਤੋਂ ਉਭਰੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਲਈ ਅਜਿਹਾ ਕਰ ਰਹੀ ਹੈ।ਉਧਰ ਜ਼ਿਲ੍ਹਾ ਪੱਧਰੀ ਫ਼ੀਸ ਰੈਗੂਲੇਟਰੀ ਕਮੇਟੀਆਂ ਵੱਲੋਂ ਵੀ ਕਾਰਵਾਈ ਕਰਦੇ ਹੋਏ ਸਬੰਧਤ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਸਰਕਾਰ ਦੇ ਹੁਕਮਾਂ ਤੋਂ ਬਾਅਦ ਜਿੱਥੇ ਸਿੱਖਿਆ ਵਿਭਾਗ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਿਹਾ ਹੈ ਉੱਥੇ ਅਧਿਕਾਰੀਆਂ ਨੇ ਵੀ ਫਿਜ਼ੀਕਲ ਤੌਰ 'ਤੇ ਸਕੂਲਾਂ ਦਾ ਦੌਰਾ ਕਰਨ ਦੀ ਤਿਆਰੀ ਕਰ ਲਈ ਹੈ।
ਪੰਦਰਾਂ ਤਰ੍ਹਾਂ ਦੇ ਮਾਪਦੰਡ ਚੈੱਕ ਕਰਨਗੇ ਅਧਿਕਾਰੀ
ਜ਼ਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਵੱਲੋਂ ਜੋ 1466 ਸਕੂਲਾਂ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿਨ੍ਹਾਂ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਇਲਾਵਾ ਬਲਾਕ ਨੋਡਲ ਅਫ਼ਸਰ ਦੀਆਂ ਟੀਮਾਂ ਵੱਲੋਂ ਫ਼ੀਸਾਂ ਵਰਦੀਆਂ, ਕਿਤਾਬਾਂ ਤੇ ਹੋਰ ਖ਼ਰਚਿਆਂ ਦੀ ਜਾਂਚ ਲਈ ਮਾਪਦੰਡ ਬਣਾਏ ਗਏ ਹਨ।
ਰਿਪੋਰਟ 'ਚ ਕੀ ਜਾਣਕਾਰੀ ਹਾਸਲ ਕੀਤੀ ਜਾਵੇਗੀ
1. ਕੀ ਸਕੂਲ ਵੱਲੋਂ ਇਸ ਸਾਲ 'ਚ ਐੱਨਓਸੀ ਲਈ ਗਈ ਹੈ?
2. ਕੀ ਸਕੂਲ ਨੇ ਰਿਜ਼ਰਵ ਰਾਸ਼ੀ ਜਮ੍ਹਾਂ ਕਰਵਾਈ ਹੈ?
3. ਐੱਨਓਸੀ ਲੈਣ ਵੇਲੇ ਸਕੂਲ ਪ੍ਰਿੰਸੀਪਲ ਦਾ ਨਾਂ, ਫ਼ੋਨ ਨੰਬਰ ਤੇ ਯੋਗਤਾ
4. ਸਕੂਲ 'ਚ ਮੌਜੂਦਾ ਅਧਿਆਪਕ ਹੋਰ ਮੁਲਾਜ਼ਮ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਗਿਣਤੀ
5. ਸਟਾਫ਼ ਨੂੰ ਤਨਖ਼ਾਹ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਚੈੱਕ ਰਾਹੀਂ, ਇਨ ਹੈਂਡ ਜਾਂ ਬੈਂਕ ਖਾਤੇ 'ਚ
6. ਪਿਛਲੇ ਪੰਜ ਸਾਲਾਂ ਦੌਰਾਨ ਅਧਿਆਪਕਾਂ ਤੇ ਬੱਚਿਆਂ ਦੀ ਗਿਣਤੀ ਸਾਲ ਵਾਈਜ਼
7. ਸਕੂਲ ਸਟਾਫ਼ ਦੇ ਨਾਮ, ਨੰਬਰ ਤੇ ਉਨ੍ਹਾਂ ਦੀ ਯੋਗਤਾ
8. ਆਖ਼ਰੀ ਬਾਲ ਸਕੂਲ ਵੱਲੋਂ ਫ਼ੀਸਾਂ ਤੇ ਫੰਡਾਂ 'ਚ ਕਦੋਂ ਵਾਧਾ ਕੀਤਾ ਗਿਆ
9. ਕੀ ਸਕੂਲ 'ਚ ਕਿਤਾਬਾਂ ਤੇ ਉਨਾਂ੍ਹ ਦੀ ਸਮੱਗਰੀ ਮਾਣਕ ਕੀ ਹੈ?
10. ਕੀ ਮਾਪਿਆਂ ਦੇ ਦੇਖਣ ਲਈ ਕਿਤਾਬਾਂ ਤੇ ਉਨ੍ਹਾਂ ਦੀ ਸਮੱਗਰੀ ਸਕੂਲ ਦੀ ਵੈੱਬਸਾਈਟ 'ਤੇ ਜਾਂ ਕਿਤੇ ਹੋਰ ਪ੍ਰਦਰਸ਼ਿਤ ਕੀਤੀ ਜਾਂਦੀ ਹੈ?
11. ਸਕੂਲ ਵੱਲੋਂ ਲਾਗੂ ਕਿਤਾਬਾਂ ਕਿੰਨੀਆਂ ਦੁਕਾਨਾਂ 'ਤੇ ਮੁਹੱਈਆ ਹਨ?
12) ਕੀ ਸਕੂਲ ਫ਼ੀਸ ਰੈਗੂਲੇਟਰੀ ਐਕਟ ਦੀ ਪਾਲਣਾ ਕਰ ਰਿਹਾ ਹੈ?
13. ਕੀ ਸਕੂਲ ਆਰਟੀਈ ਐਕਟ ਤੇ ਐੱਨਓਸੀ ਦੇ ਮਾਪਦੰਡਾਂ ਦੀ ਪਾਲਣਾ ਕਰ ਰਿਹਾ ਹੈ?
ਟੀਮਾਂ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ : ਡਾ. ਜਲਾਜਣ
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਡਾ. ਚਰਨਜੀਤ ਸਿੰਘ ਜਲਾਜਣ ਨੇ ਕਿਹਾ ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਟੀਮਾਂ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਰਿਪੋਰਟ ਤੁਰੰਤ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਅੱਗੇ ਜੋ ਵੀ ਵਿਭਾਗ ਵੱਲੋਂ ਹੁਕਮ ਹੋਣਗੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ। ਚੈਕਿੰਗ ਟੀਮ ਵੱਲੋਂ ਭੇਜਿਆ ਸਾਰਾ ਡਾਟਾ ਉਲੀਨੈੱਸ ਸ਼ੀਟ 'ਤੇ ਭਰਨਾ ਹੋਵੇਗਾ ਜੋ ਸਿੱਧਾ ਹੈੱਡ ਆਿਫ਼ਸ ਪੁੱਜੇਗਾ।
ਸਿੱਖਿਆ ਮਾਫ਼ੀਆ ਨੂੰ ਕਿਸੇ ਦਾ ਡਰ ਨਹੀਂ :
ਪੰਜਾਬ ਅੰਦਰ ਬਣਦੀਆਂ ਸਰਕਾਰਾਂ ਪ੍ਰਰਾਈਵੇਟ ਸਿੱਖਿਆ ਮਾਫ਼ੀਆ ਨੂੰ ਨੱਥ ਪਾਉਣ ਦੀਆਂ ਗੱਲਾਂ ਤਾਂ ਕਰਦੀਆਂ ਹਨ ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਰਾਈਵੇਟ ਸਿੱਖਿਆ ਮਾਫ਼ੀਆ ਨੂੰ ਨੱਥ ਪਾਉਣ ਦੇ ਬਿਆਨ ਦਿੱਤੇ ਹਨ ਤੇ ਸਿੱਖਿਆ ਮੰਤਰੀ ਨੇ ਨੰਬਰ ਵੀ ਜਾਰੀ ਕੀਤੇ ਹਨ, ਉਸ ਦੇ ਬਾਵਜੂਦ ਵੀ ਪ੍ਰਰਾਈਵੇਟ ਸਿੱਖਿਆ ਮਾਫ਼ੀਆ ਨੂੰ ਸਰਕਾਰ ਦਾ ਕੋਈ ਡਰ ਨਹੀਂ। ਉਲਟਾ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਪ੍ਰਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਫ਼ੀਸਾਂ ਵਧਾਉਣ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਬਿਆਨ ਦਿੱਤਾ ਹੈ। ਹੁਣ ਵੀ ਲਗਾਤਾਰ ਸਕੂਲਾਂ ਅੰਦਰ ਬੱਚਿਆਂ ਦੇ ਮਾਪਿਆਂ ਦੀ ਲੁੱਟ ਹੋ ਰਹੀ ਹੈ। ਕਾਪੀਆਂ-ਕਿਤਾਬਾਂ ਸਪੈਸ਼ਲ ਦੁਕਾਨਾਂ ਤੋਂ ਮਿਲ ਰਹੀਆਂ ਹਨ। ਜੇਕਰ ਕੋਈ ਵਿਅਕਤੀ ਕਿਸੇ ਹੋਰ ਦੁਕਾਨ ਤੋਂ ਕਿਤਾਬਾਂ ਖ਼ਰੀਦਦਾ ਹੈ ਤਾਂ ਉਨ੍ਹਾਂ 'ਚ ਬਹੁਤੀਆਂ ਕਿਤਾਬਾਂ ਨਾਲ ਛੇੜਛਾੜ ਕੀਤੀ ਹੁੰਦੀ ਹੈ ਮੌਜੂਦਾ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਕਾਫ਼ੀ ਆਸ ਹੈ।