ਮੋਦੀ ਡਰਪੋਕ ਹੈ- ਰਾਹੁਲ

ਨਵੀਂ ਦਿੱਲੀ, 8 ਫਰਵਰੀ-(ਜਨ ਸ਼ਕਤੀ ਨਿਉਜ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਮੋਦੀ ਨੂੰ ਸਮਝ ਆ ਗਿਆ ਹੈ ਕਿ ਦੇਸ਼ ਨੂੰ ਵੰਡ ਕੇ ਨਹੀਂ ਚਲਾਇਆ ਜਾ ਸਕਦਾ ਅਤੇ ਉਨ੍ਹਾਂ ਦੇ ਚਿਹਰੇ ਉੱਤੇ ਘਬਰਾਹਟ ਤੇ ਡਰ ਹੈ। ਉਨ੍ਹਾਂ ਕਿਹਾ,‘ਇਹ ਦੇਸ਼ ਹਿੰਦੁਸਤਾਨ ਦੇ ਹਰ ਵਿਅਕਤੀ ਦਾ ਹੈ। ਲੜਾਈ ਦੋ ਵਿਚਾਰਧਾਰਾਵਾਂ ਦੇ ਵਿਚਕਾਰ ਹੈ। ਇੱਕ ਵਿਚਾਰਧਾਰਾ ਕਹਿੰਦੀ ਹੈ ਕਿ ਇਹ ਦੇਸ਼ ਇਕ ਪ੍ਰੋਡਕਟ (ਉਤਪਾਦ) ਹੈ। ਦੂਜੇ ਪਾਸੇ ਇੱਕ ਵਿਚਾਰਧਾਰਾ ਕਹਿੰਦੀ ਹੈ ਕਿ ਇਹ ਦੇਸ਼ ਸਾਰਿਆਂ ਦਾ ਹੈ।’ ਉਨ੍ਹਾਂ ਕਿਹਾ,‘ਆਰਐੱਸਐੱਸ ਚਾਹੁੰਦਾ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਅਲੱਗ ਰੱਖ ਦਿੱਤਾ ਜਾਵੇ ਤੇ ਦੇਸ਼ ਨੂੰ ਨਾਗਪੁਰ ਤੋਂ ਚਲਾਇਆ ਜਾਵੇ। ਹਰ ਸੰਸਥਾ ਵਿਚ ਆਰਐੱਸਐੱਸ ਦੇ ਲੋਕਾਂ ਨੂੰ ਰੱਖਿਆ ਜਾਵੇ। ਉਹ ਚਾਹੁੰਦੇ ਹਨ ਕਿ ਮੋਹਨ ਭਾਗਵਤ ਪੂਰੇ ਦੇਸ਼ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਉਣ।’ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਸਰਕਾਰੀ ਸੰਸਥਾਵਾਂ ਵਿਚ ਬੈਠੇ ਆਰਐੱਸਐੱਸ ਦੇ ਲੋਕਾਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਆਰਐੱਸਐੱਸ ਦੇਸ਼ ਦੀਆਂ ਸੰਸਥਾਵਾਂ ਉੱਤੇ ਕੰਟਰੋਲ ਕਰਨਾ ਚਾਹੁੰਦੀ ਹੈ। ਪਾਰਟੀ ਦੇ ਘੱਟ ਗਿਣਤੀਆਂ ਸੈੱਲ ਦੀ ਕਨਵੈਨਸ਼ਨ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ 2019 ਵਿਚ ਭਾਜਪਾ, ਆਰਐੱਸਐੱਸ ਨੂੰ ਹਰਾਏਗੀ। ਜੋ ਲੋਕ ਨਫ਼ਰਤ ਫੈਲਾ ਰਹੇ ਹਨ, ਉਨ੍ਹਾਂ ਨੂੁੰ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਚੀਨ ਨੇ ਆਪਣੀ ਫ਼ੌਜ ਡੋਕਲਾਮ ਵਿਚ ਭੇਜ ਦਿੱਤੀ ਪਰ ਪ੍ਰਧਾਨ ਮੰਤਰੀ ਚੀਨ ਅੱਗੇ ਹੱਥ ਜੋੜਕੇ ਖੜ੍ਹੇ ਰਹੇ। ਉਨ੍ਹਾਂ ਕਿਹਾ,‘ਪੰਜ ਸਾਲ ਤੱਕ ਉਨ੍ਹਾਂ ਨਾਲ ਲੜਨ ਤੋਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਮੋਦੀ ਦਾ ਚਰਿੱਤਰ ਪਤਾ ਲੱਗ ਗਿਆ ਹੈ। ਜਦ ਕੋਈ ਉਨ੍ਹਾਂ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਉਹ ਭੱਜ ਜਾਂਦੇ ਹਨ।’ ਰਾਹੁਲ ਨੇ ਦਾਅਵਾ ਕੀਤਾ,‘ਪ੍ਰਧਾਨ ਮੰਤਰੀ ਮੋਦੀ ਨੂੰ ਮੰਚ ਉੱਤੇ ਮੇਰੇ ਨਾਲ ਦਸ ਮਿੰਟ ਲਈ ਖੜ੍ਹਾ ਕਰ ਦਿਓ ਅਤੇ ਕੌਮੀ ਸੁਰੱਖਿਆ ਉੱਤੇ ਬਹਿਸ ਕਰਵਾਓ। ਉਹ ਖੜ੍ਹੇ ਨਹੀਂ ਹੋ ਸਕਣਗੇ।