ਸਰਕਾਰਾਂ ਮੁਲਾਜਮਾਂ ਨੂੰ ਲੌਲੀ ਪੋਪ ਵਿਖਾਉਣਾ ਬੰਦ ਕਰਨ –ਐਸ/ਸੀ,ਬੀ/ਸੀ ਅਧਿਆਪਕ ਯੂਨੀਅਨ

ਜਗਰਾਓ,ਹਠੂਰ,3,ਅਪ੍ਰੈਲ-(ਕੌਸ਼ਲ ਮੱਲ੍ਹਾ)-ਸਮੇਂ ਸਮੇਂ ਦੀਆਂ ਸਰਕਾਰਾਂ ਹਮੇਸਾਂ ਮੁਲਾਜਮ ਵਰਗ ਨੂੰ ਅੱਖੋਂ ਪਰੋਖਾ ਕਰਦੀਆਂ ਆਈਆਂ ਹਨ ।ਬੜੀ ਆਸ ਅਤੇ ਉਮੀਦ ਨਾਲ ਲੋਕਾਂ ਨੇ ਅਕਾਲੀ,ਭਾਜਪਾ ਅਤੇ ਕਾਂਗਰਸੀਆਂ ਨੂੰ ਦਰ ਕਿਨਾਰ ਕਰਕੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਂਦਾ ਸੀ ,ਤਾਂ ਜੋ ਇਹ ਪਾਰਟੀ ਆਮ ਲੋਕਾਂ ਅਤੇ ਮੁਲਾਜਮਾਂ ਨੂੰ ਆ ਰਹੀਆਂ ਮੁਸਕਿਲਾਂ ਨੂੰ ਦੂਰ ਕਰੇਗੀ ।ਪ੍ਰੰਤੂ ਇਹ ਪਾਰਟੀ ਵੀ ਹੋਂਦ ਵਿੱਚ ਆਉਣ ਤੋਂ ਬਾਅਦ ਆਮ ਲੋਕਾਂ ਅਤੇ ਮੁਲਾਜਮਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੌਲੀ ਪੌਪ ਹੀ ਵਿਖਾ ਰਹੀ ਹੈ।ਇਨ੍ਹਾ ਸਬਦਾਂ ਦਾ ਪ੍ਰਗਟਾਵਾ ਐਸ/ਸੀ,ਬੀ/ਸੀ ਅਧਿਆਪਕ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਗੁਰਜੈਪਾਲ ਸਿੰਘ ਅਤੇ ਸਟੇਟ ਕਮੇਟੀ ਮੈਂਬਰ ਬਲਵਿੰਦਰ ਸਿੰਘ ਲਤਾਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾ ਕਿਹਾ ਕਿ ਮੁਲਾਜਮਾਂ ਦੇ ਮੈਡੀਕਲ ਰਿਬਰਸਮੈਂਟ ਦੇ ਬਿੱਲ ਪਿਛਲੇ ਕਈ ਸਾਲਾਂ ਤੋਂ ਵਿੱਚ ਵਿਚਾਲੇ ਲਟਕ ਰਹੇ ਹਨ ।ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਾਰਚ ਨੂੰ ਲੋਕ ਵਿਖਾਵੇ ਦੇ ਤੌਰ ਤੇ ਬਲਾਕਾਂ ਵਿੱਚ ਇਸ ਸਬੰਧੀ ਬਜਟ ਵੀ ਭੇਜ ਦਿੱਤਾ, ਜਦੋਂ ਕਿ ਬਜਟ ਤੋਂ ਬਾਅਦ ਵਿਭਾਗੀ ਕਲਰਕਾਂ ਵੱਲੋਂ ਸਬੰਧਤ ਮੁਲਾਜਮਾਂ ਦੇ ਬਿੱਲ ਤਿਆਰ ਕੀਤੇ ਜਾਂਦੇ ਹਨ, ਪ੍ਰੰਤੂ ਸਰਕਾਰ ਵੱਲੋਂ ਇਹ ਬਜਟ 5 ਵਜੇ ਤੋਂ ਤੁਰੰਤ ਬਾਅਦ ਖਤਮ ਕਰ ਦਿੱਤਾ ਗਿਆ।ਇਸੇ ਸਬੰਧ ਵਿੱਚ ਯੂਨੀਅਨ ਦੇ ਬਲਾਕ ਰਾਏਕੋਟ ਦੇ ਪ੍ਰਧਾਨ ਸੁਖਰਾਜ ਸਿੰਘ ਸਿਵੀਆਂ ਨੇ ਦੱਸਿਆ ਕਿ ਰਾਏਕੋਟ ਬਲਾਕ ਦੇ ਪ੍ਰਾਇਮਰੀ ਅਧਿਆਪਕਾਂ ਦੇ ਮੈਡੀਕਲ ਰਿਬਰਸਮੈਂਟ ਦੇ ਬਿੱਲਾਂ ਦੇ ਭੁਗਤਾਨ ਲਈ ਸਰਕਾਰ ਤੋਂ ਡੇਢ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ,ਪ੍ਰੰਤੂ ਸਰਕਾਰ ਵੱਲੋਂ ਸਿਰਫ 15 ਲੱਖ ਰੁਪਏ ਹੀ 31 ਮਾਰਚ ਨੂੰ ਜਾਰੀ ਕੀਤੇ ਗਏ।ਜਦੋਂ ਦਫਤਰ ਵੱਲੋਂ ਜਲਦੀ ਜਲਦੀ ਬਿੱਲ ਬਣਾਕੇ ਖਜਾਨਾਂ ਦਫਤਰ ਜਮਾ੍ਹ ਕਰਵਾਏ ਗਏ ਤਾਂ ਖਜਾਨੇ ਵੱਲੋਂ ਕੋਈ ਟੋਕਨ ਨਹੀਂ ਲਗਾਇਆ ਗਿਆ।ਇਸ ਸਬੰਧੀ ਪਤਾ ਕਰਨ ਤੇ ਪਤਾ ਲੱਗਾ ਕਿ 31 ਮਾਰਚ ਹੋਣ ਕਾਰਨ ਸਰਕਾਰ ਵੱਲੋਂ ਬਜਟ ਚੱਕ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਦਫਤਰ ਵੱਲੋਂ ਸੱਤ ਬਿੱਲ ਤਿਆਰ ਕਰਕੇ ਲਗਾਏ ਗਏ ਸਨ,ਜਿਹਨਾਂ ਵਿੱਚੋਂ ਇੱਕ ਵੀ ਬਿੱਲ ਪਾਸ ਨਹੀਂ ਹੋਇਆ।ਐਸ/ਸੀ,ਬੀ/ਸੀ ਅਧਿਆਪਕ ਯੂਨੀਅਨ ਨੇ ਇਸ ਸਾਰੇ ਡਰਾਮੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਇਸ ਤਰਾਂ੍ਹ ਦੇ ਲੋਕ ਵਿਖਾਵੇ ਕਰਨੇ ਬੰਦ ਕਰੇ,ਸਗੋਂ ਮੁਲਾਜਮਾਂ ਦੀਆਂ ਜਾਇਜ ਮੰਗਾਂ ਵੱਲ ਸੰਜੀਦਗੀ ਨਾਲ ਧਿਆਨ ਦੇਵੇ।ਇਸ ਸਮੇਂ ਉਹਨਾਂ ਦੇ ਨਾਲ ਲੈਕ:ਬਲਵਿੰਦਰ ਸਿੰਘ ਬੱਸੀਆਂ,ਮਨਜੀਤ ਸਿੰਘ ਬੜੂੰਦੀ,ਲੈਕ:ਕੁਲਦੀਪ ਸਿੰਘ ਚੀਮਾਂ,ਸੁਖਦੇਵ ਸਿੰਘ ਜੱਟਪੁਰੀ,ਜਸਵੀਰ ਸਿੰਘ ਬੱਸੀਆਂ,ਬਲਵਿੰਦਰ ਸਿੰਘ ਬੋਪਾਰਾਏ,ਗੁਰਪ੍ਰੀਤ ਸਿੰਘ ਚਕਰ,ਦਪਿੰਦਰ ਸਿੰਘ ਮਾਣੂੰਕੇ ਹਾਜ਼ਰ ਸਨ ।