ਲੁਧਿਆਣਾ, ਜੁਲਾਈ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਦਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੁਣ ਆਮ ਲੋਕਾਂ ਦਾ ਪਾਣੀ ਟੈੱਸਟ ਕਰਨ ਲਈ 4585 ਰੁਪਏ ਵਸੂਲ ਕਰੇਗਾ, ਪਾਣੀ ਵਿਚ ਆ ਚੁੱਕੇ 17 ਤੱਤਾਂ ਦੇ ਇਹ ਟੈੱਸਟ ਹਾਲ ਹੀ ਵਿਚ ਮੁਹਾਲੀ ਹੋਣ ਲੱਗੇ ਹਨ। ਇੰਨੇ ਮਹਿੰਗੇ ਟੈੱਸਟ ਹੋਣ ਕਰਕੇ ਪੰਜਾਬ ਵਿਚੋਂ ਕੋਈ ਵੀ ਵਿਅਕਤੀ ਨਿੱਜੀ ਤੌਰ ’ਤੇ ਪਾਣੀ ਟੈੱਸਟ ਕਰਾਉਣ ਲਈ ਲੈਬਾਰਟਰੀ ਤੱਕ ਨਹੀਂ ਪੁੱਜਿਆ। ਜਾਣਕਾਰੀ ਅਨੁਸਾਰ ਪਾਣੀ ਵਿਚ ਆਏ ਵਾਧੂ ਤੱਤਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਕੀਮਤ ਤੈਅ ਕੀਤੀ ਗਈ ਹੈ ਜਿਨ੍ਹਾਂ ਵਿਚ ਫਲੋਰਾਈਡ, ਕਲੋਰਾਈਡ, ਨਾਈਟ੍ਰੇਟ, ਸਲਫ਼ੇਟ, ਕੈਲਸ਼ੀਅਮ, ਮੈਗਨੀਸ਼ੀਅਮ ਇਨ੍ਹਾਂ ਸਾਰੇ ਤੱਤਾਂ ਦੀ ਜਾਂਚ 370 ਰੁਪਏ ਪਰ ਤੱਤ ਦੀ ਹੋਵੇਗੀ। ਜਦ ਕਿ ਯੂਰੇਨੀਅਮ ਦੀ ਜਾਂਚ 215 ਰੁਪਏ ਦੀ ਕੀਤੀ ਜਾਵੇਗੀ, ਭਾਰੇ ਤੱਤਾਂ ਵਿਚ ਪ੍ਰਤੀ ਤੱਤ 215 ਰੁਪਏ ਵਿਚ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਵਿਚ ਐਲਮੀਨੀਅਮ, ਲੈੱਡ, ਸਿਲੈਨੀਅਮ, ਕਰੋਮੀਅਮ, ਮਰਕਰੀ, ਆਰਸੈਨਿਕ, ਕੈਡੀਮਮ, ਨਿੱਕਲ, ਆਇਰਨ ਅਤੇ ਕਾਪਰ ਸ਼ਾਮਲ ਹਨ। ਇਨ੍ਹਾਂ ਸਾਰੇ 17 ਤੱਤਾਂ ਦੇ ਟੈੱਸਟਾਂ ਦੇ ਕੁੱਲ 4585 ਬਣਦੇ ਹਨ, ਹਾਲਾਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਵਿਚ ਪੰਜਾਬ ਸਰਕਾਰ ਦੇ ਕੁਝ ਵਿਭਾਗਾਂ ਦੇ ਟੈੱਸਟਾਂ, ਸਰਕਾਰੀ ਸਕੂਲਾਂ ਤੇ ਗੌਰਮਿੰਟ ਏਡਿਡ ਸਕੂਲਾਂ ਨੂੰ ਵੀ 50 ਫ਼ੀਸਦੀ ਦੀ ਛੋਟ ਦਿੱਤੀ ਹੈ, ਪ੍ਰਾਈਵੇਟ ਸਕੂਲਾਂ ਲਈ ਅਤੇ ਹੋਰ ਸਟੇਟ ਸਰਕਾਰ ਲਈ ਵੀ 30 ਫ਼ੀਸਦੀ ਦੀ ਛੋਟ ਦਿੱਤੀ ਹੈ। ਇਹ ਛੋਟ ਦਿੱਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਵਿਅਕਤੀ ਪਾਣੀ ਦੇ ਟੈੱਸਟ ਕਰਾਉਣ ਲਈ ਨਹੀਂ ਆਇਆ।