ਕਿਹਾ ਵੋਟਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹਾਂਗੇ
ਮੁੱਲਾਂਪੁਰ ਦਾਖਾ ,1 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਵਿਧਾਨ ਸਭਾ ਦੀਆਂ ਚੋਣਾਂ ਵਿਚ ਹਲਕਾ ਦਾਖਾ ਤੋਂ ਵੱਡੀ ਜਿੱਤ ਪ੍ਰਾਪਤ ਕਰ ਕੇ ਵਿਧਾਇਕ ਬਣੇ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਮੁੱਲਾਂਪੁਰ ਦਾਖਾ ਦੇ ਬਾਜ਼ਾਰ ਅੰਦਰ ਇਕ ਇਕ ਦੁਕਾਨ ਤੇ ਜਾ ਕੇ ਚੋਣਾਂ ਵਿੱਚ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਭਵਿੱਖ ਅੰਦਰ ਵੀ ਸ਼ਹਿਰ ਵਾਸੀਆਂ ਦੀ ਬਿਹਤਰੀ ਲਈ ਹਰ ਯਤਨ ਕਰਨ ਦੀ ਵਚਨਬੱਧਤਾ ਪ੍ਰਗਟਾਈ। ਧੰਨਵਾਦੀ ਦੌਰੇ ਸਮੇਂ ਸ਼ਹਿਰ ਦੇ ਦੁਕਾਨਦਾਰਾਂ ਦੇ ਨਾਲ ਰੇਹੜੀ ਫੜੀ ਵਾਲਿਆਂ ਵੱਲੋਂ ਵੀ ਵਿਧਾਇਕ ਇਯਾਲੀ ਦਾ ਭਰਪੂਰ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਵਿਧਾਇਕ ਇਯਾਲੀ ਨਾਲ ਤਸਵੀਰਾਂ ਕਰਵਾਈਆਂ।
ਸ਼ਹਿਰ ਅੰਦਰ ਧੰਨਵਾਦੀ ਦੌਰਾ ਕਰਨ ਉਪਰੰਤ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਦਾਖਾ ਦੇ ਨਿਵਾਸੀਆਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹੇ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਵੀ ਵੋਟਰਾਂ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਲੋਕ ਆਪਣੇ ਇਸ ਪੁੱਤਰ ਦੀ ਲੋਕ ਭਲਾਈ ਵਾਲੀ ਕਾਰਜਸ਼ੈਲੀ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਗੇ। ਵਿਧਾਇਕ ਇਯਾਲੀ ਨੇ ਅੱਗੇ ਕਿਹਾ ਕਿ ਬੇਸ਼ੱਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪ੍ਰੰਤੂ ਉਹ ਮੁੱਲਾਂਪੁਰ ਸ਼ਹਿਰ ਦੇ ਬੁਨਿਆਦੀ ਢਾਂਚੇ ਲਈ ਨਗਰ ਕੌਂਸਲ ਨੂੰ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦੇਣਗੇ ਅਤੇ ਸ਼ਹਿਰ ਅੰਦਰ ਵਿਕਾਸ ਕਾਰਜ ਵੱਡੀ ਪੱਧਰ ਤੇ ਸ਼ੁਰੂ ਕੀਤੇ ਜਾਣਗੇ
ਉਨ੍ਹਾਂ ਪਿਛਲੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਮੁੱਲਾਂਪੁਰ ਸ਼ਹਿਰ ਅੰਦਰ ਬਗੈਰ ਕਿਸੇ ਠੋਸ ਯੋਜਨਾਬੰਦੀ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ ਜਿਸ ਕਾਰਨ ਸਰਕਾਰੀ ਪੈਸੇ ਨਾਲ ਹੋਏ ਵਿਕਾਸ ਕੰਮਾਂ ਦਾ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੋਇਆ ਪ੍ਰੰਤੂ ਭਵਿੱਖ ਅੰਦਰ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਦਾ ਵੋਟਰਾਂ ਨੂੰ ਲਾਭ ਸਪੱਸ਼ਟ ਦਿਖਾਈ ਦੇਵੇਗਾ। ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਮੁੱਲਾਂਪੁਰ ਸਾਬਕਾ ਚੇਅਰਮੈਨ, ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਸਾਬਕਾ ਕੌਂਸਲਰ ਸੱਜਣ ਬਾਂਸਲ, ਡਿੰਪਲ ਚੀਮਾ ਸਾਬਕਾ ਪ੍ਰਧਾਨ ਦੁਕਾਨਦਾਰ ਯੂਨੀਅਨ ਮੁੱਲਾਂਪੁਰ ਦਾਖਾ, ਸੁਸ਼ੀਲ ਕੁਮਾਰ ਵਿੱਕੀ ਚੌਧਰੀ ਸਾਬਕਾ ਕੌਂਸਲਰ, ਬਲਜੀਤ ਸਿੰਘ ਰਤਨ ਸਾਬਕਾ ਕੌਂਸਲਰ, ਸੁਭਾਸ਼ ਗਰਗ ਅਤੇ ਮੰਨੂ ਸ਼ਰਮਾ ਅਤੇ ਸਮੂਹ ਮੁੱਲਾਂਪੁਰ ਸ਼ਹਿਰ ਦੀ ਅਕਾਲੀ ਦਲ ਲੀਡਰਸ਼ਿਪ ਹਾਜਰ ਸਨ।