ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 36ਵਾਂ ਦਿਨ  

ਕੌਮੀ ਸ਼ਹੀਦਾਂ ਦੀ ਅਣਖ, ਨਿਡਰਤਾ ਅਤੇ ਗੁਰੂ ਦੀ ਅਜ਼ਮਤ ਲਈ ਪ੍ਰੇਮ ਸਾਨੂੰ ਜਿੰਦਗੀ ਦੇ ਅਸਲ ਰਾਹ ਤੁਰਨ ਲਈ ਸਕਰਾਤਮਕ ਜੋਸ਼ ਵੀ ਦਿੰਦਾ ਹੈ ਤੇ ਹਲੂਣਾ ਵੀ - ਦੇਵ ਸਰਾਭਾ

ਸਰਾਭਾ 28 ਮਾਰਚ (ਸਤਵਿੰਦਰ ਸਿੰਘ ਗਿੱਲ)-ਜਿੰਦਗੀ ਰੂਪੀ ਤਸਵੀਰ ਦੇ ਪਹਿਲੂਆਂ ਨੂੰ ਜੇ ਮਨ ਦੇ ਕਰੀਬ ਤੋਂ ਜੱਗ-ਜਾਹਰ ਕਰਨਾ ਚਾਹਾਂ ਤਾਂ ਕਈਆਂ ਨੂੰ ਪਸੰਦ, ਕਈਆਂ ਨੂੰ ਹਜ਼ਮ ਨਹੀਂ ਆਵੇਗਾ, ਹਾਂ ਇਹ ਜਰੂਰ ਹੋਵੇਗਾ ਕਿ ਕਿਸੇ-ਕਿਸੇ ਨੂੰ ਥੋੜਾ ਜਿਹਾ ਪਸੰਦ ਜਰੂਰ ਆਵੇਗਾ। ਬੰਦੀ ਸਿੰਘਾਂ ਦੀ ਰਿਹਾਈ ਲਈ 36 ਦਿਨ ਦੀ ਭੁੱਖ ਹੜਤਾਲ ‘ਤੇ ਬੈਠਿਆਂ ਨੂੰ ਕਵਰੇਜ਼ ਕਰਦੇ ਇਕ ਟੀ.ਵੀ. ਚੈਨਲ ਨਾਲ ਰੂ-ਬ-ਰੂ ਹੁੰਦਿਆਂ ਬਦਲਦੇਵ ਸਿੰਘ ‘ਦੇਵ ਸਰਾਭਾ’ ਨੇ ਦੱਸਿਆ ਕਿ ਮੈਂ ਆਪਣੀ ਗੱਲ ਨਹੀਂ ਕਰਦਾ ਸਗੋਂ ਸਮੁੱਚੀ ਕੌਮ ਦੀ ਗੱਲ ਕਰਾਂਗਾ ਕਿ ਜਿਹੜਾ ਵੀ ਕੌਮੀ ਕਾਰਜ਼ ਲਈ ਕਾਰਜ਼ਸ਼ੀਲ ਹੋਵੇ, ਉਸ ਵਿਚਲਾ ਕੌਮੀ ਜਜ਼ਬਾ ਹੀ ਧੌਣ ਉੱਚੀ ਕਰਨ ਅਤੇ ਕੁਝ ਕਹਿਣ ਦੀ ਹਿੰਮਤ ਪਾਉਦਾ ਹੈ। ਇਹੀ ਕਾਰਣ ਹੈ ਕਿ ਅੱਜ ਵੀ ਜੇ ਕੋਈ ਸਾਡੇ ਇਸ਼ਟ ਵੱਲ ਕੋਝੀ ਅੱਖ ਰੱਖਣ ਦੀ ਨੀਅਤ ਰੱਖਦਾ ਹੈ, ਤਾਂ ਅਸੀਂ ਉਸ ਨਾਲ ਮੱਥਾ ਲਾਉਣ ਲੱਗਿਆਂ ਢਿੱਲ ਨਹੀਂ ਕਰਦੇ, ਕਿਉਕਿ ਕੌਮੀ ਜਜ਼ਬੇ ਨੇ ਹੀ ਸਾਨੂੰ ਹੁਣ ਤੱਕ ਜਿਉਣ ਜੋਗੇ ਕਰ ਰੱਖਿਆ ਹੈ।ਅਸੀਂ ਸਭਨਾਂ ਧਰਮਾਂ-ਕੌਮਾਂ ਦਾ ਸਤਿਕਾਰ, ਸਭਨਾਂ ਦੀ ਮਰਿਆਦਾ ਅਤੇ ਸਵਿਧਾਨ ਦਾ ਵੀ ਸਤਿਕਾਰ ਕਰਦੇ ਹਾਂ। ਕਿਉਕਿ ਗੁਰੂ ਨੇ ਸਾਨੂੰ ਵਕਤ ਨੂੰ ਘੇਰਨ ਵਾਲੀ ਗੁਰਮਤਿ ਵਿਚਾਰਧਾਰਾ ਦਿੱਤੀ ਹੈ, ਇਸ ਲਈ ਉਸਦੇ ਬਖਸ਼ੇ ਕਿਰਦਾਰ ਨੂੰ ਸਾਂਭਣ ਲਈ ਕਾਰਜ਼ਸ਼ੀਲ ਰਹਿੰਦੇ ਹਾਂ। ਜੰਗਜੂ ਜਜ਼ਬੇ ਬਦੌਲਤ ਹੀ ਸਾਡਾ ਸ਼ਾਨਾਮੱਤੀ ਇਤਿਹਾਸ ਹੋਰ ਵੱਡ ਅਕਾਰੀ ਬਣ ਰਿਹਾ ਹੈ, ਬੇਸ਼ੱਕ ਕੌਮ ਦੇ ਸ਼ਰੀਕਾਂ ਦੀਆਂ ਆਸਿਓ-ਪਾਸਿਓ ਇਸਦੇ ਰਲ-ਗੱਡ ਕਰਨ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ। ਅਸੀਂ ਪੰਥਕ ਰਵਾਇਤਾਂ ਨੂੰ ਦੋਹਰਾਉਦਿਆਂ ਮੁੜ ਸੁਰਜੀਤ ਕਰ ਲੈਂਦੇ ਹਾਂ। ਸਾਡੇ ਕੌਮੀ ਸ਼ਹੀਦ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਵਰਗੇ ਸ਼ਹੀਦਾਂ ਦੀ ਅਣਖ, ਨਿਡਰਤਾ ਅਤੇ ਗੁਰੂ ਦੀ ਅਜ਼ਮਤ ਲਈ ਅਥਾਹ ਪ੍ਰੇਮ ਸਾਨੂੰ ਜਿੰਦਗੀ ਦੇ ਅਸਲ ਰਾਹ ਤੁਰਨ ਲਈ ਸਕਰਾਤਮਕ ਜੋਸ਼ ਵੀ ਦਿੰਦਾ ਹੈ ਤੇ ਹਲੂਣਾ ਵੀ। ਅੱਜ ਦੀ ਭੁੱਖ ਹੜਤਾਲ ‘ਚ ਪੱਖੋਵਾਲ ਤੋਂ ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ ਸਰਾਭਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ ,ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਦੇਵ ਸਰਾਭਾ ਨਾਲ ਸਹਿਯੋਗੀ ਬਣ ਕੇ ਭੁੱਖ ਹੜਤਾਲ ‘ਤੇ ਬੈਠੇ। ਜਦਕਿ ਪੰਚ ਬਲਰਾਜ ਸਿੰਘ ਸਰਾਭਾ ,ਜਸਵਿੰਦਰ ਸਿੰਘ ਕਾਲਖ ,ਗੁਲਜ਼ਾਰ ਸਿੰਘ ਮੋਹੀ,ਪਲਵਿੰਦਰ ਸਿੰਘ ਟੂਸੇ, ਢਾਡੀ ਕਰਨੈਲ ਸਿੰਘ ਛਾਪਾ,ਹਰਬੰਸ ਸਿੰਘ ਹਿੱਸੋਵਾਲ, ਸਤਵਿੰਦਰ ਸਿੰਘ ਸਰਾਭਾ, ਯਾਦਵਿੰਦਰ ਸਿੰਘ ਸਰਾਭਾ,ਮਨਜੀਤ ਸਿੰਘ ਪੱਪੂ ਸਰਾਭਾ,ਪਰਮਿੰਦਰ ਸਿੰਘ ਬਿੱਟੂ ਸਰਾਭਾ,ਸ਼ਿੰਗਾਰਾ ਸਿੰਘ ਟੂਸੇ ਆਦਿ ਨੇ ਅੱਜ ਹਾਜ਼ਰੀ ਭਰੀ।