ਚੀਸ ! ✍️ ਸਲੇਮਪੁਰੀ ਦੀ ਚੂੰਢੀ

ਧਰਮ ਰੂਪੀ
 ਸਿਆਸਤ
ਦਾ ਨਸ਼ਾ
ਇੰਨਾ ਵੀ
ਨ੍ਹੀਂ ਚਾਹੀਦਾ ਕਿ -
ਦੂਜੇ ਧਰਮਾਂ ਦੇ
 ਬੰਦਿਆਂ ਨੂੰ
ਡੰਗਣ ਲਈ,
ਸੂਲੀ ਟੰਗਣ ਲਈ
ਫਿਲਮਾਂ
ਵਿਖਾਈਆਂ ਜਾਣ!
ਟੈਕਸ ਮੁਕਤ ਕਰਵਾਈਆਂ ਜਾਣ!
ਤੇ
ਸੱਚ ਪੜ੍ਹਾਉਣ ਵਾਲੀਆਂ,
ਵਿਗਿਆਨ ਦਰਸਾਉਣ ਵਾਲੀਆਂ,
ਜੀਵਨ-ਜਾਚ ਸਿਖਾਉਣ ਵਾਲੀਆਂ,
ਬੰਦੇ ਨੂੰ ਬੰਦਾ ਦਾ ਪੁੱਤ ਬਣਾਉਣ ਵਾਲੀਆਂ,
ਕਿਤਾਬਾਂ ਉਪਰ
ਜੀ ਐਸ ਟੀ ਮੜ੍ਹਕੇ
 ਹਮਾਤੜਾਂ ਦੀ ਪਹੁੰਚ ਤੋਂ
ਪਰੇ ਹਟਾਈਆਂ ਜਾਣ!
'ਦ ਕਸ਼ਮੀਰ ਫਾਈਲਜ'
ਵੇਖ ਕੇ
ਹੰਝੂ ਕੇਰਨ ਵਾਲਿਓ!
ਪੀੜਾ ਬਹੁਤ ਹੈ!
ਆਓ!
 'ਜੈ ਭੀਮ'
'ਸ਼ੂਦਰ ਦ ਰਾਈਜਿੰਗ'
ਵੀ ਵੇਖ ਲਈਏ
ਸ਼ਾਇਦ -
ਸਾਡੇ ਹੰਝੂਆਂ ਦਾ ਪਾਣੀ
ਦਰਿਆ ਬਣਕੇ
ਵਹਿਣ ਲੱਗ ਪਵੇ!
ਕਿਉਂਕਿ -
ਹੱਡ-ਮਾਸ ਦੇ ਬਣੇ
 ਹਰ ਬੰਦੇ ਦੇ ਦਰਦ
ਦੀ ਚੀਸ
ਇੱਕ ਸਮਾਨ ਹੁੰਦੀ ਐ!
ਹਰ ਖੂਨ ਦਾ ਰੰਗ
ਲਾਲ ਹੁੰਦੈ !
ਅੱਖਾਂ 'ਚੋਂ
ਨਿਕਲਦੇ ਹੰਝੂਆਂ
ਦੀ ਭਾਸ਼ਾ
  ਵੱਖ ਵੱਖ ਨਹੀਂ
ਇੱਕ ਸਮਾਨ ਹੁੰਦੀ ਐ!
ਭਾਵੇਂ -
ਹਾਥਰਸ ਦੀ ਮਨੀਸ਼ਾ
ਜਿਉਂਦੀ ਜਲਦੀ ਹੋਵੇ !
ਭਾਵੇਂ -
ਕਿਸੇ ਕਿਸਾਨ ਦੀ,
 ਬੇਰੁਜਗਾਰ ਦੀ
ਕਿਸੇ ਰੁੱਖ ਨਾਲ
ਲਟਕਦੀ ਲਾਸ਼ ਹੋਵੇ!
ਜਾਂ ਭੁੱਖ ਨਾਲ
 ਤੜਫ ਤੜਫ ਕੇ ਨਿਕਲਦੀ
ਜਾਨ ਹੋਵੇ!
ਦਲਿਤ ਤਾਂ ਸਦੀਆਂ ਤੋਂ
ਤਨ ਮਨ 'ਤੇ
ਦਰਦਾਂ ਦੀ ਅੱਗ
ਹੰਢਾਉਂਦੇ ਆ ਰਹੇ ਨੇ !
  ਮੁੱਛ ਰੱਖਣਾ ,
ਘੋੜੀ ਚੜ੍ਹਨਾ ,
ਬਰਾਬਰ ਖੜ੍ਹਨਾ,
ਉਨ੍ਹਾਂ ਲਈ
ਪਹਾੜ ਜਿੱਡੀ ਆਫਤ
ਬਣ ਜਾਂਦੈ !
ਕੰਨਾਂ ਵਿਚ ਸਿੱਕੇ
ਢਾਲਣਾ,
ਪਿਛੇ ਝਾੜੂ
ਬੰਨ੍ਹਣਾ!
ਛੱਪੜਾਂ ਚੋਂ
ਪਾਣੀ ਭਰਨੋਂ
ਰੋਕਣਾ!
ਵੇਖ ਕੇ
ਕਿਸੇ ਨੂੰ ਤਰਸ ਨਹੀਂ ਆਉਂਦਾ!
ਨਾ ਅੱਖ 'ਚੋਂ ਹੰਝੂ
ਆਉਂਦਾ!
ਨਾ ਦਿਲ 'ਚੋਂ
ਚੀਸ ਉੱਠਦੀ ਆ!
 ਹੱਡ-ਮਾਸ ਦੇ ਬਣੇ
 ਬੰਦੇ ਉਪਰ  ਢਾਹੇ
ਜੁਲਮ ਪਿਛੋਂ
ਨਿਕਲੀ  ਚੀਕ।
ਆਂਦਰਾਂ 'ਚੋਂ
ਉੱਠੀ ਚੀਸ!
ਇੱਕ ਸਮਾਨ ਹੁੰਦੀ ਆ!
ਜੁਲਮ
ਭਾਵੇਂ ਦਲਿਤਾਂ ਉਪਰ ਹੋਵੇ
ਭਾਵੇਂ ਸਿੱਖਾਂ,
ਬੋਧੀਆਂ,
ਮੁਸਲਮਾਨਾਂ,
ਇਸਾਈਆਂ,
ਜਾਂ ਫਿਰ
ਹਿੰਦੂਆਂ ਉਪਰ ਹੋਵੇ!
ਜਾਂ ਫਿਰ ਯੂਕਰੇਨ
ਜਾਂ ਰੂਸ ਦੇ ਬੰਦਿਆਂ ਉਪਰ
ਢਾਹਿਆ ਹੋਵੇ!
ਜੁਲਮ ਦੇ ਦਰਦ
ਦੀ ਪਰਿਭਾਸ਼ਾ
ਦੇ ਕਦੀ ਅਰਥ ਨਹੀਂ ਬਦਲਦੇ,
ਜੇ ਬਦਲਦੀ ਹੈ ਤਾਂ,
ਮਾਨਸਿਕਤਾ ਬਦਲਦੀ ਐ!
ਜਿਹੜੀ ਬਦਲ ਕੇ
ਨਿਪੁੰਸਕ ਹੋ ਜਾਂਦੀ ਐ!

-ਸੁਖਦੇਵ ਸਲੇਮਪੁਰੀ
09780620233
22 ਮਾਰਚ, 2022.