ਗੱਠਜੋੜ ਨੂੰ ਨਹੀਂ ਪਵਾਈ ਅਕਾਲੀ ਆਗੂਆਂ ਨੇ ਵੋਟ, ਤੇ ਖਰਚੇ ਲਈ ਮੰਗੇ ਪੈਸੇ-ਵੀਰ
ਸੰਤ ਘੁੰਨਸ ਨੇ ਆਪਣੇ ਤੇ ਲਾਏ ਦੋਸ਼ਾਂ ਨੂੰ ਨਕਾਰਿਆ
ਮਹਿਲ ਕਲਾਂ/ਬਰਨਾਲਾ- 21 ਮਾਰਚ- (ਗੁਰਸੇਵਕ ਸੋਹੀ )ਪੰਜਾਬ ਅੰਦਰ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਹਲਕਾ ਮਹਿਲ ਕਲਾਂ ਵਿੱਚ ਉਕਤ ਗੱਠਜੋੜ ਵਿੱਚ ਦਰਾਰ ਪੈਣੀ ਸ਼ੁਰੂ ਹੋ ਗਈ। ਤਾਜ਼ਾ ਮਿਸਾਲ ਬਸਪਾ ਦੇ ਹਲਕਾ ਇੰਚਾਰਜ ਤੇ ਗੱਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਉੱਤੇ ਗੰਭੀਰ ਦੋਸ਼ ਲਾਏ ਹਨ। ਮਹਿਲ ਕਲਾਂ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੱਲੋਂ ਗੱਠਜੋੜ ਦੀ ਕੋਈ ਮਦਦ ਨਹੀਂ ਕੀਤੀ ਗਈ। ਤੇ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਅਤੇ ਉਨ੍ਹਾਂ ਦੇ ਆਗੂਆਂ ਵੱਲੋਂ ਗੱਠਜੋੜ ਦੀ ਕੋਈ ਮਦਦ ਨਹੀਂ ਕੀਤੀ ਗਈ । ਸਗੋ ਵਿਰੋਧੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਭੁਗਤਾਈਆਂ ਹਨ।ਜੋ ਵੋਟਾਂ ਗੱਠਜੋੜ ਨੂੰ ਪਈਆਂ ਹਨ ਉਹ ਸਿਰਫ਼ ਬਸਪਾ ਵਰਕਰਾਂ ਵੱਲੋਂ ਹੀ ਵੋਟਿੰਗ ਕੀਤੀ ਗਈ। ਜਦਕਿ ਸੰਤ ਬਲਵੀਰ ਸਿੰਘ ਘੁੰਨਸ ਨੇ ਆਪਣੇ ਆਗੂਆਂ ਨੂੰ ਵੋਟ ਪਾਉਣ ਲਈ ਵੀ ਨਹੀਂ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਵੱਲੋਂ ਉਨ੍ਹਾਂ ਨੂੰ 8 ਹਜਾਰ ਰੁਪਏ ਪ੍ਰਤੀ ਬੂਥ ਖਰਚਾ ਦੇਣ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਦੇਣ ਤੋਂ ਉਹ ਅਸਮਰੱਥ ਸੀ। ਵੀਰ ਨੇ ਦੋਸ਼ ਲਾਇਆ ਕਿ ਵੋਟਾਂ ਤੋਂ ਇਕ ਦਿਨ ਪਹਿਲਾਂ ਸੰਤ ਘੁੰਨਸ ਨਾਲ ਗੱਲ ਕਰ ਰਿਹਾ ਸੀ ਤਾਂ ਸੰਤ ਘੁੰਨਸ ਕਹਿਣ ਲੱਗੇ ਕਿ ਵੀਰ ਅਜੇ ਇਕ ਰਾਤ ਬਾਕੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਜੀਤ ਸਿੰਘ ਸ਼ਾਂਤ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਸਨ, ਜਦਕਿ ਵੱਖਰੀ ਤੌਰ ਤੇ ਲੜ ਰਹੀ ਬਸਪਾ ਨੂੰ ਪੰਜ ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ। ਗੱਠਜੋੜ ਦੀ ਏਨੀ ਵੋਟ ਹੋਣ ਦੇ ਬਾਵਜੂਦ ਸਿਰਫ਼ 10 ਹਜ਼ਾਰ ਵੋਟ ਰਹਿ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਬਸਪਾ ਪੰਜਾਬ ਇੰਚਾਰਜ ਨੂੰ ਜਾਣੂ ਕਰਾ ਦਿੱਤਾ ਗਿਆ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਕੇ ਪੂਰੀ ਗੱਲਬਾਤ ਦੱਸਣਗੇ। ਉਨ੍ਹਾਂ ਕਿਹਾ ਕਿ ਗੱਠਜੋੜ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਗੱਠਜੋੜ ਵਿਰੁੱਧ ਭੁਗਤਣ ਵਾਲਿਆਂ ਖ਼ਿਲਾਫ਼ ਉਹ ਅਨੁਸ਼ਾਸਨੀ ਕਾਰਵਾਈ ਦੀ ਮੰਗ ਜ਼ਰੂਰ ਕਰਨਗੇ।
ਨਤੀਜੇ ਆਉਣ ਤੋਂ ਇੰਨਾ ਲੰਮਾ ਸਮਾਂ ਬਾਅਦ ਪ੍ਰੈੱਸ ਕਾਨਫਰੰਸ ਦੇ ਕਾਰਨਾਂ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦੇ ਬੂਥ ਲੈਵਲ ਤੇ ਇਸ ਹਾਰ ਦਾ ਮੰਥਨ ਕਰ ਰਹੇ ਸਨ,ਜਿਸ ਤੋਂ ਸਥਿਤੀ ਸਾਫ਼ ਹੋ ਗਈ। ਉਨ੍ਹਾਂ ਗੱਠਜੋੜ ਦੇ ਆਗੂਆਂ ਅਤੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਵੀ ਡਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਬਸਪਾ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਜੱਸੀ,ਹਵਾ ਸਿੰਘ ਹਨ੍ਹੇਰੀ,ਸੀਨੀਅਰ ਆਗੂ ਹਰਬੰਸ ਸਿੰਘ ਛੀਨੀਵਾਲ,ਅਮਰੀਕ ਸਿੰਘ ਕੈਂਥ,ਸੁਖਦੇਵ ਸਿੰਘ ਟਿੱਬਾ ਸਮੇਤ ਸੀਨੀਅਰ ਆਗੂ ਹਾਜ਼ਰ ਸਨ।
ਕੀ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸੰਤ ਘੁੰਨਸ
ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਤੋਂ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਹਨ।ਸੰਤ ਘੁੰਨਸ ਨੇ ਕਿਹਾ ਕਿ ਉਹ ਗੱਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਦੇ ਧਿਆਨ ਵਿਚ ਲਿਆ ਰਹੇ ਸਨ, ਕਿ ਇਕ ਬੂਥ ਤੇ 8 ਹਜ਼ਾਰ ਦੇ ਕਰੀਬ ਖ਼ਰਚ ਆਉਂਦਾ ਹੈ। ਜਿਸ ਨੂੰ ਉਹ ਗ਼ਲਤ ਸਮਝ ਗਏ। ਸੰਤ ਘੁੰਨਸ ਨੇ ਕਿਹਾ ਕਿ ਚਮਕੌਰ ਸਿੰਘ ਵੀਰ ਦੀ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਅਕਾਲੀ ਆਗੂ ਅਤੇ ਵਰਕਰ ਨੇ ਉਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਵੀ ਖਰਚਾ ਨਹੀਂ ਲਿਆ ਸਗੋਂ ਆਪਣੇ ਖਰਚੇ ਤੇ ਚੋਣ ਪ੍ਰਚਾਰ ਕਰਦੇ ਰਹੇ।ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਹਲਕਾ ਮਹਿਲ ਕਲਾਂ ਹੀ ਕਿ ਸਮੁੱਚੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਵੱਡੇ ਚਿਹਰੇ ਵੀ ਚੋਣ ਹਾਰ ਗਏ। ਉਨ੍ਹਾਂ ਕਿਹਾ ਕਿ ਉਮੀਦਵਾਰ ਚਮਕੌਰ ਸਿੰਘ ਵੀਰ ਨੂੰ ਅਜਿਹੇ ਦੋਸ਼ ਨਹੀਂ ਲਾਉਣੇ ਚਾਹੀਦੇ। ਉਨ੍ਹਾਂ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਸਪਾ ਨਾਲ ਕੀਤੇ ਗਏ ਗੱਠਜੋੜ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਣਗੇ।