ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 27 ਵਾਂ ਦਿਨ

ਮੁੱਖ ਮੰਤਰੀ ਭਗਵੰਤ ਮਾਨ ,ਕੇਜਰੀਵਾਲ ‘ਤੇ ਜੋਰ ਦੇਣ ਤਾਂ ਕਿ ਪ੍ਰੋ: ਭੁੱਲਰ ਦੀ ਰਿਹਾਈ ਦੇ ਰਾਹ ‘ਚ ਬਣੀ ਰੁਕਾਵਟ ਦੂਰ ਹੋ ਸਕੇ-ਦੇਵ ਸਰਾਭਾ

ਮੁੱਲਾਪੁਰ ਦਾਖਾ 19 ਮਾਰਚ ( ਸਤਵਿੰਦਰ ਸਿੰਘ ਗਿੱਲ)-ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ 27 ਦਿਨਾਂ ਤੋਂ ਬੈਠਾ ਆਉਦੇ-ਜਾਂਦੇ ਨੂੰ ਵੇਖਦਾ ਬਹੁਤ ਕੁਝ ਸਮਝਣ ਲੱਗਿਆ ਹਾਂ। ਇਸੇ ਤਰ੍ਹਾਂ ਖਟਕੜ ਕਲਾਂ ਜਾਣ ਵਾਲਿਆਂ ਦਾ ਵੀ ਲੱਖਾਂ ਦਾ ਵੱਡਾ ਇਕੱਠ ਦੂਜੇ ਪਾਸੇ ਹੋਲਾ-ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲਿਆਂ ਦਾ ਵੀ ਲੱਖਾਂ ਦਾ ਇਕੱਠ ਦੱਸਿਆ ਜਾਂਦਾ ਹੈ।ਖੈਰ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਜਦੋਂ ਘਟਨਾਵਾਂ ਇਕੋ ਵੇਗ ਦੀਆਂ ਹੋਣ, ਤਾਂ ਸੂਝਵਾਨ ਸੱਜਣ ਉਨ੍ਹਾਂ ਦੀ ਤੰਦ ਫੜ੍ਹਨ ਤੁਰ ਪੈਂਦੇ ਆ, ਕਿ ਕਿਧਰੋਂ ਕੋਈ ਤਾਰ ਤਾਂ ਨਹੀਂ ਹਿੱਲਦੀ!
ਗੰਭੀਰਤਾ ਨਾਲ ਵਿਚਾਰਾਂ ਦੀ ਸਾਂਝ ਪਾਉਦਿਆਂ ਦਲਵਾਰਾ ਸਿੰਘ ਟੂਸੇ, ਸ਼ਿੰਗਾਰਾ ਸਿੰਘ ਟੂਸੇ,ਢਾਡੀ ਕਰਨੈਲ ਸਿੰਘ ਸੋਢਾ ਛਾਪਾ,ਰਣਜੀਤ ਸਿੰਘ ਅੱਬੂਵਾਲ, ਬਲਦੇਵ ਸਿੰਘ ਦੇਵ ਸਰਾਭਾ  ਸਹਿਯੋਗੀਆਂ ਨਾਲ ਭੁੱਖ ਹੜਤਾਲ ‘ਤੇ ਬੈਠੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਦੱਸਿਆ ਕਿ ਬੈਠੇ-ਬੈਠੇ ਨੂੰ ਜਦ ਕੋਈ ਦੱਸਦਾ ਹੈ ਕਿ ਫਲਾਣੇ ਸਕੂਲ-ਫਲਾਣੇ ਹਸਪਤਾਲ-ਫਲਾਣੇ ਪਟਵਾਰਖਾਨੇ-ਫਲਾਣੇ ਥਾਣੇ ਫਲਾਣਿਆ ਨੇ ਛਾਪਾ ਮਾਰਿਆ ਤਾਂ ਸਮਝ ਪੈਂਦੀ ਆ ਕਿ ਇਕੋ ਰਾਹ ਤੁਰੇ ਹੋਏ ਨੇ। ਫੇਰ ਪੜਚੋਲ ਕਰਨ ਲੱਗੀਦਾ ਕਿ ਹੋ ਕੀ ਰਿਹਾ। ਕੋਈ ਹਾਰਿਆ ਹੋਇਆ ਵੀ ਮੰਦ-ਮੰਦ ਮੁਸਕਰਾਈ ਜਾਵੇ ਕਿ ਮੈਨੂੰ ਹੂਝਣ ਵਾਲਿਆਂ ਨੇ ਉਨ੍ਹਾਂ ਨਾਲ ਹੀ ਸਿਆਪਾ ਪਾ ਲਿਆ। ਕੀ ਉਹ ਦਿਨ ਪਰਤਣ ਦੀ ਆਸ ਲਾਈ ਬੈਠਦੇ ਆ? ਕੋਈ ਕਹਿੰਦਾ ਸੁਣੀਦਾ ਕਿ ਸਾਨੂੰ ਫਜ਼ੂਲ ਖਰਚਿਆਂ ਨਾਲ ਭੰਡਣ ਵਾਲੇ ਵੀ ਹੁੰਝੇ ਗਏ, ਉਹ ਵੀ ਹੁਣ ਤੋਂ ਦਿਨ ਪਰਤਣ ਦੀਆਂ ਆਸਾਂ ਲਾਉਣ ਲੱਗੇ ਨੇ। ਰਵਾਇਤੀ ਹਲਕਾ ਇੰਚਾਰਜਾਂ ਦੀਆਂ ਗੱਲਾਂ ਕਰਨ ਵਾਲੇ ਜਿੱਤੇ-ਹਾਰੇ ਧੋਸ ਨਾਲ ਚਲਾਉਦੇ ਸੀ, ਕਈ ਵਾਰੀ ਭੁਲੇਖਾ ਪੈਂਦਾ, ਕਿ ਉਹੋ-ਜਿਹੇ ਹੁਣ ਵੀ ਹਰਲ-ਹਰਲ ਤੁਰੇ-ਫਿਰਦੇ ਨੇ। ਸਾਡੇ ਬਜ਼ੁਰਗਾਂ ਦੀ ਉਹ ਗੱਲ ਯਾਦ ਆਉਦੀ ਆ, ਜਦੋਂ ਉਹ ਕਾਂ ਮਾਰ ਕੇ ਟੰਗ ਦਿੰਦੇ ਸੀ, ਫੇਰ ਫਸਲ ਦੇ ਛਿਿਟਆਂ ਨੂੰ ਕਾਵਾਂ ਦੇ ਡੁੰਗਣ ਤੋਂ ਬਚਾ ਰਹਿੰਦਾ ਸੀ। ਬੈਠੇ-ਬੈਠੇ ਸੋਚੀਦਾ ਕਿ ਡਰਿਆਂ ਨੂੰ ਕੀ ਡਰਾਉਣਾ? ਸੰਭਲਿਆਂ ਨੂੰ ਸੰਭਲ ਨਹੀਂ ਹੋਣਾ। ਜਦੋਂ ਸਿਸਟਮ ਮੌਜੂਦ ਹੈ ਤਾਂ ਉੱਪਰੋਂ ਕਿਉਂ ਨੀ ਬਾਹ ਮਰੋੜਦੇ? ਗਲਤੀਆਂ ਨੇ ਤਾਂ ਜਰੂਰ ਸੁਧਾਰੋ- ਡਰ ਪੈਦਾ ਨਾ ਕਰੋ, ਲੋਕਾਂ ਨੇ ਕਿਸੇ ਉਮੀਦ ਨਾਲ ਹੂੰਝਾ ਫੇਰਿਆ ਹੈ। ‘ਦੇਵ ਸਰਾਭਾ’ ਨੇ ਖੁਦ ਦਾ ਹਵਾਲਾ ਦਿੰਦਿਆਂ ਕਿਹਾ ਮੈਂਨੂੰ ਵੀ ਅਕਲ ਦੇਣ ਵਾਲੇ ਕਹਿੰਦੇ ਹੁੰਦੇ ਨੇ ਤੂੰ ਡੀ.ਸੀ. ਦਫਤਰ ਸਾਹਮਣੇ ਲਗਾਤਾਰ ਭੁੱਖ ਹੜਤਾਲ ‘ਤੇ ਬੈਠ, ਪਰ ਮੈਂ ਕਿਸੇ ਸਿਆਸੀ ਧਿਰ ਲਈ ਜਾਂ ਸਿਆਸੀ ਲਾਭ ਲਈ ਨਹੀਂ ਬੈਠਾਂ, ਮੈਂ ਤਾਂ ਲੋਕ ਭਾਵਨਾਵਾਂ ਦੀ ਅਵਾਜ਼ ਹੁਕਮਰਾਨਾਂ ਤੱਕ ਪਹੁੰਚਾਣ ਲਈ ਸਤਾਈ ਦਿਨਾਂ ਤੋਂ ਦਿਨ ਭਰ ਦੀ ਭੁੱਖ ਹੜਤਾਲ ‘ਤੇ ਬੈਠਦਾ ਹਾਂ। ਇਸ ਆਸ ਨਾਲ ਕਿ ਇਕ ਦਿਨ ਸੁਣੀ ਜਾਵੇਗੀ। ਅੱਜ ਉਹ ਦਿਨ ਆ ਗਏ ਨੇ ਜਦੋਂ ਦਿੱਲੀ ਵਾਲਿਆਂ ਦੀ ਪੰਜਾਬ ‘ਚ ਵੀ ਸਰਕਾਰ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਰ-ਰਸੂਖ ਵਰਤਣਾ ਚਾਹੀਦਾ ਹੈ, ਕਿ ਉਹ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਕੇ ਜੋਰ ਦੇਣ ਤਾਂ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਰਾਹ ‘ਚ ਬਣਦੀ ਰੁਕਾਵਟ ਦੂਰ ਕਰ ਹੋ ਸਕੇ। ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ, ਸੁਖਦੇਵ ਸਿੰਘ ਟੂਸਾ ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਬਲੌਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ, ਮਾਸਟਰ ਜਗਤਾਰ ਸਿੰਘ ਸਰਾਭਾ ,ਜਸਵਿੰਦਰ ਸਿੰਘ ਕਾਲਖ, ਨਿਰਭੈ ਸਿੰਘ ਅੱਬੂਵਾਲ  ਪਰਮਿੰਦਰ ਸਿੰਘ ਬਿੱਟੂ ਸਰਾਭਾ, ਤੁਲਸੀ ਸਿੰਘ ਸਰਾਭਾ ਤਜਿੰਦਰ ਸਿੰਘ ਖੰਨਾ ਜੰਡ,ਮੋਹਨ ਸਿੰਘ ਮੋਮਨਾਬਾਦੀ  ਆਦਿ ਨੇ ਭੁੱਖ ਹੜਤਾਲ ‘ਚ ਹਾਜ਼ਰੀ ਭਰੀ।