ਅੰਤਰਰਾਸ਼ਟਰੀ ਔਰਤ ਦਿਵਸ ✍️ ਜਸਵੰਤ ਕੌਰ ਬੈਂਸ ਲੈਸਟਰ ਯੂ ਕੇ

ਔਰਤਾਂ ਦਾ ਹਮੇਸ਼ਾ ਤੋਂ ਹੀ ਦੁਨੀਆਂ ਦੇ ਹਰ ਸਮਾਜ ਵਿੱਚ ਬਹੁਤ ਸਾਰੇ ਕੰਮਾਂ ਵਿੱਚ ਯੋਗਦਾਨ ਰਿਹਾ ਹੈ। ਜਿਸ ਨੂੰ ਕੋਈ ਵੀ ਕੌਮ ਅੱਖੋਂ ਉਹਲੇ ਨਹੀਂ ਕਰ ਸਕਦੀ। ਔਰਤ ਦੀ ਹੋਂਦ ਤੋਂ ਬਿਨਾ ਦੁਨੀਆ ਵਿੱਚ ਸਮਾਜ ਦਾ ਵਿਕਾਸ ਜਾਂ ਸਮਾਜ ਦਾ ਹੋਣਾ ਹੀ ਨਾਮੁਮਕਿੰਨ ਹੈ। ਦੁਨੀਆਂ ਵਿੱਚ ਅੱਜ ਦੇ ਸਮੇਂ ਵਿੱਚ ਔਰਤ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਸ਼ਾਇਦ ਔਰਤਾਂ ਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੋਵੇ ਕਿ ਦੁਨੀਆਂ ਔਰਤ ਦਿਵਸ ਨੂੰ ਮਨਾਉਣ ਲਈ ਮਾਨਤਾ ਦਿੰਦੀ ਹੈ ਅਤੇ ਐਨੀ ਉੱਚੀ ਪੱਧਰ ਤੇ ਮਨਾਇਆ ਜਾਂਦਾ ਹੈ। ਔਰਤਾਂ ਵੀ ਹਰ ਕੰਮ ਵਿੱਚ ਅੱਗੇ ਹੋ ਕੇ ਕੰਮ ਕਰਦੀਆਂ ਹਨ। ਔਰਤਾਂ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰਦੀਆਂ ਹਨ। ਪੜਾਈ, ਲਿਖਾਈ, ਘਰ ਦੇ ਕੰਮ, ਬਾਹਰ ਦੇ ਕੰਮ ਔਰਤਾਂ ਕਰਦੀਆਂ ਹਨ। ਪ੍ਰੀਵਾਰਾਂ ਦੀ ਦੇਖ ਭਾਲ, ਬੱਚਿਆਂ ਦੀ ਦੇਖ ਭਾਲ, ਜੌਬ ਹਰ ਕੰਮ ਦੌੜ ਭੱਜ ਕੇ ਖੁਸ਼ ਹੋ ਕੇ ਕਰਦੀਆਂ ਹਨ। ਔਰਤ ਦਿਵਸ ਦੇ ਇਤਿਹਾਸ ਅਨੁਸਾਰ ਇਸ ਦਿਨ ਨੂੰ ਇਸ ਲਈ ਮਨਾਉਣਾ ਸ਼ੁਰੂ ਕੀਤਾ ਸੀ ।ਕਿਉਂਕਿ ਔਰਤਾਂ ਨੇ ਵੀ  ਉਸ ਸਮੇਂ ਵਿੱਚ ਆਰਥਿਕ, ਰਾਜਨੀਤਕ, ਸਮਾਜਿਕ ਖੇਤਰ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ।ਔਰਤਾਂ ਦਾ ਯੋਗਦਾਨ ਵਿਰਸੇ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ, ਸੁਸਾਇਟੀ ਵਿੱਚ ਵਧੀਆ ਯੋਗਦਾਨ ਪਾਉਣ ਲਈ ਔਰਤਾਂ ਲਈ ਸਾਲ ਵਿੱਚ ਇਹ ਇੱਕ ਦਿਨ ਚੁਣਿਆ ਗਿਆ ਅਤੇ ਜਿਸਨੂੰ  ਔਰਤ ਦਿਵਸ ਕਹਿ ਕੇ ਮਾਨਤਾ ਦਿੱਤੀ ਗਈ।
  ਔਰਤ ਦਿਵਸ history. com ਅਨੁਸਾਰ ਔਰਤਾਂ ਵੱਲੋਂ ਸਮਾਜਿਕ ਖੇਤਰ, ਆਰਥਿਕ ਖੇਤਰ, ਕਲਚਰ ਵਿੱਚ ਅਤੇ ਸੁਸਾਇਟੀ ਦੇ ਲਈ ਪਾਏ ਯੋਗਦਾਨ ਕਰਕੇ ਸਭ ਤੋਂ ਪਹਿਲੀ ਵਾਰ 8 ਮਾਰਚ ਸੰਨ 1911 ਵਿੱਚ ਪਹਿਲੀ ਵਾਰ ਕਈ ਦੇਸ਼ਾਂ ਵੱਲੋਂ ਛੁੱਟੀ ਕਰਕੇ ਉੱਚੀ ਪੱਧਰ ਨਾਲ ਮਨਾਇਆ ਗਿਆ। ਔਰਤਾਂ ਨੂੰ ਤੋਹਫ਼ੇ ਅਤੇ ਫੁੱਲ ਵੀ ਮਾਣ ਦੇ ਤੌਰ ਤੇ ਭੇਂਟ ਕੀਤੇ ਗਏ। ਯੂਨਾਈਟਡ ਨੇਸ਼ਨ ( United Nation) ਸੰਨ 1975 ਤੋਂ ਲੈ ਕੇ ਹੁਣ ਤੱਕ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਪੌਂਸਰ ਕਰ ਰਿਹਾ ਹੈ। ਜਦੋਂ ਇਸ ਦਿਨ ਨੂੰ ਮਾਨਤਾ ਦੇ ਨਾਲ ਮਨਾਇਆ ਜਾਣ ਲੱਗਾ। ਫੇਰ ਯੂਨਾਈਡ ਨੇਸ਼ਨਜ਼ ਜਨਰਲ ਅਸੈਂਬਲੀ ਇਸ ਦਿਵਸ ਨੂੰ ਮਨਾਉਣ ਦਾ ਇਹ ਵੀ ਕਾਰਨ ਕਹਿ ਰਹੀ ਹੈ ਕਿ ……..
ਸਮਾਜਿਕ ਸ਼ਾਂਤੀ ਕਾਇਮ ਕਰਨਾ, ਸਮਾਜਿਕ ਤਰੱਕੀ ਕਰਨਾ, ਮਨੁੱਖਤਾ ਦੇ ਅਧਿਕਾਰਾਂ ਦਾ ਅਤੇ ਪੂਰਣ ਅਜ਼ਾਦੀ ਦਾ ਪ੍ਰਯੋਗ ਕਰਨਾ, ਖੁਸ਼ੀ ਮਾਨਣਾ, ਔਰਤਾਂ ਵਿੱਚ ਏਕਤਾ ਦਾ ਵਿਕਾਸ ਕਰਨਾ ਆਦਿ। ਔਰਤਾਂ ਦੀ ਏਕਤਾ, ਤਾਕਤ, ਸੁਰੱਖਿਆ ਅਤੇ ਸ਼ਾਂਤੀ ਕਾਇਮ ਰੱਖਣ ਨੂੰ ਮਾਨਤਾ ਦਿੱਤੀ ਗਈ ਹੈ।
ਦਾ ਨੈਸ਼ਨਲ ਵੋਮਨਜ਼ ਹਿਸਟਰੀ ਅਲਾਂਇੰਸ( The National women’s History Alliance) ਨੇ ਵੋਮੈਨ ਹਿਸਟਰੀ ਮੰਥ( Women History Month) ਮਨਾਉਣੇ ਲਈ ਥੀਮ ਕਰਨ ਦਾ ਅਹੁਦਾ ਸੌਂਪਿਆ ਹੈ ਜਿਸ ਵਿੱਚ ਸਾਲ 2022 ਦਾ ਥੀਮ ਤੇ ਕੰਮ ਕਰਨ ਲਈ ਕਿਹਾ ਹੈ ਜੋ ਥੀਮ ਹਨ “ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ”  ਅਤੇ “ਉਮੀਦ ਨੂੰ ਉਤਸ਼ਾਹਿਤ ਕਰਨਾ” ਹੈ, ਜੋ ਅੰਗਰੇਜ਼ੀ ਵਿੱਚ “Women Providing Healing” and “ Promoting Hope”  ਹਨ। ਇਹ ਥੀਮ
ਕੇਅਰ ਵਰਕਰ ਅਤੇ ਫਰੰਟ ਲਾਈਨ ਵਰਕਰਾਂ ਨੂੰ ਉਤਸ਼ਾਹਿਤ ਕਰ ਕੇ ਉੱਨਾਂ ਨੂੰ ਸਮਾਜ ਵਿੱਚ ਪਹਿਚਾਣ ਦੇਣਾ ਹੈ (history .com)।
ਕੋਵਿਡ-19 ਦਾ ਦੌਰ ਭਿਆਨਕ ਮਹਾਂਮਾਰੀ ਦਾ ਦੌਰ ਰਿਹਾ। ਜਿਸ ਨੂੰ ਸਾਰੀ ਦੁਨੀਆ ਨੇ ਦੇਖਿਆ ਅਤੇ ਪਿੰਡੇ ਤੇ ਹੰਢਾਇਆ। ਇਹ ਸਮਾਂ ਸਾਰੀ ਦੁਨੀਆਂ ਤੇ ਭਾਰੀ ਸਮਾਂ ਸੀ। ਇਸ ਸਮੇਂ ਵਿੱਚ ਵੀ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੇ ਆਪਣੀ ਜਾਨ ਤੇ ਖੇਲ ਕੇ, ਆਪਣੇ ਪ੍ਰੀਵਾਰਾਂ ਨੂੰ ਰੋਲ ਕੇ , ਸਾਰੀ ਦੁਨੀਆਂ ਵਿੱਚ ਕੋਵਿਡ-19 ਮਹਾਂਮਾਰੀ ਦੇ ਸ਼ਿਕਾਰ ਮਰੀਜ਼ਾਂ ਨੂੰ ਬਚਾਇਆ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਲੰਬੀਆਂ ਸ਼ਿਫਟਾਂ ਤੇ ਬਿਨਾਂ ਅਰਾਮ ਕੀਤਿਆਂ ਲਗਾਤਾਰ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਸੇਵਾਵਾਂ ਨਿਭਾਈਆਂ। ਔਰਤਾਂ ਨੇ ਅੱਗੇ ਹੋ ਕੇ ਸੇਵਾਵਾਂ ਨਿਭਾ ਕੇ ਸਾਬਤ ਕਰ ਕੇ ਦਿਖਾ ਦਿੱਤਾ ਕਿ ਔਰਤਾਂ ਇਲਾਜ ਪ੍ਰਦਾਨ ਕਰਦੀਆਂ ਹਨ। ਉਮੀਦ ਨੂੰ ਉਤਸ਼ਾਹਿਤ ਕਰਦੀਆਂ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਦੀ ਉਮੀਦ ਨੂੰ ਉਤਸ਼ਾਹਿਤ ਕਰੀਏ। ਜਿਨਾਂ ਨੇ ਕੋਵਿਡ 19 ਦੇ ਭਿਆਨਕ ਦੌਰ ਵਿੱਚ ਦੁਨੀਆਂ ਦੀ ਜਾਨ ਬਚਾਈ ਹੈ। ਸਭ ਦਾ ਵੀ ਫਰਜ਼ ਬਣਦਾ ਹੈ ਕਿ 2022 ਦੇ ਔਰਤ ਦਿਵਸ ਨੂੰ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਦਿਲੋਂ ਧੰਨਵਾਦ ਕਰੀਏ।
ਇਸੇ ਤਰਾਂ ਪੰਜਾਬ ਵਿੱਚ ਇਸ ਮਹਾਮਾਰੀ ਦੇ ਸਮੇਂ ਵਿੱਚ ਪਿੰਡੇ ਤੇ ਲੂੰ ਕੰਡੇ ਖੜੇ ਕਰਨ ਵਾਲਾ ਕਿਸਾਨੀ ਸਘੰਰਸ਼ ਸ਼ੁਰੂ ਹੋਇਆ। ਜਿਸ ਵਿੱਚ ਵੀ ਔਰਤਾਂ ਦਿੱਲੀ ਦੇ ਵਾਡਰਾਂ ਤੇ ਪੂਰੇ ਸਾਲ ਤੋਂ ਵੀ ਵੱਧ ਸਮਾਂ ਸੜਕਾਂ ਤੇ ਧਰਨੇ ਦੇ ਕੇ ਕਿਸਾਨਾਂ ਨਾਲ ਬੈਠੀਆਂ ਰਹੀਆਂ ਸਨ। ਅਖੀਰ ਤੱਕ ਪੂਰਾ ਸਾਥ ਦੇ ਕੇ ਕਿਸਾਨਾਂ ਨਾਲ ਜਿੱਤ ਪਾ ਕੇ ਵਾਪਸ ਮੁੜੀਆਂ। ਉਨਾਂ ਦੇ ਹੌਸਲੇ ਪੂਰਾ ਸਾਲ ਬੁਲੰਦ ਰਹੇ। ਉਨ੍ਹਾਂ ਦੇ ਜੈਕਾਰੇ ਵੀ ਉੱਚੀ ਉੱਚੀ ਹਵਾਵਾਂ ਵਿੱਚ ਗੂੰਜਦੇ ਰਹੇ।ਦੁੱਖ ਦੀਆਂ ਕਾਲੀਆਂ ਰਾਤਾਂ ਔਰਤਾਂ ਨੇ ਵੀ ਕਿਸਾਨਾਂ ਨਾਲ ਮਿਲ ਕੇ ਆਪਣੇ ਪਿੰਡੇ ਤੇ ਹੰਢਾਈਆਂ। ਸਾਡਾ ਵੀ ਫਰਜ਼ ਬਣਦਾ ਹੈ ਜੋ ਔਰਤਾਂ ਕਿਸਾਨੀ ਸਘੰਰਸ਼ ਦਾ ਹਿੱਸਾ ਬਣ ਕੇ ਜੂਝੀਆਂ ਉਨ੍ਹਾਂ ਨੂੰ ਸਤਿਕਾਰ ਅਤੇ ਦੁਆਵਾਂ ਦਈਏ। ਜਿਨਾਂ ਦੇ ਪੁੱਤਰ, ਪਤੀ, ਪਿਤਾ ਸਘੰਰਸ਼ ਵਿੱਚ ਸ਼ਹੀਦੀਆਂ ਪਾ ਗਏ। ਉਨਾਂ ਲਈ ਦੁਆ ਕਰੀਏ।

ਪੈਰੀਂ ਕੰਡੇ, ਰੋੜ ਤੇ ਪੱਥਰ,
ਬੇਸ਼ੱਕ ਸਿਰ ਤੇ ਬਿਜਲੀਆਂ ਗੜ੍ਹਕਦੀਆਂ।
ਰਾਤਾਂ ਦੀਆਂ ਹਨ੍ਹੇਰੀਆਂ ਤੇ ਤੁਫ਼ਾਨ ਦੇਖੇ,
ਪਿੰਡੇ ਤੇ ਝੱਲੀਆਂ ਧੁੱਪਾਂ ਵੀ ਕੱੜਕਦੀਆਂ।

ਔਰਤ ਨੂੰ ਹਰ ਸਮਾਜ ਵਿੱਚ ਬਣਦਾ ਸਤਿਕਾਰ ਮਿਲਣਾ ਚਾਹੀਦਾ ਹੈ।ਅੱਜ ਦੀ ਔਰਤ ਚੰਦ ਤੇ ਪਹੁੰਚ ਚੁੱਕੀ ਹੈ। ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਔਰਤ ਨੂੰ ਔਰਤ ਦਾ ਪਿਆਰ, ਸਤਿਕਾਰ ਕਰਨਾ ਬੜਾ ਜਰੂਰੀ ਹੈ। ਆਪਸੀ ਪਿਆਰ ਮਿਲਵਰਤਣ ਦਾ ਜਜ਼ਬਾ ਅੰਦਰ ਹੋਣਾ ਚਾਹੀਦਾ ਹੈ। ਦੁਨੀਆਂ ਦੀ ਹਰ ਔਰਤ ਸੁਰੱਖਿਅਤ ਹੋਣੀ ਚਾਹੀਦੀ ਹੈ। ਹਰ ਔਰਤ ਨੂੰ ਉਸਦੇ ਬਣਦੇ ਅਧਿਕਾਰ ਮਿਲਣੇ ਚਾਹੀਦੇ ਹਨ। ਤਾਂ ਜੋ ਉਹ ਆਪਣਾ ਜੀਵਨ ਖੁਸ਼ੀਆਂ ਭਰਿਆ ਬਸ਼ਰ ਕਰ ਸਕੇ।
…….ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਹੋਵੇ………
-- ਜਸਵੰਤ ਕੌਰ ਬੈਂਸ ਲੈਸਟਰ ਯੂ ਕੇ