You are here

ਪਿੰਡ ਲੀਲਾਂ ਮੇਘ ਸਿੰਘ ਵਿਖੇ ਇਨਕਲਾਬੀ ਕਮਿਊਨਿਸਟ ਆਗੂ ਬਲਵੀਰ ਕੌਰ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ  

ਜਗਰਾਉਂ , 06 ਮਾਰਚ (ਗੁਰਕੀਰਤ ਜਗਰਾਉਂ) ਪਿੰਡ ਲੀਲਾਂ ਮੇਘ ਸਿੰਘ ਵਿਖੇ ਅੱਜ ਇਨਕਲਾਬੀ ਕਮਿਉਨਿਸਟ ਆਗੂ ਕਾਮਰੇਡ ਸੁਰਜੀਤ ਸਿੰਘ ਕਲੋਆ ਦੀ ਜੀਵਨ ਸਾਥਣ ਬਲਬੀਰ  ਕੋਰ ਦੀ ਯਾਦ ਵਿੱਚ ਸ਼ਰਧਾਂਜਲੀ ਕਮੇਟੀ ਵਲੋਂ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਉਹ ਪਿਛਲੇ ਦਿਨੀਂ ਇਕ ਅਪਾਹਿਜ ਬੱਚੀ  ਨੂੰ ਛਡ ਕੇ ਕੈੰਸਰ ਦੀ ਬੀਮਾਰੀ ਨਾਲ ਜੂਝਦਾ ਵਿਛੋੜਾ ਦੇ ਗਏ ਸਨ।ਇਨਕਲਾਬੀ ਮਜਦੂਰ ਕੇਂਦਰ ਦੇ ਆਗੂ ਕਾਮਰੇਡ ਸੁਰਿੰਦਰ ਦੀ ਮੰਚ ਸੰਚਾਲਨ ਹੇਠ ਪਹਿਲਾਂ ਵੱਡੀ ਗਿਣਤੀ ਚ ਹਾਜਰ ਦੋਹਾਂ ਪਰਿਵਾਰਾਂ ਦੇ ਮੈਂਬਰਾਂ ਅਤੇ ਜਥੇਬੰਦੀਆਂ ਦੇ ਵਡੀ ਗਿਣਤੀ  ਵਰਕਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਵਖ ਵਖ ਜਥੇਬੰਦੀਆਂ ਦੇ ਆਗੂਆਂ ਨੇ ਬੀਬੀ ਬਲਬੀਰ ਕੋਰ ਦੀ ਤਸਵੀਰ ਨੂੰ ਫੁੱਲ ਪੱਤੀਆਂ ਅਰਪਿਤ ਕੀਤੀਆਂ। ਇਸ ਸਮੇਂ ਬੀਬੀ ਬਲਬੀਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੱਠਵਿਆਂ ਚ ਦੇਸ਼ ਚ ਲੋਕ ਮੁਕਤੀ ਲਈ ਉਠੀ ਨਕਸਲਵਾਦੀ ਲਹਿਰ ਚ  ਦੋਹਾਂ ਨੇ ਸ਼ਾਮਲ ਹੋ ਕੇ ਸਮੁੱਚੀ ਜਿੰਦਗੀ ਇਸ ਲੋਕ ਵਿਰੋਧੀ ਨਿਜਾਮ ਨੂੰ ਬਦਲਣ ਲਈ ਨਿਜੀ ਸੁੱਖ ਅਰਾਮ ਦਾ ਤਿਆਗ ਕਰਕੇ ਇਕ ਮਿਸਾਲੀ ਜੀਵਨ ਜੀਵਿਆ। ਉਨਾਂ ਕਿਹਾ ਕਿ ਬੀਬੀ ਬਲਬੀਰ ਕੌਰ ਨੇ ਅਪਣੇ ਸਾਥੀ ਦੀ ਅਪਾਹਿਜਤਾ ਦੇ ਚਲਦਿਆਂ ਪੂਰੀ ਜੀਅ ਜਾਨ ਲਾਕੇ ਉਸ ਦੀ ਸਾਂਭ ਸੰਭਾਲ ਕੀਤੀ ਅਤੇ ਕਾਮਰੇਡ ਸੁਰਜੀਤ ਨੇ  ਵੀ ਬਲਬੀਰ ਕੋਰ ਦੇ ਕੈੰਸਰ ਤੋਂ ਪੀੜਤ ਹੋਣ ਤੇ ਮੋੜਵੀਂ ਸਾਂਭ ਸੰਭਾਲ ਕਰਕੇ ਇਕ ਸਫਲ, ਸਾਰਥਕ, ਸਮਰਿਪਤ ਜੀਵਨ ਜਿਉਣ ਦੀ ਮਿਸਾਲ ਕਾਇਮ ਕੀਤੀ। ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸਖਤ ਜਾਨ ਜੀਵਨ ਜਿਓਂਦਿਆਂ ਬਲਬੀਰ ਕੋਰ ਨੇ ਨਵਾਂ ਜਮਾਨਾ ਅਖਬਾਰ ਚ ਕੰਮ ਕਰਦਿਆਂ ਰਾਜ ਤੇ ਸਮਾਜ ਬਦਲੀ ਲਈ ਅਪਣੇ ਆਪ ਨੂੰ  ਸਮਰਪਿਤ ਕੀਤਾ।ਉਨਾਂ ਕਿਹਾ ਕਿ ਜਮਾਤੀ ਤੇ ਜਾਤੀ ਪਾੜੇ ਖਿਲਾਫ, ਸਾਮਰਾਜੀ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਲਈ,  ਬਰਾਬਰਤਾ ਆਧਾਰਿਤ ਸਮਾਜ ਸਿਰਜਣ ਲਈ ਉਹਨਾਂ ਨੇ  ਕਮਿਉਨਿਸਟ ਇਨਕਲਾਬ ਨੂੰ ਅਪਣਾ ਮਿਸ਼ਨ ਬਣਾ ਲਿਆ ਸੀ। ਬੁਲਾਰਿਆਂ ਚ ਇਨਕਲਾਬ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਆਗੂ ਸੁਖਮੰਦਰ ਸਿੰਘ, ਸੁਰਖ ਰੇਖਾ ਮੈਗਜ਼ੀਨ ਦੇ ਸੰਪਾਦਕ ਨਾਜਰ ਸਿੰਘ ਬੋਪਾਰਾਏ, ਅਦਾਰਾ ਲਲਕਾਰ ਵਲੋਂ ਸੁਖਦੇਵ ਸਿੰਘ ਭੂੰਦੜੀ, ਇਨਕਲਾਬੀ ਮਜਦੂਰ ਕੇਂਦਰ ਵਲੋਂ ਕਾਮਰੇਡ ਰਾਜੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਰਾਮਸਰਨ ਸਿੰਘ ਰਸੂਲਪੁਰ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਆਖਰੀ ਸਮਿਆਂ ਚ ਬੀਬੀ ਬਲਬੀਰ ਕੌਰ ਦੀ ਸੇਵਾ ਸੰਭਾਲ ਕਰਨ ਵਾਲੇ ਵਰਕਰਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ। ਇਸ ਸਮੇਂ  ਮੁਖਤਿਆਰ ਸਿੰਘ ਪੜ੍ਹ ਆ, ਨਰਾਇਣ ਦੱਤ, ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ,  ਜਸਵਿੰਦਰ ਸਿੰਘ ਭਮਾਲ , ਤਾਰਾ ਸਿੰਘ ਮੋਗਾ, ਦਰਸ਼ਨ ਸਿੰਘ ਤੂਰ, ਤਾਰਾ ਸਿੰਘ ਅੱਚਰਵਾਲ, ਹਰਪ੍ਰੀਤ ਜੀਰਖ, ਦੇਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ।