ਰਿਸ਼ਤੇ ✍️ ਗਗਨਦੀਪ ਕੌਰ ਧਾਲੀਵਾਲ

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਤੇ ਸਹੁਰੇ ਨੂੰ ਪਿਤਾ ਵਾਲਾ ਦਰਜਾ ਪ੍ਰਾਪਤ ਹੁੰਦਾ 

ਦੋਸਤੋਂ ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ । ਜਿਵੇਂ ਕਿ ਖ਼ੂਨ ਦੇ ਰਿਸ਼ਤੇ , ਜਨਮ ਸਬੰਧੀ ਰਿਸ਼ਤੇ, ਪਰਿਵਾਰਕ ਰਿਸ਼ਤੇ , ਵਿਆਹ ਰਾਂਹੀ ਬਣਦੇ ਰਿਸ਼ਤੇ, ਭਾਵਨਾਤਮਕ ਰਿਸ਼ਤੇ ਆਦਿ ।ਵਿਆਹ ਰਾਹੀਂ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ ਸੱਸ-ਨੂੰਹ, ਸੁਹਰਾ-ਨੂੰਹ, ਸੁਹਰਾ-ਜਵਾਈ, ਸੱਸ-ਜਵਾਈ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।ਅਕਸਰ ਹੀ ਦੇਖਿਆਂ ਜਾਂਦਾ ਹੈ ਕਿ ਅਖਬਾਰ ਰਸਾਲੇ ਹਮੇਸ਼ਾ ਨੂੰਹ ਸੱਸ ਦੇ ਰਿਸ਼ਤੇ ਨਾਲ ਭਰੇ ਮਿਲਦੇ ਹਨ।ਹਮੇਸ਼ਾ ਹੀ ਨੂੰਹ-ਸਹੁਰੇ ਦੇ ਰਿਸ਼ਤੇ ਨੂੰ ਅੱਖੋਂ ਓਹਲੇ ਕੀਤਾ ਗਿਆ ਹੁੰਦਾ ਹੈ ।ਸੋ ਅੱਜ ਆਪਾ ਗੱਲ ਕਰਾਂਗੇ ਅਜਿਹੇ ਰਿਸ਼ਤੇ ਦੀ ਜੋ ਵਿਆਹ ਰਾਂਹੀ ਬਣਦਾ ਹੈ ਉਹ ਰਿਸ਼ਤਾ ਹੈ ਨੂੰਹ ਤੇ ਸਹੁਰੇ ਦਾ ਰਿਸ਼ਤਾ ।ਅਜਿਹੇ ਰਿਸ਼ਤੇ ਵਿੱਚ ਅੱਜ ਦੇ ਸਮੇਂ ਮੈ ਵਿਚਰ ਰਹੀ ਹਾਂ।ਇਹ ਸਭ ਮਹਿਸੂਸ ਕਰ ਰਹੀ ਹਾਂ।ਮੈਨੂੰ ਮੇਰੇ ਸਹੁਰੇ ਪਰਿਵਾਰ ਵਿੱਚ ਇੱਕ ਧੀ ਵਾਲਾ ਪਿਆਰ ਮਿਲ ਰਿਹਾ ਹੈ।ਇਹ ਸਭ ਤਾਂ ਹੀ ਸੰਭਵ ਹੈ ਜੇਕਰ ਮੈਂ ਨੂੰਹ -ਸਹੁਰੇ ਦੇ ਰਿਸ਼ਤੇ ਨੂੰ ਪਿਆਰ ਤੇ ਸਤਿਕਾਰ ਦੇ ਰਹੀ ਹਾਂ ।ਉਹਨਾਂ ਨੂੰ ਪਿਤਾ ਵਾਲਾ ਰੁਤਬਾ ਦੇ ਰਹੀ ਹਾਂ ।ਮੈਨੂੰ ਬਿਲਕੁਲ ਵੀ ਓਪਰਾ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਮੈ ਆਪਣੇ ਪਿਤਾ ਵਾਲਾ ਰੁਤਬਾ ਦਿੱਤਾ ਹੈ ਤੇ ਉਹਨਾਂ ਨੇ ਧੀ ਵਾਲਾ ।ਸਹੁਰੇ ਪਰਿਵਾਰ ਵਿੱਚ ਜਦੋਂ ਕੁੜੀ ਪ੍ਰਵੇਸ਼ ਕਰਦੀ ਹੈ ਉਸ ਲਈ ਸਭ ਕੁੱਝ ਨਵਾਂ ਹੁੰਦਾ ਹੈ ।ਪਤੀ ਤੋਂ ਇਲਾਵਾ ਮਾਂ ਵਰਗੀ ਸੱਸ ਤੇ ਪਿਤਾ ਵਰਗਾ ਸਹੁਰਾ ਹੁੰਦਾ ਹੈ ਜਿਨ੍ਹਾਂ ਨਾਲ ਉਸ ਨੇ ਸਾਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਹੈ ।ਪੁਰਾਣੇ ਸਮੇਂ ਤੋ ਹੀ ਨੂੰਹ ਸੱਸ ਦੇ ਰਿਸ਼ਤੇ ਨੂੰ ਜ਼ਿਆਦਾ ਉਘਾੜਿਆ ਜਾਂਦਾ ਹੈ ਪਰ ਇਸਦੇ ਨਾਲ-ਨਾਲ ਨੂੰਹ ਤੇ ਸਹੁਰੇ ਦਾ ਰਿਸ਼ਤਾ ਵੀ ਵਿਲੱਖਣ ਥਾਂ ਰੱਖਦਾ ਹੈ।
ਸਿਆਣਿਆਂ ਦਾ ਕਥਨ ਹੈ ਕਿ ਘਰ ਓਹੀ ਤਰੱਕੀ ਕਰਦਾ ਹੈ ਜਿਸ ਵਿੱਚ ਵਿਚਾਰਾਂ ਦੀ ਏਕਤਾ ਹੋਵੇ, ਨੂੰਹ-ਸੱਸ, ਸੱਸ -ਸਹੁਰਾ ,ਪਤੀ-ਪਤਨੀ, ਮਾਂ-ਪੁੱਤ ਆਦਿ ਰਿਸ਼ਤਿਆਂ ਵਿੱਚ ਮਿਠਾਸ ਤੇ ਇਕਸਾਰਤਾ ਹੋਵੇ।ਜੇਕਰ ਇੱਕ ਕੁੜੀ ਆਪਣੇ ਸਹੁਰੇ ਨੂੰ ਆਪਣੇ ਪਿਤਾ ਵਾਂਗ ਪਿਆਰ ਕਰੇ ਸਤਿਕਾਰ ਦੇਵੇ ਤਾਂ ਉਹ ਇੱਕ ਧੀ ਦਾ ਦਰਜਾ ਹਾਸਿਲ ਕਰ ਲੈਂਦੀ ਹੈ ਸਹੁਰਾ ਘਰ ਉਸਨੂੰ ਬੇਗਾਨਾ ਨਹੀਂ ਲੱਗਦਾ ।ਇਸੇ ਤਰਾਂ ਹੀ ਸਹੁਰੇ ਦਾ ਵੀ ਫਰਜ ਬਣਦਾ ਹੈ ਕਿ ਉਹ ਨੂੰਹ ਨੂੰ ਧੀ ਦਾ ਦਰਜਾ ਦੇਵੇ ਉਸਨੂੰ ਪਰਾਇਆ ਧਨ ਨਾ ਸਮਝਿਆਂ ਜਾਵੇ ।ਅਜਿਹਾ ਕਰਨ ਤੇ ਇਹ ਰਿਸ਼ਤਾ ਲੰਮੇ ਸਮੇਂ ਤੱਕ ਚੰਗਾ ਹੋ ਨਿਬੜਦਾ ਹੈ।ਇੱਕ ਪਿਓ-ਧੀ ਦਾ ਰਿਸ਼ਤਾ ਤਾਹੀ ਬਣ ਸਕਦਾ ਹੈ ਜੇਕਰ ਦਿਲ ਵਿੱਚ ਸਤਿਕਾਰ ਹੋਵੇ ।ਕਦੇ ਵੀ ਸੱਸ -ਸਹੁਰੇ ਨੂੰ ਬੇਗਾਨਾ ਨਾ ਸਮਝਿਆਂ ਜਾਵੇ ।ਬਿਲਕੁਲ ਓਸੇ ਤਰ੍ਹਾਂ ਪਿਆਰ ਸਤਿਕਾਰ ਦਿੱਤਾ ਜਾਵੇ ਜਿਸ ਤਰ੍ਹਾਂ ਇੱਕ ਕੁੜੀ ਪੇਕੇ ਘਰ ਆਪਣੇ ਮਾਂ-ਬਾਪ ਨੂੰ ਦਿੰਦੀ ਹੈ।ਸਮੇਂ ਸਿਰ ਉਹਨਾਂ ਦਾ ਖਿਆਲ ਰੱਖਿਆ ਜਾਵੇ ।ਨਿੱਕੀਆਂ-ਨਿੱਕੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇ ਸਿਆਣੇ ਕਹਿੰਦੇ ਹਨ ਕਿ ਸੇਵਾ ਵਿੱਚ ਹੀ ਮੇਵਾ ਮਿਲਦਾ ਹੈ।ਬਜ਼ੁਰਗਾਂ ਤਾਂ ਬੋਹੜ ਦੀ ਠੰਢੀ ਛਾਂ ਹੁੰਦੇ ਹਨ ।ਅਕਸਰ ਕਈ ਘਰਾਂ ਵਿੱਚ ਦੇਖਿਆਂ ਜਾਂਦਾ ਹੈ ਕਿ ਸੱਸ -ਸਹੁਰੇ ਨੂੰ ਬੁੜਾ -ਬੁੜੀ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਸ਼ਬਦ ਉਹਨਾਂ ਦੇ ਮਾਣ ਨੂੰ ਡੂੰਘੀ ਸੱਟ ਮਾਰਦਾ ਹੈ।ਕਈ ਵਾਰ ਤਾਂ ਸੱਸ -ਸਹੁਰੇ ਨੂੰ ਅੱਡ ਕਰ ਦਿੱਤਾ ਜਾਂਦਾ ਹੈ।ਕਦੇ ਸੋਚਿਆ ਹੈ ਕਿਸੇ ਨੇ ਕਿ ਉਹਨਾਂ ਦੇ ਵੀ ਸੁਪਨੇ ਹਨ ਕਿ ਉਹ ਆਪਣੇ ਨੂੰਹ -ਪੁੱਤ ਨਾਲ ਖੁਸ਼ ਰਹਿਣ।ਅਸਲ ਵਿੱਚ ਚੰਗੀ ਨੂੰਹ-ਧੀ ਦੀ ਪਹਿਚਾਣ ਉੱਥੇ ਹੀ ਹੁੰਦੀ ਹੈ ਜਿੱਥੇ ਉਹ ਸਹੁਰੇ ਪਰਿਵਾਰ ਨੂੰ ਆਪਣਾ ਬਣਾ ਕੇ ਸੱਸ-ਸਹੁਰੇ ਨੂੰ ਮਾਂ-ਬਾਪ ਦਾ ਦਰਜਾ ਦੇਵੇ ।
ਕਿਸੇ ਨੇ ਸਹੀ ਹੀ ਕਿਹਾ ਹੈ —ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਵੋ ਤਾਂ ਜੋ ਉਹ ਸੱਸ ਸਹੁਰੇ ਨੂੰਹ ਮਾਂ ਬਾਪ ਬਣਾ ਸਕਣ , ਖ਼ੁਦ ਵਿੱਚ ਚੰਗੇ ਗੁਣ ਪੈਦਾ ਕਰੋ ਤਾਂ ਜੋ ਨੂੰਹ ਨੂੰ ਧੀ ਦੇ ਰੂਪ ਵਿੱਚ ਸਵੀਕਾਰ ਕਰ ਸਕੋ
ਅਕਸਰ ਕਿਹਾ ਜਾਂਦਾ ਹੈ ਕਿ ਬੜਾ ਚੰਗਾ ਹੁੰਦਾ ਹੈ ਉਹ ਪਰਿਵਾਰ ਜਿੱਥੇ ਨੂੰਹ ਨੂੰ ਧੀ ਦਾ ਦਰਜਾ ਦਿੱਤਾ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਜਿੰਨੀ ਇੱਜ਼ਤ ਸਹੁਰੇ ਘਰ ਜਵਾਈ ਨੂੰ ਦਿੱਤੀ ਜਾਂਦੀ ਹੈ ਜੇਕਰ ਓਨੀ ਹੀ ਇੱਜ਼ਤ ਸਹੁਰੇ ਘਰ ਨੂੰਹ ਨੂੰ ਦਿੱਤੀ ਜਾਵੇ ਤਾਂ ਘਰ-ਘਰ ਨਹੀਂ ਰਹਿੰਦਾ ਸਗੋਂ ਸਵਰਗ ਬਣ ਜਾਂਦਾ ਹੈ ।
ਪੁਰਾਣੇ ਸਮੇਂ ਤੋ ਹੀ ਨੂੰਹ - ਸੱਸ ਦੇ ਰਿਸ਼ਤੇ ਨੂੰ ਲੋਕ ਬੋਲੀਆਂ ਵਿੱਚ ਉਚਾਰਿਆ ਜਾਂਦਾ ਰਿਹਾ ਹੈ ਜੋ ਅੱਜ ਵੀ ਮੌਜੂਦ ਹਨ ।ਜਿਸ ਵਿੱਚ ਹਾਸ -ਰਾਸ ਦੇ ਵਿਅੰਗ ਸ਼ਾਮਿਲ ਹਨ-ਨੂੰਹ -ਸਹੁਰੇ ਨਾਲ ਸੰਬੰਧਿਤ ਕੁੱਝ ਬੋਲੀਆਂ ਇਸ ਤਰ੍ਹਾਂ ਹਨ-

ਸਹੁਰੇ ਮੇਰੇ ਦੇ ਨਿਕਲੀ ਮਾਤਾ,
ਨਿਕਲੀ ਮਾੜੀ ਮਾੜੀ,
ਜੋਤ ਜਗਾਉਦੇ ਨੇ,
ਦਾੜੀ ਫੂਕ ਲਈ ਸਾਰੀ,
ਜੋਤ ਜਗਾਉਦੇ ......।

ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ .........।

ਸਹੁਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ,
ਨੀ ਮੇਰੇ ........।

ਇਸ ਤਰ੍ਹਾਂ ਲੋਕ ਬੋਲੀਆਂ ਵਿੱਚ ਨੂੰਹ -ਸਹੁਰੇ ਦੇ ਰਿਸ਼ਤੇ ਦਾ ਜ਼ਿਕਰ
ਕੀਤਾ ਗਿਆ ਹੈ । ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਹਨ।ਇਹਨਾਂ ਵਿੱਚ ਪਿਆਰ ਦੇ ਬੋਲ , ਨਫ਼ਰਤ ਦੇ ਬੋਲ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਵੀ ਹੈ। ਅੰਤ ਵਿੱਚ ਇਹੋ ਕਹਾਂਗੀ ਕਿ ਨੂੰਹ ਤੇ ਸਹੁਰੇ ਦਾ ਰਿਸ਼ਤਾ ਬਾਪ-ਧੀ ਵਾਲਾ ਹੁੰਦਾ ਹੈ ।ਇਹ ਹਮੇਸ਼ਾ ਹੀ ਬਣਿਆਂ ਰਹਿੰਦਾ ਹੈ ਜੇਕਰ ਦੋਨੋ ਪਾਸੇ ਪਿਆਰ ਤੇ ਸਤਿਕਾਰ ਜ਼ਿੰਦਾ ਹੈ ।ਇੱਕ ਧੀ ਨੂੰ ਹਮੇਸ਼ਾ ਸਹੁਰੇ ਪਰਿਵਾਰ ਵਿੱਚ ਸੱਸ-ਸਹੁਰੇ ਨੂੰ ਇੱਜ਼ਤ ਮਾਣ ਦੇਣਾ ਚਾਹੀਦਾ ਹੈ ਮਾਤਾ -ਪਿਤਾ ਵਾਂਗ ਸਮਝਣਾ ਚਾਹੀਦਾ ਹੈ ।ਕਿਉਂਕਿ ਮਾਤਾ -ਪਿਤਾ ਜ਼ਿੰਦਗੀ ਦਾ ਸ਼ਰਮਾਇਆ ਹੁੰਦੇ ਹਨ।

ਗਗਨਦੀਪ ਕੌਰ ਧਾਲੀਵਾਲ ।
9988933161