ਤੂੰ ਕਹਿਨਾ ਏਂ ਤੇਰੀ ਮੇਰੀ
ਦੇਹੀ ਏ ਇਨਸਾਨਾਂ ਦੀ
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।
ਕਣਕਵੰਨੀ, ਵੰਨ-ਸਵੰਨੀ
ਕਾਲੀ,ਗੋਰੀ,ਚਿੱਟੀ ਹੈ
ਸਭ ਨੂੰ ਆਪਣੀ ਵਾਰੀ ਉੱਤੇ
ਇੱਕ ਦਿਨ ਆਉਣੀ ਚਿੱਠੀ ਏ
ਉਹਨੇ ਵਿੱਥ ਜ਼ਰਾ ਨਾ ਰੱਖੀ
ਉੱਚੀਆਂ ਨੀਵੀਆਂ ਸ਼ਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾ ਦੀ।।।
ਪੱਥਰ ਦਿਲ ਦੇ ਲੋਕ ਕਿਸੇ ਦੇ
ਦੁੱਖ ਤੇ ਜਸ਼ਨ ਮਨਾਉਂਦੇ ਨੇ
ਆਪਣੀ ਵਾਰੀ ਭੁੱਲੇ ਬੈਠੇ
ਰੇਤ ਦੇ ਮਹਿਲ ਬਣਾਉਂਦੇ ਨੇ
ਮੈਂ ਤਾਂ ਰੱਬ ਨੂੰ ਲੱਭਣ ਤੁਰਿਆ
ਲੱਭੀ ਭੀੜ ਸ਼ੈਤਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।।
ਵੱਡੀ ਕੋਠੀ ਪਾ ਕੇ ਜਦ ਵੀ
ਅੰਦਰ ਇਕੱਲੇ ਰਹਿ ਜਾਂਦੇ
ਮਿੱਟੀ ਦੀ ਇੱਕ ਢੇਰੀ ਵਾਂਗੂੰ
ਨੁੱਕਰੇ ਲੱਗ ਕੇ ਬਹਿ ਜਾਂਦੇ
ਫਿਰ ਤਾਂ ਚੇਤੇ ਆਉਂਦੀ ਹੋਣੀ
ਕੱਚੀ ਛੱਤ ਮਕਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।।
ਮਿੱਟੀ ਦੇ ਕੁਝ ਸ਼ਾਤਰ ਪੁਤਲੇ
ਕਈ ਸਕੀਮਾਂ ਘੜਦੇ ਨੇ
ਮਿੱਟੀ ਨੂੰ ਮਾਂ ਸਮਝਣ ਵਾਲੇ
ਸਰਹੱਦਾਂ ਉੱਤੇ ਲੜਦੇ ਨੇ
ਬਾਰਡਰਾਂ ਉੱਤੇ ਲਗਦੀ ਰਹਿੰਦੀ
ਮਿੱਟੀ ਵੀਰ ਜਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।।
ਅਖ਼ਬਾਰਾਂ ਦਾ ਪਹਿਲਾ ਪੰਨਾ
ਮੈਨੂੰ ਸਿਵਿਆਂ ਵਰਗਾ ਲੱਗਦਾ ਏ
ਉਹਨਾਂ ਲਾਸ਼ਾਂ ਦੇ ਵਿਚ ਮੈਨੂੰ
ਆਪਣਾ ਜਿਸਮ ਹੀ ਲੱਭਦਾ ਏ
ਗਿਣਤੀ ਕਰਨੀ ਔਖੀ ਹੋ ਗਈ
ਬੇਕਸੂਰੀਆਂ ਜਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।।
ਮਿੱਟੀ ਖੋਖਲੀ ਕਰ ਦਿੱਤੀ ਏ
ਕਰ ਕਰ ਉਨ੍ਹਾਂ ਬੰਬ ਧਮਾਕੇ
ਦੇਵਤੇ ਸਾਰੇ ਇਕੱਠੇ ਹੋ ਕੇ
ਰੋਕਾ ਪਾਵਣ ਉੱਥੇ ਜਾ ਕੇ
ਖੌਰੇ ਕਿੱਥੇ ਡਰਦੀ ਲੁਕ ਗਈ
ਟੋਲੀ ਏ ਭਗਵਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।।
ਠਾਹ ਠਾਹ ਦੀਆਂ ਆਵਾਜ਼ਾਂ ਵਿੱਚ ਹੈ
ਰੌਲਾ ਹਾਹਾਕਾਰਾਂ ਦਾ
ਧਰਤੀ ਡੁੱਲੇ ਖੂਨ ਦੇ ਧੱਬੇ
ਸੁਹਾਗ ਸੀ ਰੋਂਦੀਆਂ ਨਾਰਾਂ ਦਾ
ਬਸਤੀ ਦੇ ਵਿੱਚ ਅੱਖੀਂ ਵੇਖੀ
ਰੁਲਦੀ ਪੱਤ ਅਹਿਸਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।।
ਰਮੇਸ਼ ਵੇ ਅੱਜ ਹੈ ਜਾਨੂੰ ਤੇਰੀ
ਸਹਿਮੀ,ਡਰਦੀ,ਹਾਉਕੇ ਭਰਦੀ
ਬੁੱਕਲ਼ ਵਿਚ ਮੈਂ ਕਿੰਝ ਲੁਕਾਂਵਾਂ
ਬੁੱਕਲ਼ ਵਿੱਚ ਵੀ ਅੱਗ ਪਈ ਵਰਦੀ
ਧੂਏਂ ਦੇ ਨਾਲ ਕਾਲੀ ਹੋ ਗਈ
ਨੀਲੀ ਛੱਤ ਅਸਮਾਨਾਂ ਦੀ।।
ਮੈਂ ਕਹਿਨਾ ਵਾਂ ਤੁਰਦੀ ਫਿਰਦੀ
ਮਿੱਟੀ ਏ ਸ਼ਮਸ਼ਾਨਾਂ ਦੀ।।।
ਲੇਖਕ-ਰਮੇਸ਼ ਕੁਮਾਰ ਜਾਨੂੰ
ਫੋਨ ਨੰ:-98153-20080