ਲੰਡਨ, ,ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)-ਪਿਛਲੇ ਦਿਨੀ ਯੂ.ਕੇ. ਅਤੇ ਭਾਰਤ ਦੇ ਰਿਸ਼ਤਿਆਂ ਨੂੰ ਲੈ ਕੇ ਮਨਾਏ ਜਾ ਰਹੇ ਯੂ.ਕੇ. ਭਾਰਤ ਹਫ਼ਤੇ ਦੌਰਾਨ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੀ.ਬੀ.ਸੀ. ਦੇ ਭਾਰਤ 'ਚ ਰਹਿ ਚੁੱਕੇ ਸਾਬਕਾ ਪੱਤਰਕਾਰ ਮਾਰਕ ਟੁਲੀ ਦਾ ਉਮਰ ਭਰ ਪ੍ਰਾਪਤੀਆਂ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮਾਰਕ ਟੁਲੀ ਨੇ ਜਿੱਥੇ ਲੰਮਾਂ ਸਮਾਂ ਭਰਤ 'ਚ ਰਹਿ ਕੇ ਬੀ.ਬੀ.ਸੀ. ਦੇ ਬਿਓਰੋ ਚੀਫ ਵਜੋਂ ਸੇਵਾਵਾਂ ਦਿੱਤੀਆਂ, ਉੱਥੇ ਹੀ ਉਨ੍ਹਾਂ 1984 ਦੇ ਘਟਨਾਕ੍ਰਮ ਬਾਰੇ ਵਿਸਥਾਰ ਸਹਿਤ ਕਿਤਾਬ ਵੀ ਲਿਖੀ | ਮਾਰਕ ਟੁਲੀ ਜਿਸ ਨੂੰ ਭਾਰਤ ਸਰਕਾਰ ਵਲੋਂ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਨੇ ਕਿਹਾ ਕਿ ਭਾਰਤ ਦਾ ਮੇਰੇ 'ਤੇ ਬਹੁਤ ਵੱਡਾ ਕਰਜ਼ ਹੈ ਅਤੇ ਮੈਨੂੰ ਮੇਰੀਆਂ ਆਸਾਂ ਤੋਂ ਵੱਧ ਮਿਲਿਆ ਹੈ | ਬਰਤਾਨੀਆ ਅਤੇ ਭਾਰਤ ਦੇ ਸਬੰਧਾਂ ਨੂੰ ਲੈ ਕੇ ਹਰ ਸਾਲ ਜਿੱਥੇ ਇਕ ਹਫ਼ਤਾ ਮਨਾਇਆ ਜਾਂਦਾ ਹੈ, ਉੱਥੇ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਇਸ ਮੌਕੇ ਲਾਰਡ ਬਿਲੀਮੌਰੀਆ ਅਤੇ ਭਾਰਤੀ ਮੂਲ ਦੇ ਬਰਤਾਨਵੀ ਅਦਾਕਾਰ ਕੁਨਾਲ ਨਯੀਅਰ ਨੂੰ ਵੀ ਸਨਮਾਨਿਤ ਕੀਤਾ ਗਿਆ |