You are here

ਪੁਸਤਕ ਰੀਵਿਊ  - ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ

ਪੁਸਤਕ ਨਾਮ:ਵਿਹਲੀ ਮਾਂ (ਕਾਵਿ ਸੰਗ੍ਰਹਿ

ਲੇਖਕ: ਗੁਰਪ੍ਰੀਤ ਸਿੰਘ ਹਬੀਬ

ਪ੍ਰਕਾਸ਼ਕ: ਅਸਤਿੱਤਵ ਪ੍ਰਕਾਸ਼ਨ

ਪੇਜ: ਇੱਕ ਸੌ ਛੇ

ਰੀਵਿਊਕਾਰ: ਜਸਵੀਰ ਸ਼ਰਮਾਂ ਦੱਦਾਹੂਰ

ਇਸ ਕਾਵਿ ਸੰਗ੍ਰਹਿ ਦਾ ਨਾਮ ਸੁਣ ਕੇ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਔਰ ਇਸੇ ਕਰਕੇ ਹੀ ਇਹ ਪੁਸਤਕ ਪੜਨ ਨੂੰ ਮਨ ਵੀ ਉਤਾਵਲਾ ਹੋ ਰਿਹਾ ਸੀ। ਜਦੋਂ ਫੇਸਬੁੱਕ ਤੋਂ ਇਸ ਪੁਸਤਕ ਬਾਬਤ ਪਤਾ ਲੱਗਾ ਤਾਂ ਬੇਸਬਰੀ ਨਾਲ ਇਹ ਕਿਤਾਬ ਮੰਗਵਾਈ ਤੇ ਪੜੀ ਪੜਨ ਤੋਂ ਬਾਅਦ ਇਕੱਤਰ ਨੰਬਰ ਪੇਜ ਤੇ"ਵਿਹਲੀ ਮਾਂ"ਕਵਿਤਾ ਪੜਕੇ ਸਾਰੇ ਸ਼ੰਕੇ ਵੀ ਦੂਰ ਹੋ ਗਏ। ਮੈਂ ਦੋਸਤਾਂ ਨੂੰ ਦੱਸ ਵੀ ਦੇਵਾਂ ਕਿ ਇੱਕੋ ਇੱਕ ਮਾਂ ਹੀ ਐਸੀ ਹੈ ਜੋ ਪਰਿਵਾਰ ਦੇ ਵਿੱਚ ਸੱਭ ਤੋਂ ਜ਼ਿਆਦਾ ਕੰਮ ਕਰਦੀ ਹੈ ਪਰ ਫਿਰ ਵੀ ਓਹਨੂੰ ਵਿਹਲੀ ਹੀ ਸਮਝਿਆ ਜਾਂਦਾ ਹੈ ਤੇ ਪਰਿਵਾਰ ਦੇ ਜੀਆਂ ਦਾ ਜ਼ਿਆਦਾ ਰੋਹਬ ਵੀ ਮਾਂ ਤੇ ਹੀ ਝੜਦਾ ਹੈ, ਕੁੱਝ ਵਿਅੰਗਮਈ ਢੰਗ ਦੇ ਨਾਲ ਭਾਵ ਸੱਭ ਤੋਂ ਜ਼ਿਆਦਾ ਰੁੱਝੀ ਰਹਿੰਦੀ ਕਰਕੇ ਹੀ ਲੇਖਕ ਨੇ ਇਸ ਪੁਸਤਕ ਦਾ ਨਾਮ ਵਿਹਲੀ ਮਾਂ ਰੱਖ ਕੇ ਇਸ ਪੁਸਤਕ ਨੂੰ ਮਿਆਰੀ ਅਤੇ ਆਕਰਸ਼ਕ ਬਣਾਉਣ ਵਿੱਚ ਜਿਥੇ ਸਫਲਤਾ ਹਾਸਲ ਕੀਤੀ ਹੈ ਓਥੇ ਟਾਈਟਲ ਵੀ ਬਹੁਤ ਲੁਭਾਵਣਾ ਬਨਵਾਇਆ ਹੈ।ਇਸ ਲਈ ਲੇਖਕv ਵਧਾਈ ਦਾ ਹੱਕਦਾਰ ਹੈ।

      ਬਾਕੀ ਇਸ ਪੁਸਤਕ ਦੇ ਸ਼ੁਰੂ ਵਿੱਚ ਪੰਜਾਬੀ ਕਹਾਣੀਕਾਰ ਜਸਵੀਰ ਸਿੰਘ ਦੀਦਾਰਗੜ੍ਹ ਨੇ ਲੇਖਕ ਗੁਰਪ੍ਰੀਤ ਸਿੰਘ ਹਬੀਬ ਦੀ ਬਾਬਤ ਬਹੁਤ ਕੁੱਝ ਖੁਲ੍ਹ ਕੇ ਲਿਖਿਆ ਹੈ ਅਤੇ ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਬਾਬਤ ਖੋਲ੍ਹ ਕੇ ਲਿਖਿਆ ਹੈ।ਜੋ ਦਾਸ ਨੇ ਵੇਖਿਆ ਤੇ ਪੜ੍ਹਿਆ ਹੈ ਉਸ ਵਿੱਚ ਸੱਭ ਤੋਂ ਪਹਿਲਾਂ ਤਾਂ ਮੈਂ ਵਿਹਲੀ ਮਾਂ ਕਵਿਤਾ ਦੀ ਹੀ ਗੱਲ ਕਰਾਂਗਾ"ਕੰਮ ਸਾਰੇ ਨਿਸ਼ੁਲਕ ਉਹ(ਮਾਂ) ਕਰਦੀ ਹੈ, ਸਾਰੇ ਜੀਆਂ ਦਾ ਪਾਣੀ ਭਰਦੀ ਹੈ"। ਇਸੇ ਇੱਕੋ ਲਾਈਨ ਦੇ ਵਿੱਚ ਹੀ ਬਹੁਤ ਕੁੱਝ ਛੁਪਿਆ ਹੋਇਆ ਹੈ।

          ਬਾਕੀ ਦੀ ਸਾਰੀ ਪੁਸਤਕ ਵਿੱਚ ਧਰਤੀ ਦਾ ਜਾਇਆ,ਨਿੱਕੀ ਉਮਰ ਤੇ ਵੱਡੇ ਭਾਰ,ਜ਼ਮੀਰ ਦਾ ਸਵਾਲ,ਨਾਪਾਕ ਰਿਸ਼ਤੇ, ਰਾਜਨੀਤਕ ਬੋਲੀਆਂ,ਬੇਵਸੀ,ਖਿਆਲੀ ਮੀਂਹ, ਸੁਪਨਿਆਂ ਦੇ ਬੀਜ਼, ਬਦਕਿਸਮਤ ਕਿਤਾਬ,ਮੇਰਾ ਭਾਰਤ ਮਹਾਨ ਗੱਲ ਕੀ ਹਰ ਵੰਨਗੀ ਨੂੰ ਨਿੱਠ ਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਲੇਖਕ ਨੇ,ਅਤੇ ਕਾਮਯਾਬੀ ਨਾਲ ਬੁਲੰਦ ਹੌਸਲੇ ਰਾਹੀਂ ਆਪਣੇ ਮਨ ਦੀ ਗੱਲ ਕੀਤੀ ਹੈ ਗੁਰਪ੍ਰੀਤ ਨੇ।ਪਹਿਲੀ ਪੁਸਤਕ ਕਰਕੇ ਬੇਸ਼ੱਕ ਹਾਲੇ ਹੋਰ ਸੁਧਾਰ ਦੀ ਅਤੇ ਹੋਰ ਪੁਸਤਕਾਂ ਪੜ੍ਹ ਕੇ ਲਿਖਣ ਦੀ ਲੇਖਕ ਨੂੰ ਅਤਿਅੰਤ ਲੋੜ ਹੈ,ਪਰ ਪਹਿਲੀ ਪੁਸਤਕ ਵਿੱਚ ਵੀ ਓਹ ਆਪਣੇ ਮਨ ਦੇ ਹਾਵ ਭਾਵ ਨੂੰ ਪੇਸ਼ ਕਰਨ ਵਿੱਚ ਸਫ਼ਲ ਰਿਹਾ ਹੈ ਅਤੇ ਇਸ ਲਈ ਵਧਾਈ ਦਾ ਪਾਤਰ ਵੀ ਹੈ। ਜਿਵੇਂ ਕਿ ਆਪਾਂ ਸਭਨਾਂ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੈ ਕਿ ਲੇਖਕ ਦੀਆਂ ਰਚਨਾਵਾਂ ਤੋਂ ਹੀ ਉਸ ਦੀਆਂ ਮਨ ਦੀਆਂ ਭਾਵਨਾਵਾਂ ਨੂੰ ਪੜਿਆ ਜਾ ਸਕਦਾ ਹੈ, ਜਾਂ ਇਉਂ ਕਹਿ ਲਈਏ ਕਿ ਇੱਕ ਲੇਖਕ ਕਿਹੜੀ ਲੇਖਣੀ ਵਿੱਚ ਸਾਹਿਤ ਲਈ ਯੋਗ ਅਤੇ ਆਪਣਾ ਸਥਾਨ ਬਣਾ ਸਕਦਾ ਹੈ, ਬਿਲਕੁਲ ਅਨੁਭਵ ਹੋ ਜਾਂਦਾ ਹੈ।ਦਾਸ ਨੇ ਜੋ ਵਿਹਲੀ ਮਾਂ ਵਿਚੋਂ ਪੜਿਆ ਹੈ ਉਸ ਤੋਂ ਇਹ ਹੀ ਕਹਿ ਸਕਦਾ ਹਾਂ ਕਿ ਇਸੇ ਮਿਆਰੀ ਕਵਿਤਾ ਵਾਲੀ ਲੇਖਣੀ ਰਾਹੀਂ ਗੁਰਪ੍ਰੀਤ ਆਪਣਾ ਸਥਾਨ ਸਾਹਿਤ ਜਗਤ ਵਿਚ ਚਮਕਾਏਗਾ।ਸੱਭ ਤੋਂ ਵਧੀਆ ਗੱਲ ਹੁੰਦੀ ਹੈ ਇੱਕ ਲੇਖਕ ਹਰ ਵਿਸ਼ੇ ਨੂੰ ਛੋਹ ਕੇ ਕਿੰਨਾ ਕੁ ਕਾਮਯਾਬ ਹੋ ਸਕਦਾ ਹੈ, ਇਸ ਲਈ ਗੁਰਪ੍ਰੀਤ ਨੂੰ ਹੋਰ ਕਾਫੀ ਮਿਹਨਤ ਦੀ ਲੋੜ ਹੈ,ਪਰ ਜਿਸ ਸ਼ਿੱਦਤ ਨਾਲ ਉਸ ਨੇ ਹੌਸਲਾ ਕਰਕੇ ਇਸ ਪੁਸਤਕ ਨੂੰ ਕਾਵਿ ਰੁਪਏ ਵਿੱਚ ਪਾਠਕਾਂ ਤੱਕ ਪੁੱਜਦਾ ਕੀਤਾ ਹੈ ਓਸ ਲਈ ਓਹ ਵਧਾਈ ਦਾ ਹੱਕਦਾਰ ਹੈ।ਸਾਹਿਤ ਜਗਤ ਦੇ ਪ੍ਰੇਮੀਆਂ ਨੂੰ ਇਸ ਕਾਵਿ ਸੰਗ੍ਰਹਿ ਦੇ ਸਾਹਿਤਕ ਹਲਕਿਆਂ ਵਿੱਚ ਆਉਣ ਤੇ ਵਧਾਈ ਦੇਣੀ ਬਣਦੀ ਹੈ। ਮੈਂ ਜਿਥੇ ਗੁਰਪ੍ਰੀਤ ਸਿੰਘ ਹਬੀਬ ਦੀ ਇਸ ਪੁਸਤਕ ਨੂੰ ਪਾਠਕਾਂ ਦੇ ਹੱਥਾਂ ਵਿੱਚ ਪਚਾਉਣ ਲਈ ਵਧਾਈ ਦਿੰਦਾ ਹਾਂ ਓਥੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਵਾਲੀ ਸੰਸਥਾ ਅਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਪੁਸਤਕ ਨੂੰ ਛਪਵਾਉਣ ਲਈ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ।

ਜਸਵੀਰ ਸ਼ਰਮਾਂ ਦੱਦਾਹੂਰ ਸ੍ਰੀ ਮੁਕਤਸਰ ਸਾਹਿਬ 95691-49556