ਜਗਰਾਉ 22 ਫਰਵਰੀ (ਅਮਿਤ ਖੰਨਾ) ਵਿਧਾਨ ਸਭਾ ਚੋਣਾਂ 'ਚ ਜਿੱਤ ਦਰਜ ਕਰਾਉਣ ਲਈ ਕਰੀਬ ਮਹੀਨੇ ਤੋਂ ਦਿਨ ਰਾਤ ਜਨਤਾ ਦੀ ਕਚਹਿਰੀ 'ਚ ਰਹਿੰਦਿਆਂ ਪਰਿਵਾਰ ਨੂੰ ਭੁੱਲੀ ਬੈਠੇ ਉਮੀਦਵਾਰ ਅੱਜ ਆਪੋ ਆਪਣੇ ਘਰਾਂ ਵਿਚ ਪਰਿਵਾਰ ਨਾਲ ਨਜ਼ਰ ਆਏ। ਪਰਿਵਾਰ ਵੀ ਉਨ੍ਹਾਂ ਨੂੰ ਅੱਜ ਘਰਾਂ 'ਚ ਦੇਖ ਕੇ ਬਾਗੋਬਾਗ ਹੋਏ ਤੇ ਉਨ੍ਹਾਂ ਦੀ ਸੇਵਾ ਖਾਤਰ ਕਰਦਿਆਂ ਮੌਜ ਮਸਤੀ ਕੀਤੀ। ਜਗਰਾਓਂ ਤੋਂ ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਚੋਣਾਂ ਤੋਂ ਬਾਅਦ ਅੱਜ ਪੀਏਯੂ ਲੁਧਿਆਣਾ ਵਿਖੇ ਈਵੀਐੱਮ ਸਟਰਾਂਗ ਰੂਮ 'ਚ ਰੱਖਣ ਦੇ ਪੋ੍ਗਰਾਮ ਕਾਰਨ ਅੱਜ ਵੀ ਸਵੇਰੇ 5 ਵਜੇ ਉਠੇ। ਮਸ਼ੀਨਾਂ ਰੱਖਣ ਤੋਂ ਤੇ ਸਰਕਾਰੀ ਕਾਰਵਾਈ ਤੋਂ ਬਾਅਦ ਘਰ ਪੁੱਜੇ ਤਾਂ ਉਨ੍ਹਾਂ ਦੀ ਪਤਨੀ ਤੇਜਵਰਿੰਦਰ ਕੌਰ, ਇੰਗਲੈਂਡ ਤੋਂ ਆਈ ਧੀ ਮਨਰੂਪ ਕੌਰ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਪਤਨੀ, ਧੀ, ਪੁੱਤ ਕੰਵਰ ਇਕਬਾਲ ਸਿੰਘ ਤੇ ਨੂੰਹ ਸ਼ਿਖਾ ਨਾਲ ਇਕੱਠੇ ਬੈਠਿਆਂ ਚਾਹ ਦਾ ਕੱਪ ਸਾਂਝਾ ਕਰਦਿਆਂ ਇਕੱਠੇ ਹੀ ਨਾਸ਼ਤਾ ਕੀਤਾ ਤੇ ਫਿਰ ਖੂਬ ਗੱਲਾਂ ਕੀਤੀਆਂ। ਇਸ ਦੇ ਨਾਲ ਹੀ ਕੰਵਰ ਨਰਿੰਦਰ ਸਿੰਘ ਨੇ ਪਰਿਵਾਰ ਨਾਲ ਦੋ ਦਿਨ ਉਨ੍ਹਾਂ ਮੁਤਾਬਕ ਹੀ ਇਕੱਠਿਆਂ ਬਿਤਾਉਣ ਦਾ ਵਾਅਦਾ ਵੀ ਕੀਤਾ।