ਐਨ.ਆਰ.ਆਈ. ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਤੇ ਲਗਾਏ ਸੰਗੀਨ ਦੋਸ਼

ਕੈਪਟਨ ਸੰਦੀਪ ਸੰਧੂ ਨੇ ਕਰੋੜਾਂ ਦਾ ਪਲਾਟ ਹਾਸਲ ਕਰਨ ਲਈ ਉਸ ਦਾ ਪਰਿਵਾਰ ਅਤੇ ਜਿੰਦਗੀ ਤਬਾਹ ਕਰਕੇ ਰੱਖ ਦਿੱਤੀ-ਪੀੜਤ ਗੁਰਪ੍ਰੀਤ ਸਿੰਘ 
ਮੁੱਲਾਂਪੁਰ ਦਾਖਾ,16 ਫ਼ਰਵਰੀ(ਸਤਵਿੰਦਰ ਸਿੰਘ ਗਿੱਲ)- ਅੱਜ ਮੁੱਲਾਂਪੁਰ ਵਿਖੇ ਇਕ ਐਨ.ਆਰ.ਆਈ. ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਠਿੰਡਾ, ਹਾਲ ਵਾਸੀ ਅਮਰੀਕਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਉੱਪਰ ਉਸ(ਪੀੜਤ) ਦਾ ਕਰੋੜਾਂ ਰੁਪਏ ਦਾ ਪਲਾਟ ਦੱਬਣ ਲਈ ਜਿੰਦਗੀ ਅਤੇ ਪਰਿਵਾਰ ਨੂੰ ਤਬਾਹ ਕਰਨ ਦਾ ਸੰਗੀਨ ਦੋਸ਼ ਲਗਾਇਆ। ਇਹ ਸਨਸਨੀਖੇਜ਼ ਖੁਲਾਸਾ ਕਰਦਿਆਂ ਪੀੜਤ ਐਨ ਆਰ ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿਖੇ ਫਿਰੋਜ਼ਪੁਰ ਰੋਡ 'ਤੇ ਹਿਆਤ ਹੋਟਲ ਸਾਹਮਣੇ ਸਥਿਤ 1550 ਗਜ਼ ਦੇ ਪਲਾਟ ਦਾ 1990 ਤੋਂ ਸੰਤ ਕੌਰ ਦੇ ਵਾਰਿਸਾਂ ਨਾਲ ਅਦਾਲਤੀ ਕੇਸ ਚੱਲ ਰਿਹਾ ਸੀ ਪਰੰਤੂ ਇਸ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਹਥਿਆਉਣ ਦੇ ਲਈ ਕਾਂਗਰਸ ਦੇ ਰਣਨੀਤੀਕਾਰ ਮੰਨੇ ਜਾਂਦੇ ਅਤੇ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਉਸ ਦੀ ਜਿੰਦਗੀ ਅਤੇ ਪਰਿਵਾਰ ਨੂੰ ਤਬਾਹ  ਕਰ ਦਿੱਤਾ ਅਤੇ ਆਪਣੇ ਅਸਰ ਰਸੂਖ ਨੂੰ ਵਰਤਦਿਆਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਪੀੜਤ ਨੇ ਦੱਸਿਆ ਕਿ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਇਸ ਮਾਮਲੇ ਵਿੱਚ ਇਕ ਹੋਰ ਰਾਜਨੀਤਕ ਆਗੂ ਰਵੀਪਰੀਤ ਸਿੰਘ ਸਿੱਧੂ, ਜੋ ਤਲਵੰਡੀ ਸਾਬੋ ਤੋਂ ਚੋਣ ਲੜ ਰਿਹਾ ਹੈ, ਸਮੇਤ 2004 ਵਿੱਚ ਸੰਤ ਕੌਰ ਦੇ ਵਾਰਸ ਨਿਰਮਲ ਸਿੰਘ ਦੇ ਬੇਟੇ ਹਰਗੋਬਿੰਦ ਸਿੰਘ ਧਾਲੀਵਾਲ ਆਈਪੀਐਸ ਅਧਿਕਾਰੀ ਨਾਲ ਆਪਣੀ ਮਿੱਤਰਤਾ ਦੇ ਜ਼ਰੀਏ ਇਸ ਮਾਮਲੇ ਵਿੱਚ ਦਾਖਲ ਹੁੰਦਾ ਹੈ ਅਤੇ ਇਸ ਪਲਾਟ ਨੂੰ ਹਥਿਆਉਣ ਦੇ ਲਈ ਉਕਤ ਰਾਜਨੀਤਕ ਆਗੂ ਦੂਜੀ ਧਿਰ ਨਾਲ ਹਮ ਮਸ਼ਵਰਾ ਹੋ ਕੇ  2004 ਅੰਦਰ ਆਪਸ ਵਿੱਚ ਰਜਿਸਟਰੀ ਕਰਵਾ ਲਈ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ 2007 ਮੁੜ ਦੂਜੀ ਧਿਰ ਦੇ ਨਾਂ 'ਤੇ ਰਜਿਸਟਰੀ ਕਰਵਾ ਦਿੱਤੀ, ਜਦਕਿ ਇਹ ਰਜਿਸਟਰੀਆਂ ਹੋਣ ਸਮੇਂ ਉਕਤ ਜਗ੍ਹਾ ਦਾ ਅਦਾਲਤੀ ਕੇਸ ਚੱਲ ਰਿਹਾ ਸੀ, ਸਗੋਂ 248 ਗਜ਼ ਪਲਾਟ ਦੀ ਰਜਿਸਟਰੀ ਅੱਜ ਵੀ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਮ ਉੱਪਰ ਬੋਲ ਰਹੀ ਹੈ ਪਰੰਤੂ ਕੈਪਟਨ ਸੰਧੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਇਸ ਪਲਾਟ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ। ਇਸ ਤਰਾਂ ਕਰਕੇ ਕੈਪਟਨ ਸੰਧੂ ਨੇ ਚੋਣ ਕਮਿਸ਼ਨ ਨੂੰ ਵੀ ਧੋਖਾ ਦਿੱਤਾ ਹੈ। ਜਿਸ ਦੀ ਪੀੜਤ ਐਨ ਆਰ ਆਈ ਨੇ ਜਮਾਂਬੰਦੀ ਦੀ ਕਾਪੀ ਵੀ ਪੇਸ਼ ਕੀਤੀ। ਇਸ ਮੌਕੇ ਪੀੜਤ ਨੇ ਭਰੇ ਮਨ ਨਾਲ ਦੱਸਿਆ ਕਿ  ਆਪਣੀ ਜਾਇਦਾਦ ਹਾਸਲ ਕਰਨ ਲਈ ਉਹ ਲੰਮੇ ਸਮੇਂ ਤੋਂ ਕਾਨੂੰਨੀ ਚਾਰਾਜੋਈ ਕਰਦਾ ਆ ਰਿਹਾ ਸੀ ਪਰੰਤੂ ਉਕਤ ਰਾਜਨੀਤਕ ਆਗੂਆਂ ਨੇ ਕੇਸ ਵਾਪਸ ਲੈਣ ਲਈ ਉਸ ਉੱਪਰ ਹਰ ਤਰੀਕੇ ਨਾਲ ਦਬਾਅ ਪਾਇਆ। ਜਿਸ ਵਿੱਚ ਉਸ ਨੂੰ ਦਰਜਨਾਂ ਦੇ ਕਰੀਬ ਪੁਲਸ ਅਧਿਕਾਰੀਆਂ ਰਾਹੀਂ ਡਰਾਇਆ ਧਮਕਾਇਆ ਗਿਆ। ਇਸ ਦੌਰਾਨ ਉਹ ਦਸੰਬਰ 2007 ਵਿੱਚ ਅਮਰੀਕਾ ਚਲਾ ਗਿਆ ਪਰੰਤੂ ਜਦੋਂ ਉਕਤ ਵਿਅਕਤੀਆਂ ਦੀ ਧਮਕੀਆਂ ਤੋਂ ਡਰਿਆ ਨਹੀਂ ਤਾਂ ਇਨ੍ਹਾਂ ਵਿਅਕਤੀਆਂ ਨੇ ਅਮਰੀਕਾ(ਯੂਐਸਏ) ਵਿੱਚ ਰਹਿੰਦੇ ਹੋਏ ਮੇਰੇ ਉੱਪਰ 26 ਫਰਵਰੀ 2008 ਨੂੰ ਝੂਠਾ ਕੇਸ ਦਰਜ ਕਰਵਾ ਦਿੱਤਾ, ਸਗੋਂ ਆਪਣਾ ਅਸਰ ਰਸੂਖ ਵਰਤਦਿਆਂ ਪੁਲਿਸ ਦੀ ਕਥਿਤ ਮਿਲੀਭੁਗਤ ਰਾਹੀਂ ਇਸ ਕੇਸ ਵਿੱਚ ਮੈਨੂੰ ਭਗੌੜਾ ਕਰਾਰ ਵੀ ਦੇ ਦਿੱਤਾ। ਜਿਸ ਵਜਾ ਕਾਰਨ ਮੈਂ ਇਕਲੌਤਾ ਪੁੱਤ ਹੋਣ ਦੇ ਬਾਵਜੂਦ ਆਪਣੇ ਮਾਪਿਆਂ ਦੀ ਅੰਤਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ, ਸਗੋਂ ਇਨ੍ਹਾਂ ਵਿਅਕਤੀਆਂ ਦੀ ਧੱਕੇਸ਼ਾਹੀ ਕਾਰਨ ਮੇਰੇ ਮਾਪੇ ਆਪਣੇ ਪੁੱਤ ਪੋਤਿਆਂ ਦਾ ਮੂੰਹ ਦੇਖਣਾ ਨੂੰ ਤਰਸਦੇ ਹੋਏ ਅਕਾਲ ਚਲਾਣਾ ਕਰ ਗਏ, ਜਦਕਿ ਮੇਰੇ ਬੱਚੇ ਅੱਜ ਵੀ ਆਪਣੇ ਦਾਦਾ ਦਾਦੀ ਦੀ ਯਾਦ ਵਿੱਚ ਤਰਸ ਰਹੇ ਹਨ। ਇਨ੍ਹਾਂ ਵਿਅਕਤੀਆਂ ਨੇ ਇਕ ਪਲਾਟ ਹਾਸਲ ਕਰਨ ਲਈ ਮੇਰਾ ਪਰਿਵਾਰ ਅਤੇ ਜਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ, ਜਦਕਿ ਉਸ ਨੇ ਅਮਰੀਕਾ ਵਿੱਚ ਰਹਿੰਦੇ ਹੋਏ ਉਕਤ ਵਿਅਕਤੀਆਂ ਵਲੋਂ ਦਰਜ ਕਰਵਾਏ ਗਏ ਝੂਠੇ ਕੇਸਾਂ ਨੂੰ ਆਪਣੇ ਵਕੀਲਾਂ ਦੀ ਮਦਦ ਰਾਹੀਂ ਰੱਦ ਕਰਵਾਇਆ। ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਇਸ ਧੱਕੇਸ਼ਾਹੀ ਖਿਲਾਫ਼ ਉਸ ਨੇ 6 ਅਪ੍ਰੈਲ 2020 ਨੂੰ ਐਨ ਆਰ ਆਈ ਕਮਿਸ਼ਨ ਕੋਲ ਸ਼ਿਕਾਈਤ ਦਰਜ ਕਰਵਾਈ, ਜਿਸ ਦੀ ਪੜਤਾਲ ਉਪਰੰਤ ਜਾਰੀ ਕੀਤੇ ਗਏ ਆਰਡਰ ਵਿੱਚ ਇਨ੍ਹਾਂ ਰਾਹੀਂ ਕਮਿਸ਼ਨ ਨੇ ਸਪੱਸ਼ਟ ਲਫਜ਼ਾਂ ਵਿਚ ਲਿਖਿਆ ਕਿ ਪੀੜਤ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਹੈ। ਪੀੜਤ ਐਨ ਆਰ ਆਈ ਨੇ ਆਖਿਆ ਕਿ ਕੈਪਟਨ ਸੰਦੀਪ ਸੰਧੂ ਅਤੇ ਹੋਰਨਾਂ ਵਿਅਕਤੀਆਂ ਨੇ ਇਕ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਹਾਸਲ ਕਲਨ ਲਈ ਉਸ ਦਾ ਘਰ ਪਰਿਵਾਰ ਤਬਾਹ ਕਰ ਦਿੱਤਾ ਪਰੰਤੂ ਜੇ ਇਹ ਵਿਅਕਤੀ ਮੁੜ ਸਿੱਧੇ ਰੂਪ ਚ ਤਾਕਤ ਸੱਤਾ ਦੀ ਤਾਕਤ ਹਾਸਲ ਕਰਦਾ ਹੈ ਤਾਂ ਇਹ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿੰਦਗੀ ਤਬਾਹ ਕਰ ਦੇਵੇਗਾ। ਇਸ ਮੌਕੇ ਪੀੜਤ ਨੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਕੇਂਦਰੀ ਕਾਨੂੰਨ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੰਤਰੀਆਂ ਅਧਿਕਾਰੀਆਂ ਪਾਸ ਭੇਜੀ ਦਰਖਾਸਤ ਵਿੱਚ ਇਨਸਾਫ ਦੀ ਗੁਹਾਰ ਲਗਾਈ ਹੈ, ਉਥੇ ਹੀ ਉਕਤ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।