ਦੀਪ ਸਿੱਧੂ ਦੇ ਸੜਕ ਹਾਦਸੇ ਵਿੱਚ ਵਿੱਛੜ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਵਿਸ਼ਵਾਸਘਾਤ ਨੂੰ ਕੋਸਦਿਆਂ ਫੂਕਿਆ ਪੁਤਲਾ
ਜਗਰਾਉਂ, 16 ਫਰਵਰੀ (ਅਮਿਤ ਖੰਨਾ/ ਜਸਮੇਲ ਗ਼ਾਲਿਬ ) ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਸਥਾਨਕ ਬਸ ਸਟੈਂਡ ਤੇ ਪਹਿਲਾਂ ਰੈਲੀ ਕਰਕੇ ਗੁਰੂ ਰਵੀ ਦਾਸ ਦੀ ਜੈਅੰਤੀ ਤੇ ਉਨਾਂ ਨੂੰ ਨਮਨ ਕੀਤਾ ਅਤੇ ਉਨਾਂ ਵਲੋਂ ਚਿਤਵੇ ਬੇਗਮਪੁਰਾ ਨੂੰ ਸਾਕਾਰ ਕਰਨ ਦਾ ਪ੍ਰਣ ਲਿਆ।ਇਸ ਸਮੇਂ ਨਾਮੀ ਕਲਾਕਾਰ ਦੀਪ ਸਿੱਧੂ ਦੇ ਸੜਕ ਹਾਦਸੇ ਚ ਵਿਛੜ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬਲਾਕ ਪ੍ਰਧਾਨਾਂ ਜਗਤਾਰ ਸਿੰਘ ਦੇਹੜਕਾ ਅਤੇ ਦੇਵਿੰਦਰ ਸਿੰਘ ਮਲਸੀਹਾਂ ਦੀ ਅਗਵਾਈ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਉਨਾਂ ਤੋਂ ਬਿਨਾਂ ਲੋਕ ਆਗੂ ਕੰਵਲਜੀਤ ਖੰਨਾ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਭਰੋਵਾਲ ਨੇ ਦੱਸਿਆ ਕਿ ਅੱਜ ਸੂਬੇ ਭਰ ਚ ਕਿਸਾਨ ਵਿਰੋਧੀ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਆਮਦ ਦਾ ਵਿਰੋਧ ਕਰਨ ਲਈ ਮੋਦੀ ਹਕੂਮਤ ਦੇ ਪੁਤਲੇ ਫੂਕ ਕੇ ਵਿਸ਼ਵਾਸਘਾਤੀ ਮੋਦੀ ਨੂੰ ਨਾਰਿਆਂ ਰਾਹੀ ਲਾਹਨਤਾਂ ਪਾਈਆਂ ਜਾ ਰਹੀਆਂ ਹਨ । ਉਨਾਂ ਕਿਹਾ ਕਿ ਅੱਡੀ ਚੋਟੀ ਦਾ ਜੋਰ ਲਾਕੇ ਵੀ ਭਾਜਪਾ ਦੀ ਫਿਰਕੂ ਤੇ ਕਾਰਪੋਰੇਟਾਂ ਦੀ ਦਲਾਲ ਪਾਰਟੀ ਪੰਜਾਬ ਚ ਅਪਣਾ ਆਧਾਰ ਨਹੀਂ ਬਣਾ ਸਕੇਗੀ। ਉਨਾਂ ਕਿਹਾ ਕਿ 19 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪੇ ਗਏ ਪੱਤਰ ਚ ਮੰਨੀਆਂ ਛੇ ਮੰਗਾਂ ਜਿਵੇਂ ਕਿ ਐਮ ਐਸ ਪੀ ਲਈ ਕਮੇਟੀ ਦਾ ਨਿਰਮਾਣ, ਬਿਜਲੀ ਐਕਟ 2020 ਦੀ ਵਾਪਸੀ,ਪ੍ਰਦੂਸ਼ਣ ਐਕਟ ਚੈੰ ਕਿਸਾਨਾਂ ਲਈ ਸਜਾ ਦੀ ਮੱਦ ਰੱਦ ਕਰਨਾ, ਹਰਿਆਣਾ ਸਮੇਤ ਸਾਰੇ ਦੇਸ਼ ਚ ਕਿਸਾਨਾਂ ਤੇ ਮੜੇ ਝੂਠੇ ਪਰਚੇ ਰੱਦ ਕਰਨਾ, ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜਾ ਅਤੇ ਨੌਕਰੀ ਦੇਣ ਆਦਿ ਮੰਗਾਂ ਨੂੰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ।ਇਸ ਤੋਂ ਵੀ ਅੱਗੇ ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਸਰਕਾਰ ਦੀ ਮਿਲੀ ਭੁਗਤ ਨਾਲ ਜਮਾਨਤ ਦੇ ਕੇ ਰਿਹਾ ਕਰਨ ਨੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ। ਇਸ ਸਮੇਂ ਆਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕਰਾਉਣ ਦੀ ਜੋਰਦਾਰ ਮੰਗ ਕੀਤੀ ਗਈ। ਉਪਰੰਤ ਜੀ ਟੀ ਰੋਡ ਤੇ ਮੁਖ ਚੌਂਕ ਤਕ ਮੁਜਾਹਰਾ ਕਰਕੇ ਨਾਰਿਆਂ ਦੀ ਗੂੰਜ ਚ ਮੌਦੀ ਹਕੂਮਤ ਦੀ ਅਰਥੀ ਨੂੰ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਲਾੰਬੂ ਲਾਇਆ।ਇਸ ਸਮੇਂ 18 ਫਰਵਰੀ ਨੂੰ 1974 ਦੀ ਤੇਲ ਦੀ ਬਲੈਕ ਵਿਰੋਧੀ ਅੰਦੋਲਨ ਦੇ ਸ਼ਹੀਦ ਪਿਆਰਾ ਸਿੰਘ ਗਾਲਬ ਦੇ ਬਰਸੀ ਸਮਾਗਮ ਤੇ ਸ਼ਹੀਦੀ ਯਾਦਗਾਰ ਤੇ ਗਾਲਬ ਪਿੰਡ ਵਿਖੇ ਪੁੱਜਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਗੁਰਪ੍ਰੀਤ ਸਿੰਘ ਸਿਧਵਾਂ, ਰਜਿੰਦਰ ਸਿੰਘ ਭਨੋਹੜ, ਦਲਬੀਰ ਸਿੰਘ ਬੁਰਜਕਲਾਲਾ,ਮਨਦੀਪ ਸਿੰਘ ਭੰਮੀਪੁਰਾ, ਹਰਚੰਦ ਸਿੰਘ ਢੌਲਣ, ਜਗਤ ਸਿੰਘ ਲੀਲਾਂ, ਜਗਜੀਤ ਸਿੰਘ ਕਲੇਰ, ਗੁਰਚਰਨ ਸਿੰਘ ਗੁਰੂਸਰ, ਮਦਨ ਸਿੰਘ ਆਦਿ ਆਗੂ ਹਾਜਰ ਸਨ।