ਹਲਕਾ ਮਹਿਲ ਕਲਾਂ ਚ ਕਾਂਗਰਸ ਦੀ ਸਥਿਤੀ ਡਾਵਾਂਡੋਲ  

ਆਮ ਆਦਮੀ ਪਾਰਟੀ ਆਪਣੇ ਚੋਣ ਪ੍ਰਚਾਰ ਚ ਸਭ ਤੋਂ ਅੱਗੇ                                

ਮਹਿਲ ਕਲਾ/ ਬਰਨਾਲਾ 6 ਫਰਵਰੀ (ਗੁਰਸੇਵਕ ਸੋਹੀ )- ਪੰਜਾਬ ਅੰਦਰ ਵੀਹ ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮੁੱਚੀਆਂ ਰਾਜਸੀ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।ਜੇਕਰ ਪੂਰੇ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਰਾਖਵਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਲੋਕਾਂ ਨੇ ਵੱਡੇ ਵੱਡੇ ਸੰਘਰਸ਼ਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ ਹੈ ਜਿਸ ਕਰਕੇ ਮਹਿਲ ਕਲਾਂ ਦੀ ਧਰਤੀ ਨੂੰ ਸੰਘਰਸ਼ਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।ਜੇਕਰ ਗੱਲ ਕਰੀਏ ਅਗਾਮੀ ਚੋਣਾਂ ਦੀ ਤਾਂ ਇਸ ਹਲਕੇ ਤੋਂ ਸੱਤਾ ਤੇ ਕਾਬਜ਼ ਪਾਰਟੀ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ ਨੂੰ ਜ਼ਬਰਦਸਤ ਵਿਰੋਧ ਦੇ ਬਾਵਜੂਦ ਟਿਕਟ ਦੇ ਕੇ ਮੈਦਾਨ ਚ ਉਤਾਰਿਆ ਗਿਆ ਹੈ।ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਚਮਕੌਰ ਸਿੰਘ ਬੀਰ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਜੰਟ ਸਿੰਘ ਕੱਟੂ,ਆਮ ਆਦਮੀ ਪਾਰਟੀ ਤੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸੰਯੁਕਤ ਸਮਾਜ ਮੋਰਚੇ ਵੱਲੋਂ ਐਡਵੋਕੇਟ ਜਸਬੀਰ ਸਿੰਘ ਖੇੜੀ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਗੱਠਜੋੜ ਵੱਲੋਂ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲੇ ਤੋਂ ਇਲਾਵਾ ਅੱਧੀ ਦਰਜਨ ਹੋਰ ਉਮੀਦਵਾਰ ਚੋਣ ਮੈਦਾਨ ਚ ਹਨ ।ਪਰ ਇਸ ਹਲਕੇ ਤੋਂ  ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਦੀ ਚੋਣ ਸਰਗਰਮੀ ਮੱਠੀ ਹੀ ਜਾਪ ਰਹੀ ਹੈ ।ਜਿਨ੍ਹਾਂ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ  ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਉਂਕਿ ਬੀਬੀ ਧਨੌਰੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਇਹ ਕਾਂਗਰਸ ਵਿੱਚ ਬਗ਼ਾਵਤ ਹੋ ਗਈ ਸੀ ਪਰ ਹਾਈ ਕਮਾਂਡ ਨੇ ਇਸ ਜ਼ਬਰਦਸਤ ਵਿਰੋਧ ਦੇ ਬਾਵਜੂਦ ਬੀਬੀ ਘਨੌਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ।ਜਿਸ ਦੀ ਮਿਸਾਲ  ਕਾਂਗਰਸ ਪਾਰਟੀ ਦੀ ਚੋਣ ਕੰਪੇਨ ਤੋਂ ਦੇਖਿਆ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਕਸਾਲੀ ਕਾਂਗਰਸੀ ਆਗੂਆਂ ਨੇ ਇੱਕ ਟਿਕਟ ਦੇ ਦਾਅਵੇਦਾਰ ਉਮੀਦਵਾਰ ਦੇ ਦਫ਼ਤਰ ਵਿੱਚ ਮੀਟਿੰਗ ਕਰਕੇ ਬੀਬੀ ਘਨੌਰੀ ਖ਼ਿਲਾਫ਼ ਅਗਲਾ ਐਲਾਨ ਨੌੰ ਫਰਵਰੀ ਨੂੰ ਕਰਨ ਦਾ ਅੈਲਾਨ ਕੀਤਾ ਹੈ। ਹੁਣ ਅੱਗੇ ਕੀ ਹੁੰਦਾ ਹੈ ਇਹ ਸਮੇਂ ਦੀ ਬੁੱਕਲ ਵਿੱਚ ਹੈ ।ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਮਕੌਰ ਸਿੰਘ ਵੀਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਭਾਵੇਂ ਤੇ ਚਮਕੌਰ ਸਿੰਘ ਵੀਰ ਵੱਡੀ ਗਿਣਤੀ ਚ ਅਕਾਲੀ ਆਗੂਆਂ ਨੂੰ ਆਪਣੇ ਨਾਲ ਤੋਰਨ ਵਿੱਚ ਸਫ਼ਲ ਹੋਏ ਹਨ ,ਪਰ ਉਨ੍ਹਾਂ ਦੀ ਹੀ ਪਾਰਟੀ ਦੇ ਕੁਝ ਆਗੂ ਅੰਦਰੋ ਅੰਦਰੀ ਉਨ੍ਹਾਂ ਨਾਲ  ਨਾਰਾਜ਼ ਚੱਲੇ ਆ ਰਹੇ ਹਨ ,ਜੋ ਕਿ ਉਨ੍ਹਾਂ ਦੀ ਚੋਣ ਲਈ ਘਾਤਕ ਸਿੱਧ ਹੋ ਸਕਦੇ ਹਨ।ਚਮਕੌਰ ਸਿੰਘ ਵੀਰ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਮੇਂ ਦੌਰਾਨ ਕੀਤੇ ਵਿਕਾਸ ਕਾਰਜਾਂ ਨੂੰ ਲੈ ਕੇ ਵੋਟਾਂ ਮੰਗਦੇ ਹਨ। ਆਮ ਆਦਮੀ ਪਾਰਟੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਟਿਕਟ ਦੇ ਕੇ ਮੁੜ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਜਿਨ੍ਹਾਂ ਦੀ ਚੋਣ ਸਰਗਰਮੀਆਂ ਅੱਜ ਦੇ ਸਮੇਂ ਦੌਰਾਨ ਸਭ ਤੋਂ ਅੱਗੇ ਹਨ।ਕਿਉਂਕਿ ਪੰਡੋਰੀ ਦੀ ਚੋਣ ਨੂੰ ਨੌਜਵਾਨ ਆਪਣੇ ਹੱਥਾਂ ਵਿੱਚ ਲੈ ਕੇ ਚੱਲ ਰਹੇ ਹਨ।ਪਰ ਹਲਕੇ ਦੇ ਬਹੁਤੇ ਪਿੰਡਾਂ ਵਿੱਚ ਉਨ੍ਹਾਂ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਲੋਕਾਂ ਨਾਲ ਰਾਬਤਾ ਨਾ ਕਾਇਮ ਰੱਖਣ ਦੇ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜ਼ਿਕਰਯੋਗ ਹੈ ਕਿ ਪਿਛਲੀਆ ਵਿਧਾਨ ਸਭਾ ਚੋਣਾਂ ਦੌਰਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਚੋਣ ਮੈਦਾਨ ਚ ਉਤਾਰੀ ਬੀਬੀ ਹਰਚੰਦ ਕੌਰ ਘਨੌਰੀ ਤੀਜੇ ਨੰਬਰ ਤੇ ਰਹੇ ਸਨ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਜੰਟ ਸਿੰਘ ਕੱਟੂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਜੋ ਕਿ ਆਪਣੇ ਨਰਮ ਦਿਲ ਅਤੇ ਮਿਲਾਪੜੇ ਸੁਭਾਅ ਕਾਰਨ  ਹਲਕੇ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਇਸ ਦਾ ਵੱਡਾ ਕਰਨੇ ਕੇ ਸ. ਕੱਟੂ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨਾਲ  ਉਨ੍ਹਾਂ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਆ ਰਹੇ ਹਨ, ਸਮੁੱਚੇ  ਲੋਕਾਂ ਦਾ ਸਰਕਾਰੇ ਦਰਬਾਰੇ ਕੰਮਕਾਜ ਕਰਾਉਂਦੇ ਸਨ। ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਹੋਂਦ ਚ ਆਏ ਸੰਯੁਕਤ ਮੋਰਚੇ ਦੇ ਨੌਜਵਾਨ ਉਮੀਦਵਾਰ ਜਸਵੀਰ ਸਿੰਘ ਖੇੜੀ ਨੂੰ ਟਿਕਟ ਦੇ ਕੇ ਚੋਣ ਮੈਦਾਨ ਚ ਉਤਾਰਿਆ ਹੈ। ਜੋ ਕਿ ਇੱਕ ਪੜ੍ਹੇ ਲਿਖੇ ਤੇ ਕਿਸਾਨੀ ਸੰਘਰਸ਼ ਵਿਚ ਆਪਣਾ  ਮੋਹਰੀ ਰੋਲ ਅਦਾ ਕਰਦੇ ਆ ਰਹੇ ਹਨ।ਜਿਸ ਕਾਰਨ ਉਹ ਹਲਕੇ ਦੇ ਲੋਕਾਂ ਨੂੰ ਆਪਣਾਪਨ ਮਹਿਸੂਸ ਕਰਵਾ ਰਹੇ ਹਨ ਤੇ ਹਲਕੇ ਦੇ ਲੋਕ ਉਨ੍ਹਾਂ ਨੂੰ ਪੁੱਤਾਂ ਵਾਂਗ ਪਿਆਰ ਦੇ ਰਹੇ ਹਨ। ਜਸਬੀਰ ਸਿੰਘ ਖੇੜੀ ਵੀ ਉਕਤ ਚੋਣਾਂ ਵਿਚ ਕੋਈ ਕ੍ਰਿਸ਼ਮਾ ਕਰ ਸਕਦੇ ਹਨ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਪੰਜਾਬ ਲੋਕ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਚ ਉਤਾਰੇ ਧਾਰਮਿਕ ਸ਼ਖ਼ਸੀਅਤ ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਦਾ ਚੋਣ ਪ੍ਰਚਾਰ  ਸਭ ਉਮੀਦਵਾਰਾਂ ਤੋਂ ਵੱਖਰਾ ਹੀ ਹੈ ।ਸੰਤ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਦੀ ਸ਼ਖ਼ਸੀਅਤ ਮੁਤਾਬਿਕ ਹੀ ਉਨ੍ਹਾਂ ਦਾ ਚੋਣ ਪ੍ਰਚਾਰ ਸ਼ਾਂਤਮਈ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ ਹਾਥੀ ਦੀ ਚਾਲ ਚਲਦੇ ਹੋਏ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।ਸੰਤ  ਟਿੱਬੇ ਵਾਲਿਆਂ ਦੀ ਧਾਰਮਿਕ ਸ਼ਖ਼ਸੀਅਤ ਹੁਣ ਉਨ੍ਹਾਂ ਲਈ ਰਾਮਬਾਣ ਸਾਬਤ ਹੋ ਰਹੀ ਹੈ।ਜਿਸ ਨਾਲ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਹਲਕੇ ਦੇ ਕਈ ਦਿੱਗਜ ਰਾਜਸੀ ਆਗੂ ਅੰਦਰੋ ਅੰਦਰੀ ਉਨ੍ਹਾਂ ਨਾਲ  ਰਾਬਤਾ ਕਾਇਮ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਇਨ੍ਹਾਂ ਉਕਤ ਉਮੀਦਵਾਰਾਂ ਤੋਂ ਇਲਾਵਾ ਭਾਰਤੀ ਕੰਮਿਊਨਿਸਟ ਪਾਰਟੀ, ਮਾਰਕਸਵਾਦੀ ਲੈਨਿਨਵਾਦੀ ਵੱਲੋਂ ਕਾਮਰੇਡ ਗੁਰਪ੍ਰੀਤ  ਸਿੰਘ ਰੂੜੇਕੇ, ਆਪਣੀ ਏਕਤਾ ਪਾਰਟੀ ਵੱਲੋਂ ਤੇਜਾ ਸਿੰਘ ਕਾਲਾਬੂਲਾ,ਸਮਾਜਵਾਦੀ ਪਾਰਟੀ ਵੱਲੋਂ ਹਰਬੰਸ ਸਿੰਘ ਸਮੇਤ ਗੁਰਮੇਲ ਸਿੰਘ ਨੈਸ਼ਨਲ ਆਪਣੀ ਪਾਰਟੀ  ਵੱਲੋਂ ਅਤੇ  ਗੁਰਤੇਜ ਸਿੰਘ ਦਾਨਗਡ਼੍ਹ ਸੁਪਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਜੋ ਕੇ ਉਕਤ ਉਮੀਦਵਾਰ ਹਲਕੇ ਦੀ ਰਾਜ ਸੀ ਹਵਾ ਪਲਟਣ ਵਿੱਚ ਅਹਿਮ ਰੋਲ ਅਦਾ ਕਰਨਗੇ।ਹੁਣ ਦੇਖਣਾ ਹੋਵੇਗਾ ਕਿ ਹਲਕਾ ਮਹਿਲ ਕਲਾਂ ਦੇ ਸੰਘਰਸ਼ੀ ਲੋਕ ਕਿਸ ਉਮੀਦਵਾਰ ਦੇ ਸਿਰ ਤੇ ਜਿੱਤ ਵਾਲਾ ਤਾਜ ਧਰਦੇ ਹਨ ਇਹ ਸਮੇਂ ਦੀ ਬੁੱਕਲ ਵਿੱਚ ਹੈ।