You are here

ਵਿਧਾਇਕ ਇਆਲੀ ਵੱਲੋਂ ਕੋਰੋਨਾ ਗਾਈਡ ਲਾਈਨਜ਼ ਦੇ ਮੱਦੇ ਨਜ਼ਰ ਸਕੂਲ/ਕਾਲਜ਼ ਖੋਲ੍ਹਣ ਦੀ ਮੰਗ 

ਮੁੱਲਾਂਪੁਰ ਦਾਖਾ, 3 ਫਰਵਰੀ(ਸਤਵਿੰਦਰ ਸਿੰਘ ਗਿੱਲ )— ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਲਗਾਈਆਂ ਵੱਖ-ਵੱਖ ਪਾਬੰਦੀਆਂ ਦੌਰਾਨ ਵਿੱਦਿਅਕ ਅਦਾਰੇ ਮੁੜ ਬੰਦ ਕਰਨ ਰੱਖਣ ਦੇ ਲਏ ਫੈਸਲੇ ਦਾ ਸਕੂਲ/ਕਾਲਜ਼ ਪ੍ਰਬੰਧਕ, ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਕੋਰੋਨਾ ਗਾਈਡਲਾਈਨਜ਼ ਦੇ ਮੱਦੇਨਜ਼ਰ ਸਕੂਲ/ਕਾਲਜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਬੇਸ਼ੱਕ ਅਜੋਕੇ ਕੰਪਿਊਟਰਾਈਜ਼ ਆਧੁਨਿਕ ਯੁੱਗ ਵਿੱਚ ਸਿੱਖਿਆ ਦਾ ਕਾਫ਼ੀ ਮਹੱਤਵ ਹੈ ਪ੍ਰੰਤੂ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕੋਰੋਨਾ ਮਹਾਂਮਾਰੀ ਕਾਰਨ ਸਕੂਲ/ਕਾਲਜ਼ ਤੇ ਵਿਦਿਅਕ ਅਦਾਰੇ ਪਹਿਲਾਂ ਹੀ ਕਾਫ਼ੀ ਸਮਾਂ ਬੰਦ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਵੀ ਸਰਕਾਰਾਂ ਨੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਹੋਰਨਾਂ ਪਾਬੰਦੀਆਂ ਸਮੇਤ ਸਕੂਲਾਂ ਕਾਲਜਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਪ੍ਰੰਤੂ ਸਰਕਾਰੀ ਦਫ਼ਤਰਾਂ ਦੇ ਕੰਮਕਾਰ ਚੱਲ ਰਹੇ ਹਨ ਅਤੇ ਪੰਜ ਸੂਬਿਆਂ ਦੀ ਚੋਣਾਂ ਸਬੰਧੀ ਇਕੱਠ ਕਰਨ ਲਈ ਵੀ ਰਿਆਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰੇ ਬੰਦ ਹੋਣ ਕਾਰਨ ਬੱਚਿਆਂ ਦੀ ਪਡ਼੍ਹਾਈ ਤੇ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ, ਸਗੋਂ ਮੋਬਾਈਲ ਫੋਨ ਰਾਹੀਂ ਆਨਲਾਈਨ ਪੜ੍ਹਾਈ ਕਰ ਰਹੇ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ, ਬਲਕਿ ਆਨਲਾਈਨ ਪੜ੍ਹਾਈ ਨਾਲ ਬੱਚੇ ਸੁਚੱਜੇ ਢੰਗ ਨਾਲ ਪੜ੍ਹਾਈ ਨਹੀਂ ਕਰ ਪਾਉਂਦੇ, ਉੱਥੇ ਹੀ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਕਾਰਨ ਬੱਚੇ ਮੋਬਾਈਲ ਫੋਨ ਦੇ ਆਦੀ ਹੋ ਰਹੇ ਹਨ, ਜੋ ਉਨ੍ਹਾਂ ਦੇ ਭਵਿੱਖ ਲਈ ਕਾਫ਼ੀ ਖ਼ਤਰਨਾਕ ਸਾਬਤ ਹੋਵੇਗਾ। ਵਿਧਾਇਕ ਇਆਲੀ ਨੇ ਮੰਗ ਕੀਤੀ ਹੈ ਕਿ ਅਜੋਕੇ ਸਮੇਂ ਸਿੱਖਿਆ ਦੇ ਮਹੱਤਵ ਨੂੰ ਦੇਖ ਦੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਸਕੂਲ/ ਕਾਲਜ਼ ਤੇ ਵਿਦਿਅਕ ਅਦਾਰੇ ਖੋਲ੍ਹੇ ਜਾਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।