ਪੰਜਾਬ ਦੀ ਚੋਣ ਰਾਜਨੀਤੀ ਦੀ ਉਥਲ ਪੁਥਲ ਅਤੇ ਪਰਖੇ ਜਾ ਰਹੇ ਅਖੌਤੀ ਸਿਆਸਤ ਦਾਨ ✍️ ਪਰਮਿੰਦਰ ਸਿੰਘ ਬਲ

ਸੋਨੇ ਦੇ ਭਾਂਡੇ ਨੂੰ ਦੇਖਣ ਤੇ ਭਾਵੇ ਸੋਨਾ ਲੱਗੇ ਪਰ ਪਰਖ ਤੇ ਚੜਨ ਤੇ ਹੀ ਪਤਾ ਲੱਗਦਾ ਹੈ ਕਿ ਅਸਲ ਸੋਨਾ ਹੈ ਵੀ ਜਾਂ ਨਹੀਂ । 72 ਸਾਲ ਦੀ ਭਾਰਤੀ ਡੈਮੋਕਰੇਸੀ ਅੰਦਰ ਜੋ ਅੱਜ ਕੱਲ ਪੰਜਾਬ ਦੇ ਸਿਆਸਤ ਦਾਨਾਂ ਦੀ ਸੋਚ , ਜੋ 2022 ਦੀਆਂ ਵਿਧਾਨ ਸਭਾ ਵਿੱਚ ਉਘੜ ਕੇ ਸਾਹਮਣੇ ਆਈ ਹੈ , ਸ਼ਾਇਦ ਹੀ ਕਦੇ ਲੋਕਾਂ ਨੇ ਅਜਿਹਾ ਉਜਾਲਾ ਦੇਖਿਆ ਹੋਵੇ । ਬਹੁਤੇ ਅਣਖੀ ਕਲੇਮ ਕਰਦੇ ਆਗੂਆਂ ਦਾ ਅਖਾਉਤੀ ਚਿਹਰਾ ਭੀ ਨੰਗਾ ਹੋ ਸਾਹਮਣੇ ਆ ਗਿਆ ਹੈ । ਜਿਵੇਂ ਸੱਚ ਹੀ ਹੈ ਕਿ “ਪਿਗਲ ਗਿਆ ਜੋ ਖੋਟਾ ਡੱਬੂਆ , ਜਾਂ ਨਜ਼ਰ ਸਰਾਫ਼ੇ ਆਇਆ “। ਕਮਾਲ ਦਾ ਧੋਖਾ ਤੇ ਨਖ਼ਰਾ ਅੱਜ ਤੱਕ ਬਾਦਲਾਂ ਨੇ ਬੀ ਜੇ ਪੀ ਪਾਰਟੀ ਨਾਲ ਵੀਹ ਸਾਲ ਤੋਂ ਉੱਪਰ ਕਰ ਰੱਖਿਆ , ਉਸ ਦਾ ਮੁਕੰਮਲ ਪਰਦਾ ਚੁੱਕਿਆ ਜਾ ਰਿਹਾ ਹੈ । ਇਹੀ ਢੰਗ ਕਾਂਗਰਸ ਅਤੇ ਦੂਜੀਆਂ ਧਿਰਾਂ ਵਰਤਦੀਆਂ ਰਹੀਆਂ ਹਨ । ਪੰਜਾਬ ਦੇ ਲੋਕਾਂ ਨੂੰ ਇਹ ਦੱਸਕੇ , ਕਿ ਹਿੰਦੂ ਸਿੱਖ ਵੱਸੋਂ ਨੂੰ  ਵਿੱਚੋ ਦੋ ਹਿੱਸਿਆਂ ਵਿੱਚ ਇਸਤਰਾਂ ਵੰਡਿਆ ਕਿ ਬੀ ਜੇ ਪੀ ਸਿਰਫ਼ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਅਤੇ ਹਿੰਦੂ ਵੋਟਾਂ ਤੇ ਹੀ ਸੀਮਤ ਰਹੇ ।ਬਾਕੀ ਸਾਰੇ ਪੰਜਾਬ ਨੂੰ ਆਪਣੀ ਜਾਗੀਰ ਜਾਣਕੇ , ਇਹ ਅਸੈਬਲੀ ਦੀਆਂ 117 ਸੀਟਾਂ ਦੀ ਘੜਤ ਘੜਦੇ ਰਹੇ , ਵਿੱਚੋਂ ਬੀ ਜੇ ਪੀ ਨੂੰ ਉਪਰਲੇ ਧੋਖੇ ਅਤੇ ਨਖ਼ਰੇ ਅਧੀਨ ਚਾਰ , ਪੰਜ ਸੀਟਾਂ ਦੇ ਕੇ ਆਪਣਾ ਤੇ ਪਰਿਵਾਰ ਦਾ ਉੱਲੂ ਘੋੜਾ ਚਲਾਉਂਦੇ ਰਹੇ । ਕੀ ਕਾਰਨ ਹੈ ਕਿ ਅੱਜ ਜਦ ਬੀ ਜੇ ਪੀ ਨੇ ਬਾਦਲ ਟੱਬਰ ਤੋਂ ਬਗੈਰ ਦੂਜੀਆਂ ਧਿਰਾਂ ਨਾਲ ਗਠਜੋੜ ਪੰਜਾਬ ਵਿੱਚ ਕੀਤਾ ਤਾਂ ਉਹ  ਤੀਹ ਉਮੀਦਵਾਰ ਤੱਕ ਚੋਣ ਵਿੱਚ ਉਤਾਰ ਚੁੱਕੇ ਹਨ । ਬਾਬਾਬਕਾਲਾ ਇਲਾਕੇ ਵਿੱਚੋਂ ਪਿਛਲੇ ਸਮੇਂ ਤੋਂ ਤਿੰਨ ਵਾਰ ਜਿੱਤ ਕੇ ਚਲੇ ਆਉਂਦੇ ਉੱਘੇ ਅਕਾਲੀਆਗੂ(ਭਾਈ ਮਨਜਿੰਦਰ ਸਿੰਘ ਮੰਨਾਂ) ਬੀਜੇ ਪੀ ਵੱਲੋਂ ਚੋਣ ਮੈਦਾਨ ਵਿੱਚ ਹਨ । ਬਟਾਲੇ ਤੋਂ ਫਤਹਿ ਸਿੰਘ ਬਾਜਵਾ , ਇਸ ਤਰਾਂ ਹੋਰ ਭੀ ਉੱਘੇ ਪੇਂਡੂ ਆਗੂ , ਜ਼ਿਹਨਾਂ ਨੇ ਇਹਨਾਂ ਚੋਣਾਂ ਵਿੱਚ ਬੀ ਜੇ ਪੀ ਨੂੰ ਪਾਰਟੀ ਵਜੋਂ ਅਪਣਾਇਆ ਹੈ । ਕਈ ਉੱਗੇ ਕਾਂਗਰਸੀ , ਅਕਾਲੀ ਨੇਤਾਵਾਂ ਨੇ ਜਦ ਉਹਨਾਂ ਦੀ ਪਾਰਟੀ ਵੱਲੋਂ ਟਿਕਟ ਵੱਲੋਂ ਨਾਂਹ ਨੁੱਕਰ ਹੋਈ ਤਾਂ ਉਹਨਾਂ ਬੀ ਜੇ ਪੀ ਵੱਲ ਰੁਖ ਕੀਤਾ , ਅਤੇ ਬਹੁਤੇ ਚਲੇ ਭੀ ਗਏ ।ਕੁੱਲ ਸੀਟਾਂ ਵਿੱਚੋਂ ਕੋਈ 16 ਉਮੀਦਵਾਰ ਪੇਂਡੂ ਹਲਕਿਆਂ ਵਿੱਚੋਂ ਹਨ , ਸਿੱਖ ਅਤੇ ਸਰਦਾਰ ਹਨ , ਸਿੰਘ ਨਾਵਾਂ ਵਾਲੇ ਹਨ । ਜ਼ਿਹਨਾਂ ਬਾਰੇ ਵੀਹ ਸਾਲ ਬਾਦਲਾਂ ਤੇ ਕਾਂਗਰਸ ਨੇ ਆਪਣੀ ਹੀ ਝੋਲੀ ਦੀ ਜਾਗੀਰ ਦੱਸਿਆ ਸੀ ।ਪੇਂਡੂ ਵੱਸੋਂ ਵਾਲੇ ਇਨ੍ਹਾਂ ਉਮੀਦਵਾਰਾਂ ਨੇ ਅਖੌਤੀ ਅਕਾਲੀਆਂ ਤੇ ਕਾਂਗਰਸੀਆਂ ਦੀ ਵੱਰਿਆਂ ਬਧੀ ਮੱਕਾਰੀ ਤੋਂ ਪਰਦਾ ਚੁੱਕਿਆ ਜਾਪਦਾ ਹੈ । ਬੀ ਜੇ ਪੀ ਦਾ ਸੰਯੁਕਤ ਅਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਨਾਲ ਤਿੰਨ ਧਿਰ ਗੱਠ ਜੋੜ ਹੋਣ ਕਾਰਨ ਉਹ ਸਿਰਫ਼ ਤੀਹ ਉਮੀਦਵਾਰ ਹੀ ਦੇ ਸਕੇ ਹਨ , ਵਰਨਾਂ ਪੰਜਾਬ ਦੀ ਸਿਰਫ਼ ਦੋ-ਪਾਰਟੀ ਦੀ ਸਿਆਸਤ ਦੇ ਕਿੰਗਰੇ ਧੜਾ ਧੜ ਡਿਗਣ ਦੇ ਕਿਆਸੇ ਹੋ ਸਕਦੇ ਸਨ । ਪਰ ਕੀ ਇਸ ਬਦਲੀ ਰੰਗਤ ਦਾ ਕੋਈ ਹੋਰ ਭੀ ਕਾਰਨ ਹੋ ਸਕਦਾ ਸੀ । ਹਾਂ ਕੁਝ ਪੰਜਾਬ ਦੇ ਲੋਕ ਇਸ ਗੱਲ ਤੋਂ ਭੀ ਖਫੇ ਵਿੱਚ ਹਨ ਕਿ ਜੋ ਫ਼ਿਰੋਜ਼ਪੁਰ ਦੀ 5 ਜਨਵਰੀ ਵਾਲੀ ਘਟਨਾ  , ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਹੋਈ , ਉਸ ਨੇ ਪੰਜਾਬ ਦਾ ਕੁਝ ਸੁਆਰਨ ਨਾਲ਼ੋਂ , ਸਗੋਂ ਪੰਜਾਬ ਨੂੰ ਬਦਨਾਮ ਕੀਤਾ ਹੈ । ਬਹੁਤੇ ਤਾਂ ਇਸ ਗੱਲ ਨੂੰ ਅਚੰਭੇ ਅਤੇ ਮੂਰਖਤਾ ਪੱਖੋਂ ਜਾਇਜ਼ਾ ਲੈ ਕੇ ਕਹਿ ਰਹੇ ਹਨ , ਕਿ ਪ੍ਰਧਾਨ ਮੰਤਰੀ ਜੋ 42750 ਕਰੋੜ ਰੁਪਏ ਦਾ ਪ੍ਰਾਜੈਕਟ ਪੰਜਾਬ ਦੇ ਰਹੇ ਸਨ , ਉਸ ਨੂੰ ਪੰਜਾਬ ਦੀ ਇਸ ਸਮੇਂ ਦੀ ਸੱਤਾ ਤੇ ਬੈਠੀ ਕਾਂਗਰਸ ਨੇ ਧ੍ਰੋਹੀ ਚਾਲ ਖੇਡ ਕੇ ਖੱਟੇ ਵਿੱਚ ਮਿਲਾ ਦਿੱਤਾ। ਲੋਕ ਗੱਲ ਕਰਦੇ ਹਨ ਕਿ ਕੀ ਕਦੇ ਪਹਿਲਾਂ ਦੇ 65 ਸਾਲ ਦੇ ਉੱਪਰ ਸਮੇਂ ਵਿੱਚ ਕਦੇ ਕਿਸੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਜਾ ਕਿਸੇ ਸਟੇਟ ਨੂੰ ਇਸ ਤਰਾਂ ਦਾ ਸੁਨੇਹਾ ਦੇ ਕੇ ਕਦਮ ਪੁੱਟਿਆ ਹੋਵੇ , ਕਿ ਮੈਂ ਕੁਝ ਦੇਣ ਆਇਆ ਹਾਂ ? ਕੀ ਇਹ ਹੀ ਵੱਡਾ ਕਾਰਨ ਤਾਂ ਨਹੀਂ ਕਿ ਪੰਜਾਬ ਦੇ ਲੋਕ ਬੀ ਜੇ ਪੀ ਵੱਲ ਰੁਖ ਕਰ ਰਹੇ ਹਨ ? ਕੁਝ ਹੋਰ ਭੀ ਕਾਰਨ ਹੋ ਸਕਦੇ ਹਨ , ਕਿ ਪੱਜਾਬ ਦੇ ਨੇਤਾਗਿਰੀ ਆਗੂਆਂ ਨੇ ਭੀ ਆਪਣੀਆਂ ਸਿਆਸੀ  ਰੋਟੀਆਂ ਸੇਕਣ ਲਈ ਬੀ ਜੇ ਪੀ ਨੂੰ , ਭਾਰਤੀ ਜਨਤਾ ਪਾਰਟੀ ਕਹਿਣ ਨਾਲ਼ੋਂ , ਹਿੰਦੂ ਪਾਰਟੀ ਜ਼ਿਆਦਾ ਕਹਿਕੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰੀ । ਸ਼ਪਸਟ ਦੇਖੋ , ਜੋ ਨੇਤਾ ਜਾਂ ਬਾਦਲਕੇ ਇਹਨਾਂ ਨਾਲ ਨੂੰਹ - ਮਾਸ ਰਿਸ਼ਤਾ ਦੱਸ ਕੇ ਇਹਨਾਂ ਨੂੰ ਆਪਣੇ ਪਰਵਾਰ ਦੀ ਜਾਗੀਰ ਸਮਜਦੇ ਸਨ , ਉਹਨਾਂ ਨੇ ਅੱਜ ਆਪਣੇ ਉਲਟੇ ਸਵਾਰਥ ਖਾਤਰ , ਜਥੇਦਾਰ ਅਕਾਲ ਤਖਤ ਨੇ ਬੀ ਜੇ ਪੀ ਵਿਰੁੱਧ ਫ਼ਤਵੇ ਜਿਹਾ ਬਿਆਨ ਨੂੰ ਉਸ ਸਮੇਂ ਦਿੱਤਾ  ਜਦੋਂ ਇਹਨਾਂ ਦੀ ਧਿਰ ਦਾ ਦਿੱਲੀ ਵਾਲਾ ਆਗੂ ਸ੍ਰ ਸਿਰਸਾ ਬੀ ਜੇ ਪੀ ਵਿੱਚ ਚਲਾ ਗਿਆ। ਕੀ ਜਥੇਦਾਰ ਸਾਹਿਬ ਦੀ ਸਿਰਸੇ ਨੂੰ ਜੇਹਲ ਡੱਕਣ ਵਾਲੀ ਡਰ ਵਾਲੀ ਕਹਾਣੀ ਵਿੱਚ ਕੋਈ ਸੱਚ ਸੀ? ਭਾਰਤ ਦੀ ਇਕ ਪ੍ਰਮੁਖ ਰੂਲਿੰਗ ਪਾਰਟੀ ਨੂੰ ਹਿੰਦੂ ਪਾਰਟੀ ਕਹਿਕੇ ਲੋਕਾਂ ਵਿਚ ਕਿਵੇ ਗੁਮਰਾਹ ਕੀਤਾ ਗਿਆ ਇਹ ਪੰਜਾਬ ਦੇ ਨੇਤਾਗਿਰੀ ਆਗੂਆਂ ਦੀ ਪੰਜਾਬ ਪ੍ਰਤੀ ਅਕਿਰਤਘਣਤਾ ਹੀ ਤਾਂ ਕਹੀ ਜਾ ਸਕਦੀ ਹੈ । 65 ਸਾਲ ਦਾ ਕਾਂਗਰਸ ਇਤਿਹਾਸ ਦੇਖੀਏ ਤਾਂ , 1955 ਵਿਚ ਦਰਬਾਰ ਸਾਹਿਬ ਵਿਚ ਪੁਲਿਸ ਐਕਸ਼ਨ 150 ਤੋਂ ਵੱਧ ਸਿੱਖ ਮਾਰੇ ਗਏ, 1978 ਦਾ ਸਾਕਾ , ਜੂਨ ਅਤੇ ਨਵੰਬਰ 1984 ਦੇ ਹਜ਼ਾਰਾਂ ਸ਼ਹੀਦਾਂ ਦੀ ਜੁਮੇਵਾਰ ਨਹਿਰੂ ਤੋਂ ਇੰਦਰਾ ਗਾਂਧੀ ਤੱਕ ਸਿਰਫ਼ ਕਾਂਗਰਸ ਹੀ ਜੁਮੇਵਾਰ ਸੀ । ਸਿੱਖਾਂ ਦੀ ਕਾਂਗਰਸ ਵੱਲੋਂ ਕੀਤੇ ਗਏ ਨਰਸੰਘਾਰ ਨੂੰ ਅੱਜ ਸਿੱਖ ਸਮਜ ਚੁੱਕੇ ਹਨ । ਅਜ ਪੰਜਾਬ ਦੀ ਇਸ ਸਿਆਸੀ ਹਥੋਪਾਈ ਵਿੱਚੋਂ ਕੀ ਨਿਕਲਦਾ ਹੈ , ਲੋਕਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੇ ਆਪਣੇ ਆਪਣੇ ਕਿਆਸੇ ਹਨ । ਪਰੰਤੂ ਅਕਿਰਤਘਣਤਾ ਦੀਆਂ ਰੇਤ ਦੀਆਂ ਕੰਧਾਂ ਜ਼ਰੂਰ ਢਹਿ ਰਹੀਆਂ ਹਨ । ਸਿਆਸੀ ਪਾਰਟੀਆਂ ਦੇ ਅਸਲੀ ਚੇਹਰਿਆਂ ਨੂੰ ਬੜੇ ਔਖੇ ਸਮਿਆਂ ਵਿੱਚੋਂ ਲੰਘ ਕੇ ਅੱਜ ਪੰਜਾਬ ਦੇ ਲੋਕਾਂ ਨੇ ਪਛਾਨਣਾਂ ਸ਼ੁਰੂ ਕਰ ਦਿੱਤਾ ਹੈ । 

—— ਪਰਮਿੰਦਰ ਸਿੰਘ ਬਲ, ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ