ਮਾਮਲਾ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਦਾ ਕਾਰਕੁਨਾਂ ਦੀਆਂ ਲਗਾਈਆਂ ਡਿਊਟੀਆਂ

ਜਗਰਾਉਂ 23 ਜਨਵਰੀ( ਜਸਮੇਲ ਗ਼ਾਲਿਬ ) ਕਰੀਬ 16 ਸਾਲ ਪਹਿਲਾਂ ਮਾਂ-ਧੀ ਨੂੰ ਥਾਣੇ ਵਿੱਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਦੇ ਮੁੱਖ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਦੋਸ਼ੀ ਰਾਜਵੀਰ ਸਿੰਘ ਅਤੇ ਕਤਲ਼ ਕੇਸ ਵਿੱਚ ਬਣੇ ਫਰਜ਼ੀ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ 26 ਜਨਵਰੀ ਨੂੰ ਥਾਣਾ ਸਿਟੀ ਮੂਹਰੇ ਲਗਾਏ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਵਿੱਚ ਆਮ ਲੋਕਾਂ ਦੀ ਭਰਵੀਂ ਸ਼ਮੂਲ਼ੀਅਤ ਲਈ ਅੱਜ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਰਮਵਾਰ ਪਿੰਡ ਮੱਲਾਂ, ਰਸੂਲਪੁਰ, ਮਾਣੂੰਕੇ, ਲੱਖਾ, ਹਠੂਰ ਬੁਰਜ਼ ਕਾਲ਼ਾਲ਼ਾ ਆਦਿ ਪਿੰਡਾਂ 'ਚ  ਜੱਥੇਬੰਦਕ ਕਾਰਕੁਨਾਂ ਨਾਲ ਮੀਟਿੰਗਾਂ ਕੀਤੀਆਂ ਅਤੇ 26 ਜਨਵਰੀ ਨੂੰ ਥਾਣਾ ਸਿਟੀ ਮੂਹਰੇ ਲੱਗ ਰਹੇ ਅਣਮਿਥੇ ਰੋਸ ਧਰਨੇ 'ਚ ਭਰਵੀੰ ਸ਼ਮੂਲ਼ੀਅਤ ਯਕੀਨੀ ਬਣਾਉਣ ਲਈ ਡਿਉਟੀਆਂ ਲਗਾਈਆਂ ਗਈਆਂ। ਇਸ ਸਬੰਧ ਵਿੱਚ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਅਫਸਰਾਂ ਨੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਕੁਲਵੰਤ ਕੌਰ ਤੇ ਮਾਤਾ ਸੁਰਿੰਦਰ ਕੌਰ ਵਾਸੀਆਨ ਰਸੂਲਪੁਰ ਨੂੰ 16 ਸਾਲ਼ ਪਹਿਲਾਂ ਨਾਂ ਸਿਰਫ਼ ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਸਗੋਂ ਅੱਤਿਆਚਾਰ ਨੂੰ ਛੁਪਾਉਣ ਲਈ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਨੂੰ ਫਰਜ਼ੀ ਗਵਾਹ ਤੇ ਫਰਜ਼ੀ ਕਾਗਜ਼ਾਤ ਬਣਾ ਕੇ ਝੂਠੇ ਕਤਲ਼ ਕੇਸ ਵਿੱਚ ਫਸਾ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਪੀੜ੍ਹਤਾ ਕੁਲਵੰਤ ਕੌਰ ਪੁਲਿਸ ਮੁਲਾਜ਼ਮਾਂ ਵਲੋਂ ਲਗਾਏ ਕਰੰਟ ਕਾਰਨ 15-16 ਸਾਲ ਸਰੀਰਕ ਤੌਰ ਅਤੇ ਨਕਾਰਾ ਹੋਈ ਮੰਜੇ ਪਈ ਤਫੜਦੀ ਰਹੀ ਤੇ ਲੰਘੀ 10 ਦਸੰਬਰ ਨੂੰ ਮਰ ਗਈ ਸੀ ਤੇ ਮਰਨ ਤੋਂ ਬਾਦ ਦੋਸ਼ੀਆਂ ਖਿਲਾਫ਼ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਹੋਇਆ ਹੈ ਪਰ ਗ੍ਰਿਫਤਾਰੀ ਨਹੀਂ ਹੋ ਰਹੀ। ਰਸੂਲਪੁਰ ਅਨੁਸਾਰ ਮ੍ਰਿਤਕਾ ਦਾ ਭਰਾ ਲੱਗਭੱਗ 10 ਸਾਲ ਬਾਦ ਝੂਠੇ ਕਤਲ਼ ਕੇਸ ਵਿਚੋਂ ਬਰੀ ਵੀ ਹੋ ਗਿਆ ਸੀ ਅਤੇ ਉਸ ਨੇ ਲੱਗਭੱਗ 35 ਹਜ਼ਾਰ ਚਿੱਠੀਆਂ ਪੱਤਰ ਲ਼ਿਖ ਕੇ ਪੁਲਿਸ ਦਾ ਝੂਠ ਨੰਗਾ ਕੀਤਾ ਹੈ।