ਗੁਰਦੁਆਰਾ ਬਾਬਾ ਫਤਿਹ ਸਿੰਘ ਪਿੰਡ ਦੇਹੜਕਾ ਵਿਖੇ ਅੱਜ ਕਿਸਾਨਾਂ ਦੀ ਜਿੱਤ ਦੀ ਖ਼ੁਸ਼ੀ ਨੂੰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ  

ਕਿਸਾਨ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਕੀਤਾ ਗਿਆ ਮਾਣ ਸਨਮਾਨ   

ਜਗਰਾਉਂ, 22  ਜਨਵਰੀ ( ਕੌਸ਼ਲ ਮੱਲਾਂ/  ਜਸਮੇਲ ਗ਼ਾਲਿਬ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਇਤਿਹਾਸਕ ਪਿੰਡ ਦੇਹੜਕਾ ਵਿਖੇ ਗੁਰੂਦੁਆਰਾ ਬਾਬਾ ਫਤਿਹ ਸਿੰਘ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਅਰਦਾਸ ਉਪਰੰਤ ਪਿੰਡ ਵਾਸੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਇਤਿਹਾਸਕ ਅੰਦੋਲਨ ਨੇ ਸਿਰਫ  ਭਾਜਪਾ ਦੀ ਮੋਦੀ ਹਕੂਮਤ ਦੀਆਂ ਹੀ ਨਹੀਂ ਗੋਡਨੀਆਂ ਲਵਾਈਆਂ ਸਗੋਂ ਸੰਸਾਰ ਭਰ ਦੇ ਕਿਰਤੀ ਲੋਕਾਂ ਦੇ ਦੁਸ਼ਮਣ ਵੱਡੇ ਦਿਓਕੱਦ ਕਾਰਪੋਰੇਟਾਂ ਨੂੰ ਭੂੰਜੇ ਸੁੱਟਿਆ ਹੈ। ਅਮਰੀਕਨ ਸਾਮਰਾਜ ਦੀ ਅਗਵਾਈ ਚ ਭਾਰਤ ਦੀ ਖੇਤੀ ਤੇ ਕਬਜਾ ਕਰਨ ਦੀ ਸਾਜਿਸ਼ , ਅੰਨੇ ਮੁਨਾਫੇ ਕਮਾਉਣ ਦੀ ਵਹਿਸ਼ੀ ਹਵਸ ਨਾਲ ਮੱਥਾ ਲਾਇਆ ਹੈ। ਆਜਾਦੀ ਤੋ ਪਹਿਲਾਂ ਇੰਗਲੈਂਡ ਦੀ ਅਗਵਾਈ ਚ ਦੇਸ਼ ਤੇ ਕਾਬਜ ਸਾਮਰਾਜ ਖਿਲਾਫ ਜੋ ਲੜਾਈ ਭਗਤ , ਸਰਾਭਿਆਂ ਨੇ ਲੜੀ ਸੀ, ਉਹੀ ਲੜਾਈ ਦੇਸ਼ ਦੇ ਕਿਸਾਨਾਂ ਅਤੇ ਲੋਕਾਂ ਨੇ 750 ਕੁਰਬਾਨੀਆਂ ਦੇ ਕੇ ਜਿੱਤੀ ਹੈ। ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਰਾਹੀਂ ਸਾਡੇ ਦੇਸ਼ ਦੇ ਪੈਦਾਵਾਰੀ ਸਾਧਨਾਂ ਤੇ ਕਬਜਾ ਕਰਨ ਲਈ ਸੰਸਾਰ ਵਪਾਰ ਸੰਸਥਾਂ ਨਾਂ ਦੀ ਸਾਮਰਾਜੀ ਸੰਸਥਾਂ ਰਾਹੀ ਖੇਤੀ ਤੇ ਕਬਜਾ ਕਰਨ ਲਈ ਲਿਆਂਦੇ ਤਿੰਨ ਕਾਲੇ ਕਾਨੂੰਨ ਕਿਸਾਨੀ ਦੀ ਮੌਤ ਦਾ ਸਮਾਨ ਸਨ। ਇਨਾਂ ਕਾਲੇ ਕਨੂੰਨਾਂ ਨੂੰ ਵਾਪਸ ਕਰਾਉਣ ਤੋਂ ਬਾਅਦ ਸੰਸਾਰ ਵਪਾਰ ਸੰਸਥਾਂ ਚੋਂ ਦੇਸ਼ ਨੂੰ ਬਾਹਰ ਕਢਵਾਉਣ ਦੀ ਚੁਣੋਤੀ ਇਸ ਤੋਂ ਕਿਤੇ ਵੱਡੀ ਹੈ। ਇਸ ਸਮੇਂ ਅਪਣੇ ਸੰਬੋਧਨ ਚ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਐਮ ਐਸ ਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਹਾਸਲ ਕਰਨ,ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਨਵੀਂ ਖੇਤੀ ਨੀਤੀ ਦਾ ਨਿਰਮਾਣ ਕਰਵਾਉਣ,  ਹਰ ਕਿਸਮ ਦੇ ਕਰਜਿਆਂ ਤੇ ਲੀਕ ਮਰਵਾਉਣ ਤੇ ਹੋਰ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨ ਸੰਘਰਸ਼ ਜਾਰੀ ਰੱਖਣਾ ਹੀ ਪਵੇਗਾ। ਓਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਚ ਆਪਾਂ ਧੜੇਬੰਦੀ ਤੋਂ ਪਾਸੇ ਰਹਿਣਾ ਹੈ ਤੇ ਕਿਸੇ ਵੀ ਵੋਟ ਪਾਰਟੀ ਦਾ ਸਮਰਥਨ ਨਹੀਂ ਕਰਨਾ ਹੈ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ 31 ਜਨਵਰੀ ਨੂੰ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਵਾਦਾ ਖਿਲਾਫੀ ਦਿਵਸ ਮਨਾਉਣਾ ਹੈ। ਉਨਾਂ 17 ਜਥੇਬੰਦੀਆਂ ਵਲੋਂ ਕਾਤਲ ਡੀਐਸ ਪੀ ਗੁਰਿੰਦਰ ਬਲ ਦੀ ਗ੍ਰਿਫਤਾਰੀ ਖਿਲਾਫ 26 ਜਨਵਰੀ ਨੂੰ ਸਿਟੀ ਥਾਣਾ ਜਗਰਾਂਓ ਦੇ ਅਣਮਿੱਥੇ ਸਮੇਂ ਦੇ ਘਿਰਾਓ ਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ।ਉਨਾਂ 21 ਜਨਵਰੀ ਦੀ ਬਰਨਾਲਾ ਰੈਲੀ ਚ ਵੱਡੀ ਗਿਣਤੀ ਚ ਸਾਰੇ ਪਿੰਡਾਂ ਦੀ ਸ਼ਾਨਦਾਰ ਸ਼ਮੂਲੀਅਤ ਤੇ ਕਿਸਾਨਾਂ ਮਜਦੂਰਾਂ ਦਾ ਧੰਨਵਾਦ ਕੀਤਾ।ਇਸ ਸਮੇਂ ਜਥੇਬੰਦੀ ਵਲੋਂ ਸੋ ਦੇ ਕਰੀਬ  ਸੰਘਰਸ਼ਸ਼ੀਲ ਸਖਸ਼ੀਅਤਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਿੰਡ ਇਕਾਈ ਪ੍ਰਧਾਨ ਸੁਖਦੇਵ ਸਿੰਘ ਖਹਿਰਾ,  ਸਕੱਤਰ ਬੇਅੰਤ ਸਿੰਘ,ਬਲਵੰਤ ਸਿੰਘ ਬਲੰਤੀ, ਗੁਰਬਚਨ ਸਿੰਘ ਧਾਲੀਵਾਲ, ਲਖਵੀਰ ਸਿੰਘ ਮਾਨੇਕਾ,ਕਰਮਜੀਤ ਸਿੰਘ ਸਰਪੰਚ, ਤਰਸੇਮ ਸਿੰਘ ਬੱਸੂਵਾਲ,   ਗੁਰਪ੍ਰੀਤ ਸਿੰਘ ਸਿਧਵਾਂ, ਮਨਦੀਪ ਸਿੰਘ ਭੰਮੀਪੁਰਾ, ਦੇਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜ਼ਰ ਸਨ।  ਬਾਅਦ ਚ ਲੰਗਰ ਅਤੁੱਟ ਵਰਤਿਆ।