ਪਿੰਡ ਕੁਤਬਾ ਵਿਖੇ ਗੁਰੂ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਨਗਰ ਕੀਰਤਨ

ਮਹਿਲ ਕਲਾਂ /ਬਰਨਾਲਾ 16 ਜਨਵਰੀ (ਗੁਰਸੇਵਕ ਸੋਹੀ )- ਪਿੰਡ ਕੁਤਬਾ ਵਿਖੇ ਪੁਰਾਣਾ ਸ਼ਹੀਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ  ਸਜਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦਾ ਪਿੰਡ ਅੰਦਰ ਵੱਖ ਵੱਖ ਪੜ੍ਹਾਵਾਂ ਉੱਪਰ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਾਗੀ ਗੁਰਦੀਪ ਸਿੰਘ ਦੇ ਜਥੇ ਵੱਲੋਂ ਆਪਣੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ,ਮੀਤ ਪ੍ਰਧਾਨ ਹਾਕਮ ਸਿੰਘ ,ਖਜ਼ਾਨਚੀ ਗੁਰਮੀਤ ਸਿੰਘ, ਸੈਕਟਰੀ ਮਾਸਟਰ ਕਰਨੈਲ ਸਿੰਘ, ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਦੇ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਕੌਮ ਲਈ ਜਬਰ ਜ਼ੁਲਮ ਦਾ ਟਾਕਰਾ ਕਰਦਿਆਂ ਸਮੁੱਚੇ ਪਰਿਵਾਰ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਦੀ ਰਾਖੀ ਕੀਤੀ । ਅੱਜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਵਧੇਰੇ ਅੰਮ੍ਰਿਤਪਾਨ ਕਰਕੇ ਸਿੱਖੀ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਵੱਖ ਵੱਖ ਪੜ੍ਹਾਵਾਂ ਪਰ ਸੰਗਤਾਂ ਲਈ ਚਾਹ, ਪਕੌੜਿਆਂ ਆਦਿ ਦੇ ਲੰਗਰ ਲਗਾਏ  ਗਏ । ਇਸ ਮੌਕੇ ਕਮੇਟੀ ਮੈਂਬਰ ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਮੁਕੰਦ ਸਿੰਘ, ਹਰਜੀਤ ਸਿੰਘ ਤੋ ਇਲਾਵਾ ਹੋਰ ਸੰਗਤਾਂ ਵੱਡੀ  ਗਿਣਤੀ ਚ ਹਾਜ਼ਰ ਸਨ   ।