ਸੰਯੁਕਤ ਸਮਾਜ ਮੋਰਚੇ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ ਦੀ ਬਦੌਲਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ, ਕਿਸਾਨਾਂ-ਮਜ਼ਦੂਰਾਂ-ਆਮ ਲੋਕਾਂ ਦਾ ਮਹਾਂਯੁੱਧ ਲੜਿਆ ਗਿਆ ਅਤੇ ਜਿੱਤਿਆ ਗਿਆ, ਨੇ ਹੀ ਚੋਣਾਂ ਦੇ ਅਮਲ ਵਿਚ ਹਿੱਸਾ ਲੈਣਾ ਹੈ। ਮੋਰਚੇ ਦਾ ਮੰਨਣਾ ਹੈ ਕਿ ਇਨ੍ਹਾਂ ਸਿਦਕੀ ਜੀਊੜਿਆਂ, ਸਿਧਰੇ-ਪਧਰੇ, ਵਲ-ਛਲ ਰਹਿਤ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਦਾ ਬਦਲ ਮੁਹੱਈਆ ਕਰਵਾਉਣਾ ਸਾਡਾ ਕਰਤੱਵ ਵੀ ਹੈ ਅਤੇ ਸਮੇਂ ਦੀ ਲੋੜ ਵੀ।
ਜੇ ਚੋਣਾਂ ਉਪਰੰਤ ਪੰਜਾਬ ਵਿਚ ਮੋਰਚੇ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਸਿਧਾਂਤਾਂ ਲਈ ਅਸੀਂ ਤਾਉਮਰ ਜੂਝਦੇ ਰਹੇ ਹਾਂ, ਉਨ੍ਹਾਂ ਦੀ ਪਾਲਣਾ ਸਾਡਾ ਕਰਤਵ ਹੋਵੇਗਾ। ਦੂਸਰੇ ਸ਼ਬਦਾਂ ਵਿਚ ਅਸੀਂ ਇਕ ਕੁਰੱਪਸ਼ਨ ਮੁਕਤ, ਨਸ਼ਾ ਮੁਕਤ, ਮਾਫੀਆ ਮੁਕਤ, ਜੁਰਮ ਰਹਿਤ, ਜਾਤ-ਪਾਤ ਰਹਿਤ, ਬਰਾਬਰੀ ਵਾਲਾ ਸਮਾਜ ਸਿਰਜਣ ਦਾ ਯਤਨ ਕਰਾਂਗੇ। ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ-ਮਜ਼ਦੂਰਾਂ ਲਈ ਕਰਜ਼ਾ ਮੁਕਤੀ, ਪਬਲਿਕ ਫੰਡਿਡ ਵਿਦਿਅਕ ਢਾਂਚੇ ਦੀ ਮਜ਼ਬੂਤੀ, ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ, ਗੈਂਗਸਟਰਵਾਦ ਦਾ ਖਾਤਮਾ, ਸ਼ਰਾਬ ਦੇ ਵਪਾਰ ਅਤੇ ਰੇਤੇ ਦੀਆਂ ਖੱਡਾਂ ਤੇ ਮੁਕੰਮਲ ਸਰਕਾਰੀ ਕੰਟਰੋਲ ਆਦਿ ਸਾਡੇ ਏਜੰਡੇ ਦਾ ਹਿੱਸਾ ਹੋਣਗੇ।
ਨਿਰਸੰਦੇਹ ਪੰਜਾਬ ਨੂੰ ਇਕ ਸੁਚੱਜੇ ਰਾਜਨੀਤਕ ਬਦਲ ਦੀ ਜ਼ਰੂਰਤ ਹੈ। ਅਜੋਕਾ ਅਕਾਲੀ ਦੱਲ ਗਰੀਬ ਅਤੇ ਮਧਵਰਗੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ, ਇਸਦਾ ਮੌਜੂਦਾ ਚਿਹਰਾ-ਮੋਹਰਾ, ਕਾਰਪੋਰੇਟ ਪੱਖੀ, ਆਰਐਸਐਸ ਪੱਖੀ ਅਤੇ ਗੈਰ-ਜਮਹੂਰੀ ਹੈ। ਇਹ ਧਨਾਢ ਕਿਸਾਨੀ, ਵੱਡੇ ਟਰਾਂਸਪੋਰਟਰਾਂ ਅਤੇ ਵੱਡੀ ਬਿਜ਼ਨਸ ਕਲਾਸ ਦੀ ਨੁਮਾਇੰਦਗੀ ਕਰਦੀ ਹੈ। ਇਸ ਪਾਰਟੀ ਵੱਲੋਂ, ਪੰਥ ਦੀ ਅਡਰੀ ਹਸਤੀ ਨੂੰ ਮਿਟਾਉਣ ਦੇ ਆਰਐਸਐਸ ਦੇ ਯਤਨਾਂ ਨੂੰ ਉਤਸ਼ਾਹਿਤ ਹੀ ਕੀਤਾ ਗਿਆ ਹੈ। ਫੈਡਰਲਿਜ਼ਮ ਦੇ ਮੁੱਦੇ ਤੇ ਇਸ ਪਾਰਟੀ ਨੇ ਗੋਡੇ ਟੇਕੀ ਰੱਖੇ ਹਨ। ਕਾਂਗਰਸ ਪਾਰਟੀ ਅਜ਼ਾਦੀ ਤੋਂ ਬਾਅਦ ਵਾਲੇ ਆਪਣੇ ਲੰਮੇ ਸਾਸ਼ਨ ਕਾਲ ਦੌਰਾਨ, ਪੰਜਾਬ ਦੇ ਲੋਕਾਂ ਨਾਲ ਭਾਵਨਾਤਮਕ ਸਾਂਝ ਨਹੀਂ ਬਣਾ ਸਕੀ - ਇਸ ਉੱਪਰ ਪੰਜਾਬ ਦੇ ਹਿਤਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ। ਸੰਖੇਪ ਵਿਚ ਇਸ ਪਾਰਟੀ ਦਾ ਐਂਟੀ-ਪੰਜਾਬ ਪਿਛੋਕੜ ਇਸ ਦੀ liability ਹੈ।
ਬੀਜੇਪੀ ਦੀ ਕਾਰਪੋਰੇਟ ਪੱਖੀ ਨੰਗੀ-ਚਿੱਟੀ ਪਹੁੰਚ ਅਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਸਿਆਸਤ ਮੁਲਕ ਲਈ ਘਾਤਕ ਹੈ। ਇਸ ਪਾਰਟੀ ਦਾ (ਅਖੌਤੀ) ਰਾਸ਼ਟਰਵਾਦ ਦਾ ਸੰਕਲਪ ਅਤੇ ਸੈਕੂਲਰਿਜ਼ਮ ਵਿਰੋਧੀ ਸਟੈਂਡ, ਸਾਡੀਆਂ ਸੰਵਿਧਾਨਕ ਮਾਨਤਾਵਾਂ ਦੇ ਉਲਟ ਭੁਗਤਦਾ ਹੈ। ਇਹ ਪਾਰਟੀ ਸੱਤ੍ਹਾ ਦੇ ਕੇਂਦਰੀਕਰਨ ਦੀ ਮੁਦਈ ਹੈ ਅਤੇ ਭਾਸ਼ਾਈ ਅਤੇ ਸਭਿਆਚਾਰਕ ਵਖਰੇਵਿਆਂ ਨੂੰ ਮਲੀਆਮੇਟ ਕਰਨ ਦੇ ਰਾਹ ਪਈ ਹੋਈ ਹੈ। ਭਾਵੇਂ ਇਹ ਪਾਰਟੀ ਕੁਝ ਅਖੌਤੀ ਸਿੱਖ ਚਿਹਰਿਆਂ ਨੂੰ ਸਾਹਵੇਂ ਲਿਆ ਰਹੀ ਹੈ, ਸ਼ਾਇਦ ਹੀ ਕੋਈ ਸੀਟ ਜਿੱਤਣ ਦੇ ਸਮਰੱਥ ਸਿੱਧ ਹੋਵੇ। ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਮਿਲ ਕੇ ਵੀ ਪੰਜਾਬ ਵਿਚ ਭਾਜਪਾ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਸਕਣਗੇ
ਆਮ ਆਦਮੀ ਪਾਰਟੀ ਉੱਪਰ ਟਿਕਟਾਂ ਨੂੰ ਵੇਚਣ ਦੇ ਨੰਗੇ-ਚਿੱਟੇ ਇਲਜ਼ਾਮ, ਇਸ ਪਾਰਟੀ ਦੇ ਕਾਰਕੁੰਨਾ ਵੱਲੋਂ ਹੀ ਲਗਾਏ ਗਏ ਹਨ ਜਿਨ੍ਹਾਂ ਵਿਚੋਂ ਬਹੁਤੇ ਜਾਇਜ਼ ਵੀ ਪ੍ਰਤੀਤ ਹੁੰਦੇ ਹਨ - ਇਸ ਪਾਰਟੀ ਵੱਲੋਂ ਕੁਝ ਅਜਿਹੇ ਵਿਅਕਤੀਆਂ ਨੂੰ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਦਾ ਪਿਛੋਕੜ ਸਗੰਧਿਤ ਹੈ। ਇਸ ਤੋਂ ਇਲਾਵਾ ਦਿੱਲੀ ਦੇ ਬਾਰਡਰਾਂ ਤੇ ਹੋਏ ਜਨ-ਅੰਦੋਲਨ ਦੇ ਮੌਕੇ ਤੇ ਇਸ ਪਾਰਟੀ ਵੱਲੋਂ, ਖਾਸ ਤੌਰ ਤੇ ਟੀਕਰੀ ਬਾਰਡਰ ਤੇ ਸੈਨੀਟੇਸ਼ਨ ਅਤੇ ਵਾਟਰ ਸਪਲਾਈ ਮੁਤਲਕ ਬਣਦੀ-ਜੁੜਦੀ ਇਮਦਾਦ ਮੁਹੱਈਆ ਨਹੀਂ ਕਰਵਾਈ ਗਈ।
ਸੰਯੁਕਤ ਸਮਾਜ ਮੋਰਚੇ ਦਾ ਆਪਣੇ ਲੋਕਾਂ ਨਾਲ ਇਹ ਵਚਨ-ਬੱਧਤਾ ਹੈ ਕਿ ਅਸੀਂ ਮੁੱਦਿਆਂ ’ਤੇ ਅਧਾਰਿਤ ਸਿਆਸਤ ਕਰਾਂਗੇ, ਫੋਕੇ ਵਾਅਦੇ ਕਰਨ ਅਤੇ ਮੁਫ਼ਤ ਦੇ ਲੋਲੀ-ਪੋਪ ਵੰਡਣ ਤੋਂ ਗੁਰੇਜ਼ ਕਰਾਂਗੇ। ਚੋਣਾ ਵਿਚ ਨਸ਼ੇ ਅਤੇ ਪੈਸੇ ਵੰਡਣ ਦੀਆਂ ਪ੍ਰਚਲਤ ਪ੍ਰੰਪਰਾਵਾਂ ਨੂੰ ਤੋੜਾਂਗੇ। ਪੰਜਾਬ ਦੇ ਲੋਕਾਂ ਨੂੰ ਸਾਡੀ ਜੁਆਬਦੇਹੀ ਹੈ ਅਤੇ ਆਪਣੇ ਵਾਅਦਿਆਂ ’ਤੇ ਅਸੀਂ ਪੂਰਾ ਉਤਰਾਂਗੇ ਅਤੇ ਉੱਜਲੇ ਮੁਖ ਨਾਲ ਆਪਣੇ ਗੁਰੂ ਸਾਹਵੇਂ ਹੋਵਾਂਗੇ।
ਪੰਜਾਬ ਦੇ ਲੋਕਾਂ ਤੋਂ ਸਾਨੂੰ ਭਰਵੇਂ ਹੁੰਗਾਰੇ ਦੀ ਤਵੱਕੋਂ ਹੈ -ਸੰਯੁਕਤ ਸਮਾਜ ਮੋਰਚੇ ਦੀ ਫੇਸਬੁੱਕ ਪੇਜ ਤੋਂ
ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚਾ ਤੋਂ ਇਹੀ ਉਮੀਦ ਕਰਦੇ ਹਨ ਜੋ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਵਿੱਚ ਸਾਂਝਾ ਕੀਤਾ ਪਰ ਅੱਜ ਤਕ ਪੰਜਾਬ ਦਾ ਇਤਿਹਾਸ ਹੈ ਕਹਿਣ ਨੂੰ ਹੋਰ ਤੇ ਕਰਨ ਨੂੰ ਹੋਰ ਪਰ ਫਿਰ ਵੀ ਸਮਾਂ ਦੱਸੇਗਾ ਕਿ ਕਿਸ਼ਤੀਆਂ ਕੋ ਸੰਯੁਕਤ ਸਮਾਜ ਮੋਰਚਾ ਦੇ ਲੋਕ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕਣਗੇ- ਅਮਨਜੀਤ ਸਿੰਘ ਖਹਿਰਾ