ਕੇਰਲ 'ਚ ਆਏ ਹੜ੍ਹਾਂ ਕਾਰਨ ਪੈਦਾਵਾਰ ਘਟਣ ਨਾਲ ਵਧੇ ਭਾਅ
ਜਗਰਾਉਂ, ਜੂਨ 2019-( ਮਨਜਿੰਦਰ ਗਿੱਲ )- ਛੋਟੀ ਇਲਾਇਚੀ, ਜਿਸ ਨੂੰ ਮਸਾਲਿਆਂ ਦੀ ਰਾਣੀ ਕਿਹਾ ਜਾਂਦਾ ਹੈ, ਦਾ ਥੋਕ ਭਾਅ 1500 ਤੋਂ ਵਧ ਕੇ 3500 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ | ਕੁਝ ਸਮਾਂ ਪਹਿਲਾਂ ਪ੍ਰਚੂਨ ਬਾਜ਼ਾਰ 'ਚ ਛੋਟੀ ਇਲਾਇਚੀ ਦਾ ਭਾਅ 1700 ਰੁਪਏ ਪ੍ਰਤੀ ਕਿੱਲੋ ਸੀ, ਜੋ ਹੁਣ ਵਧ ਕੇ 4000 ਰੁਪਏ ਹੋ ਗਿਆ ਹੈ | ਛੋਟੀ ਇਲਾਇਚੀ ਦੇ ਭਾਅ 'ਚ 135 ਫ਼ੀਸਦੀ ਦਾ ਵਾਧਾ ਹੋਣ ਨਾਲ ਮਸਾਲਾ ਬਾਜ਼ਾਰ 'ਚ ਤਰਥੱਲੀ ਮਚੀ ਹੋਈ ਹੈ | ਖ਼ਪਤਕਾਰਾਂ ਨੇ ਵੀ ਛੋਟੀ ਇਲਾਇਚੀ ਦੀ 'ਖ਼ੁਸ਼ਬੂ' ਤੋਂ ਦੂਰੀ ਬਣਾ ਲਈ ਹੈ | ਜੇਕਰ ਕੋਈ ਖ਼ਪਤਕਾਰ ਪ੍ਰਚੂਨ ਕਰਿਆਨਾ ਦੁਕਾਨ ਤੋਂ 100 ਗ੍ਰਾਮ ਛੋਟੀ ਇਲਾਇਚੀ ਖ਼ਰੀਦਣ ਜਾਂਦਾ ਹੈ ਤਾਂ 400 ਰੁਪਏ ਭਾਅ ਸੁਣ ਕੇ 'ਸੁੰਨ' ਹੋ ਜਾਂਦਾ ਹੈ | ਮਸਾਲਿਆਂ ਤੋਂ ਇਲਾਵਾ ਚਾਹ ਦਾ ਸੁਆਦ ਬਿਹਤਰ ਬਣਾਉਣ ਲਈ ਵੀ ਛੋਟੀ ਇਲਾਇਚੀ ਦੀ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਹੈ, ਪਰ ਹੁਣ 'ਆਮ' ਲੋਕ ਬਿਨਾਂ ਇਲਾਇਚੀ ਵਾਲੀ ਚਾਹ ਪੀ ਕੇ ਸਬਰ ਕਰਨ ਲੱਗੇ ਹਨ | ਢਾਬਿਆਂ ਤੇ ਹੋਟਲਾਂ 'ਤੇ ਗਾਹਕਾਂ ਨੂੰ ਖਾਣਾ ਖਾਣ ਤੋਂ ਬਾਅਦ ਹੁਣ ਛੋਟੀ ਇਲਾਇਚੀ ਨਹੀਂ ਦਿੱਤੀ ਜਾਂਦੀ, ਸਗੋਂ ਸੌਾਫ ਤੇ ਮਿਸ਼ਰੀ ਦੇ ਕੇ ਹੀ ਬੁੱਤਾ ਸਾਰਿਆ ਜਾਂਦਾ ਹੈ | ਜਾਣਕਾਰੀ ਅਨੁਸਾਰ ਛੋਟੀ ਇਲਾਇਚੀ ਸਮੇਤ ਜ਼ਿਆਦਾਤਰ ਮਸਾਲਿਆਂ ਦੀ ਪੈਦਾਵਾਰ ਦੱਖਣ ਭਾਰਤੀ ਰਾਜ ਕੇਰਲ 'ਚ ਹੁੰਦੀ ਹੈ | ਪਿਛਲੇ ਸਮੇਂ ਦੌਰਾਨ ਕੇਰਲ 'ਚ ਆਏ ਭਾਰੀ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਸੀ, ਜਿਸ ਨਾਲ ਮਸਾਲਿਆਂ ਦੀਆਂ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਸੀ | ਪੈਦਾਵਾਰ ਘਟਣ ਕਾਰਨ ਭਾਅ 'ਅਸਮਾਨੀਂ' ਚੜ੍ਹ ਗਏ | ਜਾਣਕਾਰਾਂ ਦਾ ਕਹਿਣਾ ਹੈ ਕਿ ਸੱਟਾ ਬਾਜ਼ਾਰੀਆਂ ਤੇ ਥੋਕ ਵਪਾਰੀਆਂ ਨੇ ਮੌਕੇ ਦੀ 'ਨਜ਼ਾਕਤ' ਨੂੰ ਵੇਖਦਿਆਂ ਖ਼ੂਬ ਹੱਥ ਰੰਗੇ ਹਨ | ਪ੍ਰਚੂਨ ਦੁਕਾਨਦਾਰਾਂ ਨੇ ਵੀ ਛੋਟੀ ਇਲਾਇਚੀ ਦੀ ਮੰਗ ਘਟਾ ਦਿੱਤੀ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਛੋਟੀ ਇਲਾਇਚੀ ਦਾ 'ਵੱਡਾ' ਭਾਅ ਸੁਣ ਕੇ ਗਾਹਕ ਹੱਥ ਪਿੱਛੇ ਖਿੱਚ ਲੈਂਦੇ ਹਨ | ਆਯੁਰਵੈਦ ਮੁਤਾਬਿਕ ਛੋਟੀ ਇਲਾਇਚੀ ਦੀ 'ਤਾਸੀਰ' ਠੰਢੀ ਹੁੰਦੀ ਹੈ ਤੇ ਇਸ ਦੀ ਵਰਤੋਂ ਮਸਾਲਿਆਂ ਤੋਂ ਇਲਾਵਾ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ 'ਚ ਵੀ ਕੀਤੀ ਜਾਂਦੀ ਹੈ | ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਵਿਆਹ-ਸ਼ਾਦੀਆਂ ਮੌਕੇ ਭਾਰੀ ਭੋਜਨ ਖਾਧਾ ਹੋਵੇ ਤਾਂ ਦੋ ਛੋਟੀਆਂ ਇਲਾਇਚੀਆਂ ਚਬਾ ਲੈਣ ਨਾਲ ਖਾਣਾ ਜਲਦ ਹਜ਼ਮ ਹੁੰਦਾ ਹੈ, ਪਰ ਹੁਣ ਤਾਂ ਛੋਟੀ ਇਲਾਇਚੀ ਦੇ ਭਾਅ ਨੇ ਚੰਗਿਆਂ-ਚੰਗਿਆਂ ਦਾ 'ਹਾਜ਼ਮਾ' ਖ਼ਰਾਬ ਕਰ ਦਿੱਤਾ ਹੈ |