75 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀ ਹੋਈ ਕਾਰਵਾਈ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਹਲਕੇ ਦੇ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਪਿੰਡ ਦੇਹੜਕਿਆ ਵਾਲੇ ਕੱਚੇ ਰਸਤੇ ਤੇ ਲੱਗੇ ਦਰੱਖਤਾ ਨੂੰ ਬਿਨਾ ਮਨਜੂਰੀ ਲਏ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿੰਡ ਰਸੂਲਪੁਰ ਤੋ ਪਿੰਡ ਦੇਹੜਕਿਆ ਨੂੰ ਜਾਦੇ ਕੱਚੇ ਰਸਤੇ ਤੇ ਲੱਗੇ 16 ਟਾਹਲੀਆ ਦੇ ਦਰੱਖਤ ਪਿੰਡ ਰਸੂਲਪੁਰ ਦੇ ਚਾਰ ਵਿਅਕਤੀਆ ਨੇ ਬਿਨਾ ਮਨਜੂਰੀ ਲਏ ਅਕਤੂਬਰ ਮਹੀਨੇ ਵਿਚ ਆਪਣੇ ਤੌਰ ਤੇ ਪੁੱਟ ਲਏ ਸਨ।ਇਹ ਪੁੱਟੇ ਹੋਏ ਦਰੱਖਤਾ ਦੀ ਉੱਚ ਪੱਧਰੀ ਜਾਚ ਕਰਨ ਲਈ ਮੈ 06 ਅਕਤੂਬਰ ਨੂੰ ਉੱਪ ਮੰਡਲ ਮੈਜਿਸਟੇ੍ਰਟ ਦਫਤਰ ਜਗਰਾਓ ਨੂੰ ਬੇਨਤੀ ਪੱਤਰ ਦਿੱਤਾ ਸੀ ਜਿਨ੍ਹਾ ਨੇ ਪੜਤਾਲ ਕਰਨ ਲਈ ਇਹ ਬੇਨਤੀ ਪੱਤਰ ਬੀ ਡੀ ਪੀ ਓ ਦਫਤਰ ਜਗਰਾਓ ਨੂੰ ਭੇਜ ਦਿੱਤਾ।ਉਨ੍ਹਾ ਦੱਸਿਆ ਕਿ ਅੱਜ 75 ਦਿਨ ਬੀਤ ਜਾਣ ਦੇ ਬਾਵਜੂਦ ਦੋਸੀਆ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ ਸਗੋ ਮੈਨੂੰ ਬੀ ਡੀ ਪੀ ਓ ਦਫਤਰ ਜਗਰਾਓ ਵੱਲੋ ਅਨੇਕਾ ਵਾਰ ਘੰਟਿਆਬੱਧੀ ਬੈਠਾ ਕੇ ਕਾਰਵਾਈ ਕਰਨ ਦਾ ਲਾਰਾ ਲਾ ਕੇ ਵਾਪਸ ਭੇਜ ਦਿੱਤਾ ਜਾਦਾ ਸੀ।ਉਨ੍ਹਾ ਕਿਹਾ ਕਿ ਬੀ ਡੀ ਪੀ ਓ ਦਫਤਰ ਜਗਰਾਓ ਵਾਲੇ ਦਰੱਖਤ ਪੁੱਟਣ ਵਾਲਿਆ ਨੂੰ ਕਾਨੂੰਨੀ ਕਾਰਵਾਈ ਤੋ ਬਚਾ ਰਹੇ ਹਨ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਦਰੱਖਤ ਪੁੱਟਣ ਵਾਲਿਆ ਖਿਲਾਫ ਜਲਦੀ ਕਾਨੂੰਨੀ ਕਾਰਵਾਈ ਨਹੀ ਹੁੰਦੀ ਤਾਂ ਉਹ ਇਨਸਾਫਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਬੀ ਡੀ ਪੀ ਓ ਦਫਤਰ ਜਗਰਾਓ ਅੱਗੇ ਰੋਸ ਧਰਨਾ ਦੇਣਗੇ।ਇਸ ਮੌਕੇ ਉਨ੍ਹਾ ਨਾਲ ਗੁਰਮੀਤ ਸਿੰਘ,ਨਿਰਮਲ ਸਿੰਘ,ਸੁਖਵਿੰਦਰ ਸਿੰਘ,ਗੁਰਮੇਲ ਸਿੰਘ,ਨਿੰਮਾ ਰਸੂਲਪੁਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਹਰਜਿੰਦਰ ਕੁਮਾਰ ਮਿੱਤਲ ਬੀ ਡੀ ਪੀ ਓ ਜਗਰਾਓ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦਰੱਖਤ ਪੁੱਟਣ ਵਾਲੀ ਜਗ੍ਹਾ ਦੀ ਮਿਣਤੀ ਕਰਵਾਉਣ ਲਈ ਅਸੀ ਤਹਿਸੀਲਦਾਰ ਜਗਰਾਓ ਨੂੰ ਚਿੱਠੀ ਭੇਜ ਦਿੱਤੀ ਹੈ।

ਫੋਟੋ ਕੈਪਸਨ:- ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਵੱਖ-ਵੱਖ ਅਧਿਕਾਰੀਆ ਨੂੰ ਭੇਜੇ ਬੇਨਤੀ ਪੱਤਰ ਦਿਖਾਉਦੇ ਹੋਏ।