ਸਿਆਸਤ ਦੀ ਪ੍ਰਯੋਗਸ਼ਾਲਾ ਬਣਿਆ ਪੰਜਾਬ ✍️. ਸਲੇਮਪੁਰੀ ਦੀ ਚੂੰਢੀ

 ਦੇਸ਼ ਦੇ ਕਈ ਹੋਰ ਸੂਬਿਆਂ ਦੇ ਨਾਲ ਪੰਜਾਬ ਵਿਚ ਵੀ ਅਗਲੇ ਸਾਲ 2022 ਵਿਚ ਵਿਧਾਨ-ਸਭਾ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਭਾਰਤ ਸਰਕਾਰ ਦਾ ਚੋਣ ਕਮਿਸ਼ਨ ਤੱਤਪਰ ਹੈ, ਉਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੇ ਨਾਂ ਹੇਠ ਤਰ੍ਹਾਂ ਤਰ੍ਹਾਂ ਦੇ ਨਾਟਕ ਖੇਡ ਕੇ ਭਰਮਾਉਣ ਲਈ ਇਕ ਦੂਜੇ ਨੂੰ ਫਾਡੀ ਰੱਖਣ ਵਿਚ ਲੱਗੇ ਹੋਏ ਹਨ । ਅਸਲ ਵਿਚ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚੋਣਾਂ ਦੌਰਾਨ ਜਿਹੜੀ ਸਿਆਸੀ ਪਾਰਟੀ ਵਧੀਆ ਨਾਟਕ ਖੇਡ ਕੇ ਲੋਕਾਂ ਨੂੰ ਖੁਸ਼ ਕਰਨ ਵਿਚ ਸਫਲ ਹੋ ਜਾਂਦੀ ਹੈ, ਉਹ ਰਾਜ-ਸੱਤਾ ਹਾਸਲ ਕਰਨ ਵਿਚ ਸਫਲ ਹੋ ਜਾਂਦੀ ਹੈ। ਇਸ ਵਾਰ ਪੰਜਾਬ ਚੋਣਾਂ ਦਾ ਸਮੀਕਰਨ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪਿਛਲੇ ਲੰਮੇ ਸਮੇਂ ਤੋਂ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਖਰਾ ਦਲ ਬਣਾ ਕੇ ਚੱਲ ਰਹੇ ਹਨ ਜਦ ਕਿ ਇਸੇ ਤਰ੍ਹਾਂ ਰਾਜਸੱਤਾ 'ਤੇ ਕਾਬਜ ਕਾਂਗਰਸ ਨੇ ਸਾਲ 2017 ਦੌਰਾਨ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾਂ ਜਿੱਤ ਕੇ ਮੀਲ ਪੱਥਰ ਕਾਇਮ ਕੀਤਾ ਸੀ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਚੁੱਕੇ ਹਨ, ਉਧਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਜਪਾ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਆਮ ਆਦਮੀ ਪਾਰਟੀ ਦੀ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਬਣੀ, ਜਿਸ ਕਰਕੇ ਇਹ ਪਾਰਟੀ ਆਪਣੇ ਰਾਜ ਦਾ ਦਿੱਲੀ ਮਾਡਲ ਵਿਖਾਕੇ ਚੋਣ ਮੈਦਾਨ ਵਿਚ ਹੈ। ਦੇਸ਼ ਵਿਚ ਚੱਲੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਵੀ ਸਿਆਸਤ ਦਾ ਸੁਆਦ ਚੱਖਣ ਲਈ ਵਿਉਂਤਬੰਦੀ ਕਰਨ ਲਈ ਤਿਆਰ ਹੋ ਗਈਆਂ ਹਨ, ਜਦ ਕਿ ਇਸ ਤੋਂ ਪਹਿਲਾਂ ਕਦੀ ਵੀ ਕਿਸਾਨਾਂ ਨੇ ਆਪਣੀ ਕੋਈ ਸਿਆਸੀ ਪਾਰਟੀ ਬਣਾ ਕੇ ਚੋਣਾਂ ਵਲ ਰੁਖ ਨਹੀਂ ਕੀਤਾ।
ਸ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਦਾ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਏ ਜਾਣ ਪਿੱਛੋਂ ਪੰਜਾਬ ਕਾਂਗਰਸ ਅੰਦਰ ਨਵੇਂ ਸਮੀਕਰਨ ਬਣ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਨਾਲ ਸਬੰਧਿਤ ਕੁਝ ਮੰਤਰੀਆਂ ਅਤੇ ਕੁਝ ਵਿਧਾਇਕਾਂ ਦਾ ਭਾਜਪਾ ਦੇ ਫੁੱਲ ਉਪਰ ਉੱਡ ਕੇ ਬੈਠਣ ਸਬੰਧੀ ਵੀ ਚਰਚੇ ਜੋਰਾਂ 'ਤੇ ਹਨ ਅਤੇ ਜੇਕਰ ਇਹ ਚਰਚੇ ਸੱਚ ਹੋ ਨਿਬੜੇ ਤਾਂ ਪੰਜਾਬ ਸਿਆਸਤ ਦੇ ਸਮੀਕਰਨ ਹੋਰ ਬਦਲ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਂਝ ਇਹ ਗੱਲ 16 ਆਨੇ ਸੱਚ ਹੈ ਕਿ ਸਿਆਸਤ ਵਿਚ ਨਾ ਤਾਂ ਕੋਈ ਕਿਸੇ ਦਾ ਪੱਕਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਪੱਕਾ ਦੁਸ਼ਮਣ ਹੁੰਦਾ ਹੈ, ਸਿਆਸੀ ਆਗੂਆਂ ਦਾ ਸਿਰਫ ਤੇ ਸਿਰਫ ਇਕੋ-ਇਕ ਉਦੇਸ਼ ਹੁੰਦਾ ਹੈ ਕਿ ਕੁਰਸੀ ਕਿਵੇਂ ਹਥਿਆਉਣੀ ਹੈ? ਸਿਆਸੀ ਆਗੂਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਹਾਲਾਂਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਕਥਨ ਹੈ ਕਿ, 'ਰਾਜਨੀਤੀ ਇੱਕ ਅਜਿਹੀ ਚਾਬੀ ਹੈ, ਜਿਥੋਂ ਹਰ ਇਕ ਜਿੰਦਰਾ ਖੁੱਲ੍ਹਦਾ ਹੈ।' ਪਰ ਇਸ ਵੇਲੇ ਸਾਡੇ ਦੇਸ਼ ਦੀ ਰਾਜਨੀਤੀ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ। 
 ਇਸ ਵੇਲੇ ਪੰਜਾਬ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਜੋ ਨਵੇਂ ਸਮੀਕਰਨ ਸਾਹਮਣੇ ਆ ਰਹੇ ਹਨ ਤਾਂ ਚੋਣਾਂ ਦੇ ਨਤੀਜੇ ਵੀ ਹੈਰਾਨੀਜਨਕ ਹੋਣਗੇ।  ਸਿਆਸੀ ਪਾਰਟੀਆਂ ਵਲੋਂ ਪਹਿਲਾਂ ਦੀ ਤਰ੍ਹਾਂ ਆਪੋ-ਆਪਣੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਤੋੜਨ - ਜੋੜਨ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਜਿਹੜੇ ਆਗੂ ਆਪਣੀਆਂ ਪਾਰਟੀਆਂ ਦੇ ਵੱਡੇ ਆਗੂਆਂ ਤੋਂ ਨਰਾਜ ਹਨ ਜਾਂ ਜਿਹੜੇ ਆਗੂਆਂ ਦਾ ਸਿਰਫ ਇਕ ਨੁਕਾਤੀ ਪ੍ਰੋਗਰਾਮ ਹੈ ਕਿ, ਉਨ੍ਹਾਂ ਨੂੰ ਸਿਰਫ ਤੇ ਸਿਰਫ ਕੁਰਸੀ ਚਾਹੀਦੀ ਹੈ, ਡੱਡੂਆਂ ਵਾਂਗ ਟਪੂਸੀ ਮਾਰਕੇ ਇੱਕ ਦੂਜੇ ਦੀ ਝੋਲੀ ਵਿਚ ਜਾ ਰਹੇ ਹਨ।
 ਇਸ ਵੇਲੇ ਪੰਜਾਬ ਦੀ ਸਮੁੱਚੀ ਸਿਆਸਤ ਵਿਚ ਭੁਚਾਲ ਆਇਆ ਹੋਇਆ ਹੈ ਜਦ ਕਿ ਪੰਜਾਬ ਇਸ ਵੇਲੇ ਸਿਆਸਤ ਲਈ ਇਕ ਅਦਭੁੱਤ ਪ੍ਰਯੋਗਸ਼ਾਲਾ ਬਣ ਰਿਹਾ ਹੈ, ਜਿਸ ਵਿਚ ਸ਼ਾਇਦ ਪਹਿਲੀ ਵਾਰੀ ਸਿਆਸਤ ਉਪਰ ਨਵੇਂ ਨਵੇਂ ਤਜਰਬਿਆਂ  ਦਾ ਦੌਰ ਚੱਲ ਰਿਹਾ। 
ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਹਰ ਰੋਜ ਕੋਈ ਨਾ ਕੋਈ ਨਵਾਂ ਐਲਾਨ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਸਿਆਸੀ ਪਾਰਟੀ ਦੇ ਆਗੂਆਂ ਵਲੋਂ ਇੱਕ ਮਦਾਰੀ ਦੀ ਤਰ੍ਹਾਂ ਆਪਣੇ ਲੱਛੇਦਾਰ ਭਾਸ਼ਣਾਂ ਦੀ ਇਕ ਡੁੱਗ - ਡੁੱਗੀ ਵਜਾਕੇ  ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਮਦਾਰੀਆਂ ਵਾਗੂੰ ਆਪਣੇ  ਝੋਲੇ ਵਿਚੋਂ ਤਰ੍ਹਾਂ ਤਰ੍ਹਾਂ ਦੇ ਮਨਮੋਹਣੇ ਫੁੱਲ  ਕੱਢ ਕੇ ਲੋਕਾਂ ਦੀਆਂ ਜੇਬਾਂ ਉਪਰ ਲਗਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਲੋਕ ਮਦਾਰੀਨੁਮਾ ਸਿਆਸੀ ਆਗੂਆਂ ਦੀਆਂ ਗੱਲਾਂ ਸੁਣ ਕੇ ਬਾਘੀਆਂ ਪਾ ਰਹੇ ਹਨ ਜਦਕਿ ਲੋਕ ਇਸ ਗੱਲ ਤੋਂ ਬੇਖਬਰ ਹਨ ਕਿ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਜੋ ਐਲਾਨ ਕੀਤੇ ਜਾ ਰਹੇ ਹਨ, ਦੇ ਲਈ ਰੁਪਏ ਕਿਥੋਂ ਆਉਣਗੇ? ਰੁਪਈਏ ਕਿਸੇ ਰੁੱਖ ਨੂੰ ਨਹੀਂ ਲੱਗਦੇ, ਟੈਕਸਾਂ/ਫੀਸਾਂ ਦੇ ਰੂਪ ਵਿਚ ਲੋਕਾਂ ਦੀਆਂ ਜੇਬਾਂ ਵਿਚੋਂ ਹੀ ਨਿਕਲਣਗੇ। ਸੱਚ ਤਾਂ ਇਹ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਬਹੁਤ ਹੀ ਚਲਾਕ ਦਿਮਾਗ ਦੇ ਮਾਲਕ ਹੁੰਦੇ ਹਨ, ਜਿਹੜੇ ਆਪਣੇ ਵਲੋਂ ਕੀਤੇ ਐਲਾਨਾਂ ਨੂੰ ਜਲਦੀ ਭੁੱਲ ਜਾਂਦੇ ਹਨ ਜਦ ਕਿ ਲੋਕ ਉਨ੍ਹਾਂ ਦੁਆਰਾ ਕੀਤੇ ਗਏ ਐਲਾਨਾਂ ਨੂੰ ਸੱਚ ਸਮਝ ਕੇ ਪੰਜ - ਪੰਜ ਸਾਲ ਤੱਕ ਆਪਣੇ ਜਿਹਨ ਵਿਚ ਬੰਨ੍ਹੀ ਰੱਖਦੇ ਹਨ ਅਤੇ  ਆਗੂਆਂ ਵਲੋਂ ਕੀਤੇ ਵਾਅਦਿਆਂ /ਐਲਾਨਾਂ ਅਤੇ ਦਿੱਤੇ ਭਰੋਸਿਆਂ ਨੂੰ ਲੈ ਕੇ ਆਪਣਾ ਬਹੁਮੁੱਲਾ ਸਮਾਂ ਚਰਚਾ ਕਰਦਿਆਂ ਅਜਾਈਂ ਗੁਆ ਲੈਂਦੇ ਹਨ। ਸਿਆਸੀ ਆਗੂ ਮੰਚ ਤੋਂ ਭਾਸ਼ਣ ਦੇ ਕੇ ਤਿੱਤਰ ਹੋ ਜਾਂਦੇ ਹਨ, ਤਾਂ ਪਿਛੋਂ ਲੋਕ ਜਾਂ ਤਾਂ ਮਹਿਫਲਾਂ ਵਿਚ ਜਾ ਕੇ ਭਾਸ਼ਣਾਂ ਦੀ ਚੀਰ-ਫਾੜ ਕਰਨ ਵਿਚ ਰੁੱਝ ਜਾਂਦੇ ਹਨ ਜਾਂ ਫਿਰ ਇੱਕ ਦੂਜੇ ਨੂੰ ਵਾਲਾਂ ਤੋਂ ਫੜਕੇ ਘੜੀਸਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਉਹ ਕਈ ਕਈ ਸਾਲ ਥਾਣਿਆਂ ਅਤੇ ਕਚਹਿਰੀਆਂ ਵਿਚ ਚੱਕਰ ਕੱਢਣ ਲਈ ਮਜਬੂਰ ਹੋ ਜਾਂਦੇ ਹਨ।
ਲੋਕ ਇਨਸਾਫ ਲੈਣ ਲਈ ਫਿਰ ਧਰਨੇ-ਪ੍ਰਦਰਸ਼ਨ ਕਰਦੇ ਹਨ ਤਾਂ ਫਿਰ ਸਿਆਸੀ ਆਗੂ ਇਨ੍ਹਾਂ ਧਰਨਿਆਂ - ਮੁਜਾਹਰਿਆਂ ਦਾ ਲੁਤਫ ਉਠਾਉਂਦੇ ਹੋਏ ਫਿਰ ਉਨ੍ਹਾਂ ਨੂੰ ਆਪਣੇ ਪਿਛੇ ਲਗਾਕੇ ਤਮਾਸ਼ਾ ਵੇਖਦੇ ਹਨ। ਬਸ, ਇਸ ਤਰ੍ਹਾਂ ਹੀ ਅੱਗੇ ਦੀ ਅੱਗੇ ਇਹ ਖੇਡ ਤਮਾਸ਼ਾ ਚੱਲਦਾ ਰਹਿੰਦਾ ਹੈ। 
-ਸੁਖਦੇਵ ਸਲੇਮਪੁਰੀ
09780620233
21 ਦਸੰਬਰ, 2021