ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਦੌੜ 'ਚ ਬੌਰਿਸ ਜੌਹਨਸਨ ਸਭ ਤੋਂ ਅੱ

ਲੰਡਨ, ਜੂਨ 2019 ( ਗਿਆਨੀ ਅਮਰੀਕ ਸਿੰਘ ਰਾਠੌਰ )-   ਬਰਤਾਨੀਆ ਨੂੰ ਨਵਾਂ ਪ੍ਰਧਾਨ ਮੰਤਰੀ ਦੇਣ ਲਈ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਲੋਂ ਆਪਣੇ ਨੇਤਾ ਦੀ ਚੋਣ ਕੀਤੀ ਜਾ ਰਹੀ ਹੈ | ਅੱਜ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਮੈਦਾਨ 'ਚ ਆਏ 10 ਉਮੀਦਵਾਰਾਂ ਨੂੰ ਵੋਟਾਂ ਪਾਈਆਂ ਗਈਆਂ | ਜਿਨ੍ਹਾਂ 'ਚੋਂ ਸਭ ਤੋਂ ਵੱਧ ਵੋਟਾਂ ਸਾਬਕਾ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੂੰ ਮਿਲੀਆਂ 114 ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ, ਜਦਕਿ ਦੂਜੇ ਨੰਬਰ 'ਤੇ ਮੌਜੂਦਾ ਵਿਦੇਸ਼ ਮੰਤਰੀ ਜੈਰਮੀ ਹੰਟ ਹਨ ਜਿਨ੍ਹਾਂ ਨੂੰ 43 ਅਤੇ ਤੀਜੇ ਸਥਾਨ ਤੇ ਮਾਈਕਲ ਗੋਵ ਹਨ ਜਿਨ੍ਹਾਂ ਨੂੰ 37 ਵੋਟਾਂ ਮਿਲੀਆਂ | ਜਦਕਿ ਚੌਥੇ ਨੰਬਰ 'ਤੇ ਡੌਮਨਿਕ ਰਾਬ ਜਿਨ੍ਹਾਂ ਨੂੰ 27, ਸਾਜਿਦ ਜਾਵੇਦ ਨੂੰ 23, ਮਟ ਹੈਨਕਾਕ ਨੂੰ 20, ਰੋਰੇ ਸਟੂਵਰਟ ਨੂੰ 19 ਵੋਟਾਂ ਮਿਲੀਆਂ ਹਨ ਜੋ ਦੂਜੇ ਗੇੜ ਦੀਆਂ ਵੋਟਾਂ 'ਚ ਹਿੱਸਾ ਲੈਣਗੇ | ਜਦਕਿ ਐਡਰੀਆ ਲੀਡਸਮ ਨੂੰ 11, ਮਾਰਕ ਹਾਰਪਰ ਨੂੰ 10 ਅਤੇ ਈਸਥਰ ਮੈਕਵੀ ਨੂੰ 9 ਵੋਟਾਂ ਮਿਲੀਆਂ ਹਨ, ਇਹ ਤਿੰਨੇ ਉਮੀਦਵਾਰ ਦੌੜ 'ਚੋਂ ਬਾਹਰ ਹੋ ਗਏ ਹਨ | ਕੰਜ਼ਰਵੇਟਿਵ ਪਾਰਟੀ ਵਲੋਂ ਆਪਣੇ ਅਗਲੇ ਨੇਤਾ ਦੀ ਚੋਣ ਲਈ 4 ਪ੍ਰਕਿਰਿਆਵਾਂ 'ਚੋਂ ਗੁਜ਼ਰਨਾ ਪੈਂਦਾ ਹੈ | ਦਾਅਵੇਦਾਰੀ ਲਈ 8 ਸੰਸਦ ਮੈਂਬਰਾਂ ਦੀ ਹਮਾਇਤ ਤੋਂ ਬਾਅਦ ਪਹਿਲੇ ਗੇੜ ਦੀਆਂ ਵੋਟਾਂ 'ਚੋਂ 17 ਸੰਸਦ ਮੈਂਬਰਾਂ ਦੀ ਹਮਾਇਤ ਜੇ ਪ੍ਰਾਪਤ ਨਹੀਂ ਹੁੰਦੀ ਤਾਂ ਉਹ ਉਮੀਦਵਾਰ ਨੇਤਾ ਦੀ ਦੌੜ 'ਚੋਂ ਬਾਹਰ ਹੋ ਜਾਂਦਾ ਹੈ | ਅਗਲੇ ਗੇੜ ਦੀਆਂ ਵੋਟਾਂ ਅਗਲੇ ਹਫ਼ਤੇ 18, 19 ਅਤੇ 20 ਜੂਨ ਨੂੰ ਪੈਣਗੀਆਂ ਜਿਸ ਉਮੀਦਵਾਰ ਨੂੰ 33 ਤੋਂ ਘੱਟ ਵੋਟਾਂ ਮਿਲੀਆਂ ਉਹ ਇਸ ਦੌੜ 'ਚੋਂ ਬਾਹਰ ਹੋ ਜਾਵੇਗਾ | ਇਹ ਪ੍ਰਕਿਰਿਆ ਉਸ ਸਮੇਂ ਤੱਕ ਚੱਲੇਗੀ ਜਦਕਿ ਮੈਦਾਨ ਵਿਚ ਦੋ ਉਮੀਦਵਾਰ ਨਹੀਂ ਰਹਿ ਜਾਂਦੇ | ਜਿਨ੍ਹਾਂ 'ਚੋਂ ਕੰਜ਼ਰਵੇਟਿਵ ਪਾਰਟੀ ਦੇ ਆਮ ਮੈਂਬਰ ਆਪਣਾ ਨੇਤਾ ਚੁਣਨਗੇ | ਅੱਜ ਕੰਜ਼ਰਵੇਟਿਵ ਪਾਰਟੀ ਦੇ 313 ਸੰਸਦ ਮੈਂਬਰਾਂ ਨੇ ਆਪਣਾ ਨੇਤਾ ਦੀ ਚੋਣ ਲਈ ਪਹਿਲੇ ਗੇੜ ਦੀਆਂ ਵੋਟਾਂ ਵਿਚ ਹਿੱਸਾ ਲਿਆ |