ਖਾਲਸਾ ਕਾਲਜ਼(ਲੜਕੀਆਂ) ਵੱਲੋਂ ਡੀ.ਬੀ.ਈ.ਈ. ਦੇ ਸਹਿਯੋਗ ਨਾਲ ਪਲੇਸਮੈਂਟ ਤਿਆਰੀ ਸੈਸ਼ਨ ਆਯੋਜਿਤ

ਲੁਧਿਆਣਾ, 14 ਦਸੰਬਰ (ਜਸਮੇਲ ਗ਼ਾਲਿਬ  ) - ਖ਼ਾਲਸਾ ਕਾਲਜ (ਲੜਕੀਆਂ) ਲੁਧਿਆਣਾ ਦੇ ਪਲੇਸਮੈਂਟ ਸੈੱਲ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਸਹਿਯੋਗ ਨਾਲ 'ਪਲੇਸਮੈਂਟ ਸੈਸ਼ਨ ਲਈ ਵਧੀਆ ਰਣਨੀਤੀ ਤੇ ਆਪਣੇ ਆਪ ਨੂੰ ਕਿਵੇਂ ਤਿਆਰ ਕਰੀਏ?' ਵਿਸ਼ੇ ਅਧੀਨ ਪਲੇਸਮੈਂਟ ਤਿਆਰੀ ਸੈਸ਼ਨ ਦਾ ਆਯੋਜਨ ਕੀਤਾ। ਇਸ ਮੌਕੇ ਡੀ.ਬੀ.ਈ.ਈ. ਦੇ ਸੀ.ਈ.ਓ. ਸ੍ਰੀ ਨਵਦੀਪ ਸਿੰਘ, ਕੈਰੀਅਰ ਕੌਂਸਲਰ ਡਾ. ਨਿਧੀ ਸਿੰਘੀ ਵੱਲੋਂ ਆਪਣੀ ਹਾਜਰੀ ਤੇ ਪੇਸ਼ਕਾਰੀ ਨਾਲ ਸਮਾਗਮ ਦੀ ਸੋਂ਼ਭਾ ਵਧਾਈ।

ਵਿਦਿਆਰਥੀਆਂ ਨੂੰ ਆਗਾਮੀ ਸਰਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ, ਉਨ੍ਹਾਂ ਦੀ ਤਿਆਰੀ ਲਈ ਰਣਨੀਤੀਆਂ ਦੇ ਨਾਲ-ਨਾਲ ਸੁਝਾਵਾਂ, ਇੰਟਰਵਿਊ ਤੋਂ ਪਹਿਲਾਂ ਅਤੇ ਬਾਅਦ ਵਿਚ ਸੰਸ਼ੋਧਨ ਯੋਜਨਾਵਾਂ, ਸਫਲਤਾ ਲਈ ਪੰਜ ਨੁਕਤੇ ਭਾਵ ਸਮੇਂ ਦੀ ਪਾਬੰਦਤਾ, ਪੇਸ਼ਕਾਰੀ, ਮੁਦਰਾ, ਸ਼ਿਸ਼ਟਾਚਾਰ ਅਤੇ ਤਿਆਰੀ ਬਾਰੇ ਸੰਬੋਧਨ ਕਰਦਿਆਂ, ਉਨ੍ਹਾਂ ਆਪਣੇ ਨਿੱਜੀ ਅਨੁਭਵ, ਸੰਘਰਸ਼ ਦੁਆਰਾ ਆਪਣੇ-ਆਪਣੇ ਕੈਰੀਅਰ ਵਿੱਚ ਇਨ੍ਹਾਂ ਉਚਾਈਆਂ ਤੱਕ ਪਹੁੰਚਣ ਲਈ ਲਏ ਗਏ ਫੈਸਲਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਹੁਨਰ ਵਿਕਾਸ ਕੋਰਸਾਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਪੋਰਟਲ ਅਤੇ ਰਾਜ ਸਰਕਾਰ ਦੁਆਰਾ ਮੁਫਤ ਸ਼ੁਰੂ ਕੀਤੇ ਗਏ ਕੋਰਸਾਂ 'ਤੇ ਵੀ ਜ਼ੋਰ ਦਿੱਤਾ।

ਡੀ.ਬੀ.ਈ.ਈ. ਲੁਧਿਆਣਾ ਵੱਲੋਂ ਨੌਜਵਾਨਾਂ ਨੂੰ ਜ਼ਿਲ੍ਹਾ ਲੁਧਿਆਣਾ ਨਾਲ ਜੋੜਨ ਲਈ ਆਪਣਾ ਟੈਲੀਗ੍ਰਾਮ ਚੈਨਲ ਵੀ ਲਾਂਚ ਕੀਤਾ ਹੈ, ਇਹ ਪਾਇਲਟ ਰਨ ਇਹਨਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਾਂਝਾ ਕੀਤਾ ਜਾਂਦਾ ਹੈ, ਜਦੋਂ ਸਭ ਕੁਝ ਅੱਪ ਟੂ ਡੇਟ ਹੋ ਜਾਵੇਗਾ, ਤਾਂ ਇਹ ਸਾਰੇ ਉਮੀਦਵਾਰਾਂ ਅਤੇ ਕਾਲਜਾਂ ਲਈ ਵੀ ਲਾਂਚ ਕਰ ਦਿੱਤਾ ਜਾਵੇਗਾ।

ਵੱਖ-ਵੱਖ ਸਟਰੀਮ ਦੇ ਅਖੀਰਲੇ ਵਰ੍ਹੇ ਦੇ ਵਿਦਿਆਰਥੀਆਂ ਵੱਲੋਂ ਸੈਸ਼ਨ ਦੌਰਾਨ ਕਾਫੀ ਮਹੱਤਵਪੂਰਨ ਤੇ ਵਿਲੱਖਣ ਜਾਣਕਾਰੀ ਹਾਸਲ ਕੀਤੀ। ਪਲੇਸਮੈਂਟ ਕੋਆਰਡੀਨੇਟਰ ਡਾ. ਪ੍ਰਿਯਕਾ ਖੰਨਾ ਨੇ ਵਿਦਿਆਰਥੀਆਂ ਦੇ ਹਿੱਤ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ.(ਸ਼੍ਰੀਮਤੀ) ਮੁਕਤੀ ਗਿੱਲ ਨੇ ਅਜਿਹੇ ਵਡਮੁੱਲੇ ਸੈਸ਼ਨ ਦੇ ਆਯੋਜਨ ਲਈ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ।