ਖੂਬ ਸਰਾਹਿਆ ਜਾ ਰਿਹੈ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਨਵਾਂ ਗੀਤ 'ਗੋਰੀ ਦੀਆਂ ਝਾਂਜਰਾਂ'

ਪੰਜਾਬ ਦੇ ਨਾਮੀ ਗਾਇਕ ਤੇ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਦੀ  ਅਗਾਮੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਦੂਜਾ ਗੀਤ 'ਗੋਰੀ ਦੀਆਂ ਝਾਂਜਰਾਂ' ਹਾਲ ਹੀ 'ਚ ਗਾਇਕਾ ਸੁਨਿਧੀ ਚੌਹਾਨ ਦੀ ਸੁਰੀਲੀ  ਆਵਾਜ਼ 'ਚ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਹੈ।ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਨੂੰ ਨਾਮੀ ਗੀਤਕਾਰ ਕੁਮਾਰ ਨੇ ਕਲਮਬੱਧ ਕੀਤਾ ਹੈ ਅਤੇ  ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।ਇਸ ਗੀਤ ਦੀ ਵੀਡੀਓ ਪੰਜਾਬੀ ਸਾਭਿਆਚਾਰਕ ਰੰਗਾਂ ਨੂੰ ਉਭਾਰ ਰਹੀ ਹੈ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮ ਵਿੱਚ ਸੱਤ ਹੀਰੋਇਨਾਂ ਹਨ, ਪਰ ਫਿਲਮ ਦਾ ਇਹ ਗੀਤ ਸਾਡੀ ਪਸੰਦੀਦਾ ਫ਼ਿਲਮੀ 'ਜੋੜੀ' ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ 'ਤੇ ਫਿਲਮਕਾਂਣ ਕੀਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫਿਲਮ ਦੇ ਟਾਈਟਲ ਟਰੈਕ 'ਸ਼ਾਵਾ ਨੀ ਗਿਰਧਾਰੀ ਲਾਲ' ਨੂੰ ਵੀ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।ਫ਼ਿਲਮ ਦੇ ਬੇਹਤਰੀਨ ਸੰਗੀਤ 'ਤੇ ਦਿਲ ਖਿਚਵੇਂ ਟਰੈਲਰ ਦੇ ਰੀਲੀਜ਼ ਹੋਣ ਤੋਂ ਬਾਅਦ ਦਰਸ਼ਕਾਂ 'ਚ  ਫਿਲਮ ਪ੍ਰਤੀ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਦੱਸ ਦਈਏ ਕਿ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੇ ਸਾਂਝੇ ਬੈਨਰ ਹੇਠ ਬਣੀ ਅਤੇ ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਗਿੱਪੀ ਗਰੇਵਾਲ ਵਲੋਂ ਖੁਦ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਦੀ ਕਹਾਣੀ ਵੀ ਖੁਦ ਗਿੱਪੀ ਗਰੇਵਾਲ ਨੇ ਲਿਖੀ ਹੈ  ਜਦਕਿ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨ।ਪੁਰਾਤਨ ਸੱਭਿਆਚਾਰ ਅਤੇ ਰੀਤ ਰਿਵਾਜ਼ਾਂ ਨਾਲ ਜੁੜੀ ਇਹ ਫ਼ਿਲਮ ਜਿੱਥੇ ਕਾਮੇਡੀ ਅਤੇ ਰੁਮਾਂਟਿਕਤਾ ਭਰੀ ਹੈ ਉੱਥੇ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਅਤੇ ਰਿਸ਼ਤਿਆਂ ਦਾ ਮੋਹ ਦਰਸਾਉਂਦੀ ਮਨੋਰੰਜਨ ਭਰਪੂਰ ਕਹਾਣੀ ਹੈ ਜੋ ਕਿ ਆਉਣ ਵਾਲੀ 17 ਦਸੰਬਰ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਵੇਗੀ।

ਹਰਜਿੰਦਰ ਸਿੰਘ ਜਵੰਦਾ