ਬੇਹੱਦ ਜਰੂਰੀ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋ ਜ਼ਿੰਦਗੀ ਦੇ ਰਾਹਾਂ ਵਿੱਚ ਮੁਸੀਬਤਾਂ ਤਾਂ ਆਉਣਾ ਸੁਭਾਵਿਕ ਹੀ ਹੈ ।ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਉਤਰਾ ਚੜਾਅ ਆਉਂਦੇ ਹੀ ਰਹਿੰਦੇ ਹਨ।ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਅਸੀਂ ਬਿਲਕੁਲ ਇਕੱਲੇ ਰਹਿ ਜਾਂਦੇ ਹਾਂ।ਚਾਹੇ ਸਾਡੇ ਕੋਲ ਲੱਖ ਇਨਸਾਨ ਹੋਣ ਪਰ ਅਸੀਂ ਫਿਰ ਵੀ ਆਪਣੀ ਹੋਂਦ ਇਕੱਲੀ ਮਹਿਸੂਸ ਕਰਦੇ ਹਾਂ।ਅਜਿਹਾ ਇਸ ਲਈ ਹੁੰਦਾ ਕਿਉਕਿ ਅਸੀਂ ਜਿਸ ਚੀਜ ਨਾਲ ਨੇੜਤਾ ਮਹਿਸੂਸ ਕਰਦੇ ਜੇਕਰ ਉਹ ਸਾਡੇ ਤੋ ਦੂਰ ਹੋ ਜਾਂਦੀ ਹੈ ਤਾ ਅਸੀਂ ਅਜਿਹੀ ਸਥਿਤੀ ਦਾ ਸ਼ਿਕਾਰ ਹੋ ਜਾਂਦੇ ਹਾਂ ਭਾਵ ਅਸੀਂ ਸਭ ਕੁੱਝ ਕੋਲ ਹੁੰਦੇ ਵੀ ਸਿਰਫ ਉਸ ਚੀਜ ਨੂੰ ਹੀ ਲੱਭਦੇ ਰਹਿੰਦੇ ਹਾਂ ।ਜੋ ਸਾਡੇ ਤੋਂ ਖੁੱਸ ਚੁੱਕੀ ਹੁੰਦੀ ਹੈ।ਬੀਤੇ ਵੇਲੇ ਨੂੰ ਯਾਦ ਕਰਕੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਹੁਸੀਨ ਪਲ ਗੁਆ ਬੈਠਦੇ ਹਾਂ।ਜ਼ਰੂਰੀ ਨਹੀਂ ਹੁੰਦਾ ਕਿ ਜੇ ਅੱਜ ਔਖਾ ਸਮਾਂ ਆਇਆ ਹੈ ਕੱਲ ਨੂੰ ਵੀ ਏਹੋ ਹੀ ਰਹੇ ਕੀ ਪਤਾ ਪਰਮਾਤਮਾ ਨੇ ਤੁਹਾਡੇ ਲਈ ਚੰਗਾ ਸੋਚ ਰੱਖਿਆਂ ਹੋਵੇ ।ਤੁਹਾਡੀ ਜ਼ਿੰਦਗੀ ਦੇ ਆਉਣ ਵਾਲੇ ਪਲ ਚੰਗੇ ਹੋਣ।ਮੈ ਇਹ ਨਹੀਂ ਕਹਿੰਦੀ ਕੀ ਪੁਰਾਣੇ ਸਮੇਂ ਨੂੰ ਭੁੱਲੋ ਪਰ ਨਾਲ ਲੈਕੇ ਵੀ ਜ਼ਿੰਦਗੀ ਨਹੀਂ ਲੰਘਦੀ ਕਿਉਂਕਿ ਅਸੀਂ ਉਹਨਾਂ ਸਮਾਂ ਆਪਣੀ ਜ਼ਿੰਦਗੀ ਵਿੱਚ ਨਵੀਂਆਂ ਚੀਜ਼ਾਂ ਨੂੰ ਤਬਦੀਲੀਆਂ ਨੂੰ ਸਹਿਣ ਨਹੀਂ ਕਰ ਸਕਦੇ ਅਪਣਾ ਨਹੀਂ ਸਕਦੇ ਜਿੰਨਾ ਸਮਾਂ ਅਸੀਂ ਭੂਤਕਾਲ ਵਿੱਚੋਂ ਬਾਹਰ ਨਹੀਂ ਆਉਂਦੇ ।ਸੋ ਭੂਤਕਾਲ ਨੂੰ ਇੱਕ ਕੋਨੇ ਵਿੱਚ ਰੱਖ ਹਮੇਸ਼ਾ ਅੱਗੇ ਬਾਰੇ ਸੋਚਣਾ ਸਿੱਖੋ । ਬੇਹੱਦ ਜਰੂਰੀ ਹੋ ਜਾਦਾ ਹੈ ਔਖੇ ਸਮੇਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ।ਜੇਕਰ ਸਾਡੇ ਅੰਦਰ ਲੜਨ ਦੀ ਸ਼ਕਤੀ ਖ਼ਤਮ ਹੋ ਜਾਵੇਗੀ ਤਾਂ ਅਸੀਂ ਮੁਸੀਬਤਾਂ ਨਾਲ ਕਿਵੇਂ ਲੜ ਸਕਦੇ ਹਾਂ।ਮੁਸੀਬਤਾਂ ਤਾ ਜ਼ਿੰਦਗੀ ਵਿੱਚ ਪਾਣੀ ਦੇ ਵਹਾਅ ਦੀ ਤਰਾਂ ਆਉਦੀਆਂ ਰਹਿੰਦੀਆਂ ਹਨ ਤੇ ਸਾਹਸੀ ਬਹਾਦਰ ਲੋਕ ਉਹਨਾਂ ਨੂੰ ਪਾਰ ਕਰਦੇ ਜਾਂਦੇ ਹਨ ਇੱਕ ਦਿਨ ਮੰਜਿਲ ਪ੍ਰਾਪਤ ਕਰ ਲੈਂਦੇ ਹਨ।ਜੇਕਰ ਤੁਸੀਂ ਮੁਸੀਬਤਾਂ ਨੂੰ ਪਾਰ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀ ਹਰ ਚੁਣੌਤੀ ਨੂੰ ਸਵੀਕਾਰ ਕਰ ਸਕਦੇ ਹੋ ।ਮੁਸੀਬਤਾਂ ਠੋਕਰਾਂ ਹੀ ਮਨੁੱਖ ਨੂੰ ਮਜ਼ਬੂਤ ਬਣਾਉਂਦੀਆਂ ਹਨ।ਸਿਆਣੇ ਕਹਿੰਦੇ ਹਨ ਕਿ ਠੋਕਰਾਂ ਖਾ ਕੇ ਅਕਲ ਆਉਂਦੀ ਹੈ।ਇਨਸਾਨ ਡਿੱਗ-ਡਿੱਗ ਕੇ ਹੀ ਸਵਾਰ ਹੁੰਦਾ ਹੈ।ਆਓ ਆਪਾ ਪ੍ਰਣ ਕਰੀਏ ਕਿ ਜੋ ਪਰਮਾਤਮਾ ਨੇ ਸਾਨੂੰ ਬੁੱਧੀ ਬਖ਼ਸ਼ੀ ਹੈ ਅਸੀਂ ਉਸਦਾ ਪ੍ਰਯੋਗ ਕਰਕੇ ਮੁਸੀਬਤਾਂ ਨੂੰ ਖਿੜੇ ਹੱਥ ਪ੍ਰਵਾਨ ਕਰਕੇ ਹੌਸਲੇ ਨਾਲ ਪਾਰ ਕਰਨਾ ਸਿੱਖੀਏ ।ਕਹਿੰਦੇ ਹਨ ਕਿ ਸਮੇਂ ਦੇ ਮਾੜੇ ਹਾਲਾਤਾਂ ਨੂੰ ਹੌਸਲੇ ਤੇ ਮਿਹਨਤ ਨਾਲ ਬਦਲਿਆ ਜਾ ਸਕਦਾ ।ਆਓ ਅਸੀਂ ਵੀ ਆਪਣਾ ਸਮਾਂ ਮਿਹਨਤ ਤੇ ਹੌਸਲੇ ਨਾਲ ਬਦਲੀਏ।ਕਦੇ ਵੀ ਮੁਸੀਬਤਾਂ ਅੱਗੇ ਦਿਲ ਨਾ ਹਾਰੀਏ।
ਗਗਨਦੀਪ ਧਾਲੀਵਾਲ ।