ਸਾਹਿਤ ਸਭਾ ਜਗਰਾਓਂ ਦੀ ਵਿਸ਼ੇਸ਼ ਇਕੱਤਰਤਾ ਵਿੱਚ ਗੀਤ ਸੰਗ੍ਰਹਿ ਦਾ ਲੋਕ ਅਰਪਣ ਕੀਤਾ

ਜਗਰਾਉਂ 6 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸਾਹਿਤ ਸਭਾ ਜਗਰਾਓਂ ( ਰਜਿ.) ਵੱਲੋਂ ਵਿਸ਼ੇਸ਼ ਇਕੱਤਰਤਾ ਕੀਤੀ ਗਈ । ਜਿਸ ਵਿੱਚ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਦੇ ਤੀਸਰੇ ਗੀਤ ਸੰਗ੍ਰਹਿ  " ਸੰਦਲੀ ਬਾਗ " ਦਾ ਲੋਕ ਅਰਪਣ ਕੀਤਾ ਗਿਆ  ਤੇ ਪ੍ਰਵਾਸ਼ੀ ਸ਼ਾਇਰ ਭੁਪਿੰਦਰ ਦੁਲੇ ਨਾਲ਼ ਰੂਬਰੂ ਕੀਤਾ ਗਿਆ । ਪ੍ਰਭਜੋਤ ਸੋਹੀ ਦੇ ਗੀਤ ਸੰਗ੍ਰਿਹ ਸੰਦਲੀ ਬਾਗ ਬਾਰੇ ਹਰਬੰਸ ਅਖਾੜਾ , ਹਰਕੋਮਲ ਬਰਿਆਰ , ਮੈਡਮ ਰਮਨਪ੍ਰੀਤ ਕੌਰ,  ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਸਰਘੀ ਕੌਰ ਬੜਿੰਗ, ਭੁਪਿੰਦਰ ਤੇ ਐਚ.ਐਸ.ਡਿੰਪਲ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ । ਸਾਹਿਤ ਸਭਾ ਦੇ ਸਮੂਹ ਮੈਂਬਰਾਂ ਨੇ ਸੋਹੀ ਨੂੰ ਇਸ ਖੂਬਸੂਰਤ ਸਾਹਿਤਕ ਗੀਤ ਸੰਗ੍ਰਿਹ ਦੀਆਂ ਮੁਬਾਰਕਾਂ ਦਿੱਤੀਆਂ । ਬੁਲਾਰਿਆਂ ਨੇ ਸੋਹੀ ਦੇ ਗੀਤਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਬੋਲਦਿਆਂ ਕਿਹਾ ਕਿ ਅੱਜ ਕੱਲ੍ਹ ਦੇ ਹਥਿਆਰਾਂ, ਮਾਰ ਧਾੜ, ਤੇ ਲੱਚਰਤਾ ਭਰਪੂਰ ਗੀਤਕਾਰੀ ਦੇ ਬਰਾਬਰ ਇਸ ਤਰ੍ਹਾਂ ਦੀ ਸਾਹਿਤਕ ਤੇ ਮਿਆਰੀ ਗੀਤਾਂ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਕੁਰਾਹੀ ਪੈ ਰਹੀ ਨੌਜਵਾਨੀ ਨੂੰ  ਭਟਕਣ ਤੋਂ ਬਚਾਇਆ ਜਾ ਸਕੇ 
ਇਸ ਇਕੱਤਰਤਾ ਵਿੱਚ ਬਰੈਂਪਟਨ ਵਸਦੇ ਗ਼ਜ਼ਲਗੋ ਭੁਪਿੰਦਰ ਦੁਲੇ ਦਾ ਰੂਬਰੂ ਕਰਵਾਇਆ ਗਿਆ । ਜਿਸ ਵਿੱਚ ਭੁਪਿੰਦਰ ਦੁਲੇ ਨੇ ਆਪਣੇ ਸਾਹਿਤਕ ਸਫਰ ਤੇ ਸਿਰਜਣ ਪ੍ਰਕਿਰਿਆ ਬਾਰੇ ਗੱਲਾਂ ਸਾਂਝੀਆਂ ਕੀਤੀਆਂ । ਉਹਨਾ ਕਿਹਾ ਉਹ ਆਪਣੀ ਸ਼ਾਇਰੀ ਨੂੰ ਪਾਠਕਾਂ ਵੱਲੋਂ ਮਿਲੇ ਪਿਆਰ ਹੁੰਘਾਰੇ ਤੋਂ ਸਤੁੰਸ਼ਟ ਹਨ , ਆਪਣੀ ਗ਼ਜ਼ਲਕਾਰੀ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਉਹ ਬਹੁਤ ਘੱਟ ਲਿਖਦੇ ਨੇ , ਪਰ ਉਹਨਾ ਦੀ ਕੋਸ਼ਿਸ਼ ਹੁੰਦੀ ਹੈ ਕਿ ਮਿਆਰੀ ਸ਼ਿਅਰ ਕਹੇ ਜਾਣ , ਜੋ ਵੀ ਲਿਖਿਆ ਜਾਵੇ ਕਸ਼ੀਦ ਕੇ ਲਿਖਿਆ ਜਾਵੇ । ਸਨਮਾਨ ਲੈਣ ਲਈ ਲਾਏ ਜਾਂਦੇ ਜੁਗਾੜਾਂ ਨੂੰ ਉਹਨਾ ਮੁੱਢ ਤੋਂ ਨਕਾਰਦਿਆਂ ਕਿਹਾ ਇਹ ਪ੍ਰਕਿਰਿਆ ਸਾਹਿਤ ਦੇ ਮਿਆਰ ਨੂੰ ਗਿਰਾਵਟ ਵੱਲ ਲੈ ਜਾ ਰਹੀ ਹੈ । ਮੈਂ ਕਦੇ ਵੀ ਮਾਣ ਸਨਮਾਨਾ ਮਗਰ ਨਹੀਂ ਭੱਜਿਆ । ਮੇਰੇ ਪਾਠਕਾਂ ਵੱਲੋਂ ਮਿਲੀ ਮੁਹੱਬਤ ਹੀ ਮੇਰਾ ਮਾਣ ਸਨਮਾਨ ਹੈ । ਆਪਣੇ ਪਿਤਾ ਰਣਧੀਰ ਸਿੰਘ ਚੰਦ ਹੋਰਾਂ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਉਹਨਾ ਦੀਆਂ ਸਾਰੀਆਂ ਗ਼ਜ਼ਲਾਂ ਇੱਕ ਜਿਲਦ ਵਿੱਚ ਛਪਵਾਉਣ ਦਾ ਮੇਰਾ ਸੁਪਨਾ ਸੀ , ਜੋ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ । ਬਹੁਤ ਜਲਦੀ ਹੀ ਉਹਨਾ ਦੀਆਂ ਗ਼ਜ਼ਲਾਂ ਦਾ ਗੁਲਦਸਤਾ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ । ਸਾਹਿਤ ਸਭਾ ਜਗਰਾਓਂ ਵੱਲੋਂ ਭੁਪਿੰਦਰ ਦੁਲੇ ਨੂੰ ਇੱਕ ਬੁੱਕੇ ਤੇ ਲੋਈ ਦੇ ਕੇ ਉਹਨਾ ਦਾ ਮਾਣ ਕੀਤਾ ਗਿਆ । ਇਸ ਸਮੇਂ ਕਰਮ ਸਿੰਘ ਸੰਧੂ ਨੇ ਆਏ ਹੋਏ ਸਾਰੇ ਸਾਹਿਤਕਾਰ ਦੋਸਤਾਂ ਦਾ ਧੰਨਵਾਦ ਕੀਤਾ । ਇਸ ਇਕੱਤਰਤਾ ਵਿੱਚ ਦਵਿੰਦਰਜੀਤ ਬੁਜ਼ੁਰਗ, ਹਰਚੰਦ ਗਿੱਲ, ਈਸ਼ਰ ਸਿੰਘ ਮੌਜੀ, ਗੁਰਜੀਤ ਸਹੋਤਾ, ਮੈਨੇਜਰ ਗੁਰਦੀਪ ਸਿੰਘ,  ਰਛਪਾਲ ਸਿੰਘ ਚਕਰ ਤੇ ਸਰਦੂਲ ਸਿੰਘ ਹੋਰਾਂ ਨੇ ਸ਼ਿਰਕਤ ਕੀਤੀ ।ਸਟੇਜ ਸਕੱਤਰ ਦੀ ਕਾਰਵਾਈ ਰਾਜਦੀਪ ਵੱਲੋਂ ਨਿਭਾਈ ਗਈ।