ਪੰਥ ਦੇ ਸਿਰਮੌਰ ਢਾਡੀ ਹਰਬੰਸ ਸਿੰਘ ਜੋਸ਼ ਦੀ ਪਹਿਲੀ ਬਰਸੀ ਤੇ ਸ਼ਰਧਾਂਜਲੀ ਸਮਾਗਮ  

ਕੋਰੋਨਾ ਮਹਾਂਮਾਰੀ ਦੌਰਾਨ ਪਿਛਲੇ 1 ਦਸੰਬਰ 2020 ਨੂੰ  ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਢਾਡੀ ਹਰਬੰਸ ਸਿੰਘ ਜੋਸ਼  

ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਪਤਵੰਤੇ ਸੱਜਣਾਂ ਨੇ ਅੱਜ ਪੰਥਕ ਢਾਡੀ ਹਰਬੰਸ ਸਿੰਘ ਜੋਸ਼ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਭੇਟ ਕੀਤਾ  

ਲਿਵਰਪੂਲ, 06 ਦਸੰਬਰ (ਖਹਿਰਾ/ ਗੁਰਬਚਨ ਸਿੰਘ ਅਣਖੀ )   ਸਿੱਖ ਕੌਮ ਦੀ ਬਹੁਤ ਹੀ ਪਿਆਰੀ ਅਤੇ ਸਤਿਕਾਰਯੋਗ ਸ਼ਖਸੀਅਤ ਪੰਥਕ ਢਾਡੀ ਹਰਬੰਸ ਸਿੰਘ ਜੋਸ਼ ਲਿਵਰਪੂਲ ਵਾਲੇ ਪਿਛਲੇ ਸਾਲ ਕੋਰੂਨਾ ਮਹਾਂਮਾਰੀ ਦੌਰਾਨ 01 ਦਸੰਬਰ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਪਰਿਵਾਰ ਅਤੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਲਿਵਰਪੂਲ ਦੀ ਸੰਗਤ ਵੱਲੋਂ  ਉਨ੍ਹਾਂ ਨਮਿੱਤ ਅੱਜ 5 ਦਸੰਬਰ 2021 ਨੂੰ ਪਹਿਲੀ ਬਰਸੀ ਉਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਿਵਰਪੂਲ ਵਿਖੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿੱਚ ਕਰਨਜੀਤ ਸਿੰਘ ਬਰਮਿੰਘਮ ਵਾਲੇ ਅਤੇ ਜਗੀਰ ਸਿੰਘ ਰਾਹੀ ਦੇ ਕੀਰਤਨੀ  ਜਥਿਆਂ ਵੱਲੋਂ ਗੁਰੂ ਦੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਦੇ ਸ਼ਬਦ ਨਾਲ ਜੋਡ਼ਿਆ । ਉਸ ਉਪਰੰਤ  ਪਵਿੱਤਰ ਸਿੰਘ ਰੁੜਕਾ ਕਲਾਂ ਅਤੇ ਹਰਮੇਲ ਸਿੰਘ, ਗੁਰਬਚਨ ਸਿੰਘ ਅਣਖੀ ਢਾਡੀ ਜਥਿਆਂ ਦੁਆਰਾ ਗੁਰੂ ਦੇ ਭਾਣੇ ਵਿੱਚ ਰਹਿ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ  । ਇਸ ਤੋਂ ਬਿਨਾਂ ਨਵੀਂ ਪਨੀਰੀ  ਨੂੰ ਬਾਣੀ ਤੇ ਬਾਣੇ ਦਾ ਜਾਗ ਲਾਉਂਦਿਆਂ ਛੋਟੇ ਬੱਚਿਆਂ ਵੱਲੋਂ  ਰਸਭਿੰਨਾ ਕੀਰਤਨ ਕਰਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇੱਥੇ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਭਾਈ ਹਰਬੰਸ ਸਿੰਘ ਜੋਸ਼  ਸਮੁੱਚੀ ਦੁਨੀਆਂ ਵਿੱਚ ਪੰਥ ਪ੍ਰਸਿੱਧ ਢਾਡੀ ਦੇ ਤੌਰ ਤੇ ਜਾਣੇ ਜਾਂਦੇ ਸਨ ਜਿਨ੍ਹਾਂ ਨੇ ਉੱਨੀ ਸੌ ਅਠੱਤਰ ਤੋਂ ਲੈ ਕੇ ਸਿੱਖ ਕੌਮ ਦੇ ਸੰਘਰਸ਼ੀ ਸਮੇਂ ਦੇ ਵਡਮੁੱਲੇ  ਇਤਿਹਾਸ ਨੂੰ ਆਪਣੇ ਜੀਵਨ ਦੇ ਨੇੜਿਓਂ ਦੇਖ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਸੰਗਤਾਂ ਦੇ ਰੂਬਰੂ ਕੀਤਾ । ਭਾਈ ਹਰਬੰਸ ਸਿੰਘ ਜੋਸ਼ ਦੀ ਕੜਕਵੀਂ ਆਵਾਜ਼  ਅਤੇ ਰੋਅਬਦਾਰ ਚਿਹਰਾ ਸੁਣਨ ਵਾਲਿਆਂ ਦੇ ਲੂੰ ਕੰਡੇ ਖੜ੍ਹੇ ਕਰ ਦਿੰਦਾ ਸੀ  ।ਅੱਜ ਵੀ ਇਹ ਦੋ ਅੱਖਰ ਲਿਖਣ ਸਮੇਂ ਕੰਨਾਂ ਵਿੱਚੋਂ ਹਰਬੰਸ ਸਿੰਘ ਜੋਸ਼ ਦੀ  ਗੂੰਜਦੀ ਆਵਾਜ਼  ਸੁਣਾਈ ਦਿੰਦੀ ਹੈ  । ਜਿੱਥੇ ਅੱਜ ਉਨ੍ਹਾਂ ਦੀ ਪਹਿਲੀ ਬਰਸੀ ਉੱਪਰ ਸਮੁੱਚੇ ਇੰਗਲੈਂਡ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਹਾਜ਼ਰੀਆਂ ਭਰੀਆਂ  ਉਥੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ  ਲਿਵਰਪੂਲ ਦੇ ਸਮੂਹ ਪ੍ਰਬੰਧਕਾਂ ਨੇ ਅਤੇ ਪਰਿਵਾਰ ਨੇ ਸੁਚੱਜੇ ਪ੍ਰਬੰਧ ਕਰਕੇ ਵਾਹ ਵਾਹ ਖੱਟੀ  । ਭਾਈ ਹਰਜੀਤ ਸਿੰਘ ਜੋਸ਼ ਵੱਲੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ ਗਈ  । ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਲਿਵਰਪੂਲ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਗਿੱਲ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਅਦਾਰਾ ਜਨ ਸ਼ਕਤੀ ਅੱਜ ਜਿੱਥੇ ਇਸ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਉਥੇ ਹਰਬੰਸ ਸਿੰਘ ਜੋਸ਼ ਅਤੇ ਉਸ ਦੇ ਪਰਿਵਾਰ ਦੀ ਪੰਥ ਪ੍ਰਤੀ ਸੇਵਾ ਨੂੰ ਵੀ ਸਿਜਦਾ ਕਰਨਾ ਹੈ ।