ਡਾ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ.

ਮਹਿਲ ਕਲਾਂ/ ਬਰਨਾਲਾ- ਨਵੰਬਰ- (ਗੁਰਸੇਵਕ ਸੋਹੀ )-ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਪਿੰਡ ਗੋਬਿੰਦਗੜ੍ਹ ਵਿਖੇ,'ਚੇਤਨਾ ਮੰਚ ਗੋਬਿੰਦਗੜ੍ਹ'( ਨੇਡ਼ੇ ਮਹਿਲਕਲਾਂ ) ਵਲੋਂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਗਾਇਨ ਭਾਈ ਜਸਵੀਰ ਸਿੰਘ ਖਾਲਸਾ ਜੀ ਦੇ ਕੀਰਤਨੀ ਜੱਥੇ ਵਲੋਂ ਕੀਤੀ ਗਈ। ਕਵੀਸ਼ਰੀ ਜਥਿਆਂ ਚ ਜਗਦੇਵ ਸਿੰਘ ਕਲਾਲਾ, ਚਰਨਜੀਤ ਸਿੰਘ ਕਲਾਲਾ ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਵੀਰਪਾਲ ਸਿੰਘ ਚੋਟੀਆਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਆਧਾਰਿਤ  ਕਵੀਸ਼ਰੀਆਂ ਗਾ ਕੇ ਮਹੌਲ ਨੂੰ ਪੂਰੇ ਰੰਗਾਂ ਚ ਲਿਆ ਦਿੱਤਾ। ਬੁਲਾਰਿਆਂ ਨੇ ਬਾਬਾ ਸਾਹਿਬ ਦੇ ਕਈ ਅਣਗੌਲੇ ਕਾਰਜ ਤੇ ਚਾਨਣਾ ਪਾਉਂਦਿਆਂ ਲੋਕਾਂ ਨੂੰ ਜਾਗ੍ਰਿਤ ਕੀਤਾ। ਉਚੇਚੇ ਤੌਰ ਤੇ ਪਹੁੰਚੇ ਸੰਤ ਕੁਲਵੰਤ ਰਾਮ ਜੀ ਪ੍ਰਧਾਨ (ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ) ਗੱਦੀਨਸ਼ੀਨ 108 ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ,ਨੇੜੇ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ,ਨੇ ਆਪਣੇ    ਵਿਚਾਰ ਪੇਸ਼ ਕੀਤੇ।ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਆਪਣੇ ਭਾਸ਼ਣ ਚ ਔਰਤ ਵਰਗ ਤੇ ਬਾਬਾ ਸਾਹਿਬ ਵਲੋਂ ਕੀਤੇ ਵੱਡੇ ਉਪਕਾਰਾਂ ਤੇ ਚਾਨਣਾ ਪਾਉਂਦਿਆਂ ਹਾਜਰੀਨ ਔਰਤਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ । ਸਿਕੰਦਰ ਸਿੰਘ ਸਿੱਧੂ (ਜ ਸਕੱਤਰ ਬਹੁਜਨ ਮੁਕਤੀ ਪਾਰਟੀ), ਅਤੇ ਗੁਰਚਰਨ ਸਿੰਘ ਰਾਮਗੜ੍ਹ (ਸੰਵਿਧਾਨ ਬਚਾਓ ਅੰਦੋਲਨ ਭਾਰਤ, ਦਸ ਕਿਤਾਬਾਂ ਦੇ ਲੇਖਕ), ਇਨ੍ਹਾਂ ਨੇ ਆਪਣੀ ਤਕਰੀਰ ਰਾਹੀਂ ਜਿਵੇਂ ਸੁੱਤੇ ਹੋਏ ਲੋਕਾਂ ਨੂੰ ਹਲੂਣਾ ਦੇ ਕੇ ਜਗਾਉਣ ਵਾਲੀ ਗੱਲ ਕੀਤੀ। ਬਲਵੀਰ ਕੌਰ ਰਾਮਗੜ੍ਹ ਸਿਵੀਆਂ ਨੇ ਆਪਣੀ ਦੂਜੀ ਛਪੀ ਕਿਤਾਬ ਚੋਂ (ਪੱਤਝੜ ਦੇ ਫੁੱਲ) ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ। ਬੱਚੀ ਇਵਨੀਤ ਨੇ'ਸੱਚੇ ਇਨਕਲਾਬ ਦਿਆ ਸੂਰਜਾ' ਅਤੇ ਰਮਨਜੋਤ ਕੌਰ ਨੇ'ਚੁੰਨੀ ਤਾਜ ਹੁੰਦੀ ਐ ਭੈਣਾਂ ਦੇ ਸਿਰ ਦਾ' ਪੂਰੇ ਸੁਰਤਾਲ ਚ ਸੁਰੀਲੀ ਆਵਾਜ਼ ਨਾਲ ਪੰਡਾਲ ਚੋਂ ਤਾੜੀਆਂ ਦੀ ਦਾਦ ਖੱਟੀ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨਾਟਕ ਟੀਮ ਵੱਲੋਂ 'ਲੜਾਂਗੇ ਸਾਥੀ' ਅਤੇ  ਨਸ਼ਿਆਂ ਦੇ ਮਾੜੇ ਨਤੀਜਿਆਂ ਦਾ ਪੱਖ ਪੇਸ਼ ਕਰਦਾ ਅਤੇ ਗਰੀਬੀ ਚ ਰਹਿ ਰਹੇ ਲੋਕਾਂ ਨੂੰ ਸੰਘਰਸ਼ ਨਾਲ ਜੀਵਨ ਸੁਧਾਰਨ ਵਾਲਾ ਨਾਟਕ ਦਿਖਾ ਕੇ ਪ੍ਰੋਗਰਾਮ ਚ ਪਹੁੰਚੇ ਲੋਕਾਂ ਨੂੰ ਨਵੀਂ ਸੇਧ ਦੇ ਕੇ ਪ੍ਰਭਾਵਿਤ ਕੀਤਾ। ਡਾ ਸੁਖਦੇਵ ਸਿੰਘ ਕੇ ਡੀ (ਸਾਬਕਾ ਸਰਪੰਚ)  ਭਾਈ ਕੁਲਵਿੰਦਰ ਸਿੰਘ, ਗੁਰਬਚਨ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਲੱਖਾ ਸਿੰਘ ਨੇ ਵੀ ਹਾਜਰੀ ਲਗਵਾਈ।ਡਾ ਮਿੱਠੂ ਮੁਹੰਮਦ (ਸੀ ਮੀਤ ਪ੍ਰਧਾਨ MPAP) ਡਾ ਜਗਜੀਤ ਸਿੰਘ ਕਾਲਸਾਂ (ਚੇਅਰਮੈਨ  MPAP ਬਲਾਕ ਮਹਿਲ ਕਲਾਂ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ)। ਸਟੇਜ ਦੀ ਕਾਰਵਾਈ  ਬਲਬੀਰ ਕੌਰ ਰਾਏਕੋਟੀ ਨੇ ਬਾਖੂਬੀ ਨਿਭਾਈ। ਇਹ ਪ੍ਰੋਗਰਾਮ ਚੇਤਨਾ ਮੰਚ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਸੰਤੋਖ ਸਿੰਘ, ਜ ਸਕੱਤਰ ਬਲਜਿੰਦਰ ਸਿੰਘ, ਸਕੱਤਰ ਦਰਸ਼ਨ ਸਿੰਘ ਬੱਗੂ, ਖਜਾਨਚੀ ਬਲਜੀਤ ਸਿੰਘ,ਮੈਂਬਰ ਜਸਪਾਲ ਸਿੰਘ,ਮੈਂਬਰ ਪ੍ਰਕਾਸ਼ ਸਿੰਘ, ਗੁਰਮੇਲ ਸਿੰਘ ਫੌਜੀ ਅਤੇ ਜੀ ਓ ਜੀ ਪਿਆਰਾ ਸਿੰਘ, ਸੇਵਾ ਸਿਮਰਨ ਚੈਰੀਟੇਬਲ ਟਰੱਸਟ ਗੋਬਿੰਦਗੜ੍ਹ, ਬੀ ਕੇ ਯੂ ਡਕੌਂਦਾ, ਬੀ ਕੇ ਯੂ ਉਗਰਾਹਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।ਮੰਚ ਵਲੋਂ ਬਾਹਰੋਂ ਆਏ ਸਾਰੇ ਪਤਵੰਤਿਆਂ ਨੂੰ ਸਨਮਾਨ ਦੇ ਕੇ ਮਾਣ ਕੀਤਾ ਗਿਆ। ਸਾਮ ਤੱਕ ਚੱਲਿਆ ਇਹ ਪ੍ਰੋਗਰਾਮ ਚੇਤੰਨਤਾ ਦਾ ਸੁਨੇਹਾ ਦਿੰਦਾ ਅਮਿੱਟ ਛਾਪ ਛੱਡਦਾ ਸਮਾਪਿਤ ਹੋਇਆ।