ਬਾਦਲਾਂ ਕੋਲ ਅਤੀਤ ਦੀਆਂ ਗਲਤੀਆਂ ਸੁਧਾਰਨ ਦਾ ਸੁਨਹਿਰੀ ਮੌਕਾ - ਬਲਵੰਤ ਸਿੰਘ ਰਾਮੂਵਾਲੀਆ

ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਬੀਬੀ ਕਿਰਨਜੋਤ ਕੌਰ ਨੂੰ ਦੇਣ ਦੀ ਅਪੀਲ

 ਕਿਹਾ ! ਵਿਸ਼ਵ ਭਰ ਦੇ ਸਿੱਖਾਂ ਦੀ ਕਦਰ ਕਰਦਿਆਂ ਐਤਕੀਂ ਪ੍ਰਧਾਨ ਲਿਫ਼ਾਫ਼ੇ ਵਿੱਚੋਂ ਨਾ ਕੱਢ ਕੇ ਪੰਥਕ ਪਰਿਵਾਰ ਨੂੰ ਸੇਵਾ ਦਿੱਤੀ ਜਾਵੇ

ਲੁਧਿਆਣਾ  27 ਨਵੰਬਰ -( ਜਸਮੇਲ ਗ਼ਾਲਿਬ ) -

ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਦੋਨੋਂ ਬਾਦਲਾਂ ਖ਼ਾਸਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਇਸ ਦਫ਼ਾ ਪ੍ਰਧਾਨ ਪੰਥਕ ਪਰਿਵਾਰ ਨਾਲ ਸਬੰਧਤ ਬੀਬੀ ਕਿਰਨਜੋਤ ਕੌਰ ਨੂੰ ਬਣਾਇਆ ਜਾਵੇ । ਰਾਮੂੰਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਇੱਕ ਰੀਤ ਸਥਾਪਿਤ ਹੋ ਗਈ ਹੈ ਕਿ ਇਸ ਦਾ ਪ੍ਰਧਾਨ ਤੁਹਾਡੇ ਵੱਲੋਂ ਭੇਜੇ ਲਿਫ਼ਾਫ਼ੇ ਵਿੱਚੋਂ ਨਿਕਲਦਾ ਹੈ । ਰਾਮੂਵਾਲੀਆ ਨੇ ਕਿਹਾ ਕਿ ਪਾਕਿਸਤਾਨੋਂ ਆਏ ਸਿੱਖਾਂ ਨੂੰ "ਭਾਪਾ" ਸ਼ਬਦ ਕਹਿ ਕੇ ਲਗਾਤਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਦਕਿ ਮਾਸਟਰ ਤਾਰਾ ਸਿੰਘ, ਸਰਦਾਰ ਹੁਕਮ ਸਿੰਘ, ਸਰਦਾਰ ਅਜੀਤ ਸਿੰਘ ਸਰਹੱਦੀ ਨੇ ਬਹੁਤ ਵੱਡੇ ਵੱਡੇ ਇਤਿਹਾਸਕ ਕੰਮ ਕੀਤੇ ਹਨ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਪੰਜਾ ਸਾਹਿਬ ਨਿਵਾਸੀ ਸਨ, ਜੋ ਗੁਰੂ ਕੇ ਬਾਗ ਮੋਰਚੇ ਦੇ ਸਮੇਂ ਗ੍ਰਿਫ਼ਤਾਰ ਕੀਤੇ ਗਏ ਜੋ ਤਿੰਨ ਦਿਨ ਦੇ ਭੁੱਖੇ ਤੇ ਅੰਗਰੇਜ਼ ਦੇ ਲਾਠੀਚਾਰਜ ਦੇ ਜ਼ਖ਼ਮੀ ਸਿੰਘਾਂ ਨੂੰ ਹਸਨ ਅਬਦਾਲ ਸ਼ਹਿਰਦੀ ਜੇਲ੍ਹ ਵਿੱਚ ਬੰਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਉੱਥੇ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਸ਼ਹੀਦੀਆਂ ਪਾ ਕੇ ਗੱਡੀ ਰੋਕੀ ਤੇ ਪ੍ਰਸ਼ਾਦਾ ਛਕਾਇਆ ਪਰ ਸਿੱਖ ਰਾਜਨੀਤੀ ਤੇ ਕਾਬਜ਼ ਸ਼੍ਰੋਮਣੀ ਕਮੇਟੀ ਦੀ ਸੇਵਾ ਤੋਂ ਇਸ ਵਰਗ ਨੂੰ ਹਰ ਵਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਉਹਨਾਂ ਬੇਨਤੀ ਕੀਤੀ ਕਿ ਮਾਸਟਰ ਤਾਰਾ ਸਿੰਘ ਦੀ ਉਮਰ ਭਰ ਦੀ ਕੁਰਬਾਨੀ ਅਤੇ ਬੀਬੀ ਕਿਰਨਜੋਤ ਕੌਰ ਦਾ ਸਿੱਖ ਧਰਮ ਲਈ ਅਡੋਲ ਵਿਸ਼ਵਾਸ ਅਤੇ ਵਿੱਦਿਅਕ ਯੋਗਤਾ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਇਆ ਜਾਵੇ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਕੋਲ ਇਸ ਵਾਰ ਅਤੀਤ ਦੀਆਂ ਗਲਤੀਆਂ ਨੂੰ ਬਖਸ਼ਾਉਣ ਦਾ ਬਹੁਤ ਸੁਨਹਿਰੀ ਮੌਕਾ ਹੈ ਜਿਸਨੂੰ ਗਵਾਉਣਾ ਨਹੀਂ ਚਾਹੀਦਾ ਹੈ। 

ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਦੇ ਕੁੱਲ 100 ਸਾਲ ਦੇ ਇਤਿਹਾਸ ਵਿੱਚ 64 ਸਾਲ ਦਾ ਰਾਜ ਭਾਗ ਬਾਦਲ ਪਰਿਵਾਰ ਕੋਲ ਰਿਹਾ ਹੈ। ਇਸ ਲਈ ਬਾਦਲ ਪਰਿਵਾਰ ਨੂੰ ਇਸ ਲਈ ਆਕਾਲ ਪੁਰਖ ਦਾ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ।