ਪਿੰਡ ਜੰਗੀਆਣਾ ਵਿਖੇ ਗਰਾਮ ਸਭਾ ਦੇ ਮੈਂਬਰਾਂ ਦਾ ਇਜਲਾਸ ਬੁਲਾਇਆ

ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਭੇਜੀਆਂ ਗਰਾਂਟਾਂ ਤੇ ਆਉਂਦੀਆਂ ਸਹੂਲਤਾਂ ਸਬੰਧੀ ਕੀਤੀ ਵਿਚਾਰ ਚਰਚਾ

ਭਦੌੜ /ਬਰਨਾਲਾ-25 ਨਵੰਬਰ- (ਗੁਰਸੇਵਕ ਸੋਹੀ)- ਹਲਕਾ ਭਦੌੜ ਦੇ ਪਿੰਡ ਜੰਗੀਆਣਾ ਵਿਖੇ ਸਰਪੰਚ ਜਗਤਾਰ ਸਿੰਘ ਫੌਜੀ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜਾਂ ਅਤੇ ਗ਼ਰੀਬ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਪੰਜ- ਪੰਜ ਮਰਲੇ ਦੇ ਪਲਾਟਾਂ ਨੂੰ ਲੈ ਕੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ। ਇਸ ਮੌਕੇ ਪੰਚਾਇਤ ਸਕੱਤਰ ਮਨਜੀਤ ਕੁਮਾਰ ਨੇ ਪਿੰਡ ਦੇ ਵਿਕਾਸ ਕਾਰਜਾਂ ਚ ਤੇਜ਼ੀ ਲਿਆਉਣ ਸੰਬੰਧੀ ਗਰਾਮ ਸਭਾ ਦੇ ਮੈਂਬਰਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਗਰਾਮ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਰਪੰਚ ਜਗਤਾਰ ਸਿੰਘ, ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਹਰ ਨਗਰ ਨਿਵਾਸੀ ਦਾ ਵੱਡਾ ਯੋਗਦਾਨ ਹੈ। ਸਮੁੱਚੀ ਗਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਸਾਰੇ ਹੀ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ ਉਥੇ ਪਿੰਡ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦੇਣ ਲਈ ਪੁਖ਼ਤਾ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਮਨਰੇਗਾ ਤੇ ਹੋਰ ਸਰਕਾਰੀ ਸਹੂਲਤਾਂ ਪੁੱਜਦੀਆਂ ਕਰਨ ਲਈ ਸਮੇਂ ਸਮੇਂ ਫਾਰਮ ਭਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬੇਘਰੇ ਪਰਿਵਾਰਾਂ ਨੂੰ ਘਰ ਦੇਣ ਤਹਿਤ 5-5 ਮਰਲੇ ਦੇ ਪਲਾਟ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਲੋੜਵੰਦਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਵਿਚਾਰ ਕੀਤਾ ਗਿਆ ਅਤੇ ਫਾਰਮ ਭਰੇ ਗਏ। ਉਨ੍ਹਾਂ ਗਰਾਮ ਸਭਾ ਦੇ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਪਰਿਵਾਰ ਕਿਸੇ ਸਹੂਲਤ ਤੋਂ ਸੱਖਣਾ ਹੈ ਤਾਂ ਉਹ ਗਰਾਮ ਪੰਚਾਇਤ ਨੂੰ ਮਿਲ ਕੇ ਜਾਣੂ ਕਰਵਾ ਸਕਦਾ ਹੈ। ਇਸ ਮੌਕੇ ਪੰਚ ਨਿਰਮਲ ਸਿੰਘ, ਪੰਚ ਸਿੱਧੂ, ਪੰਚ ਗੁਰਮੇਲ ਸਿੰਘ, ਪੰਚ ਗੁਰਚਰਨ ਸਿੰਘ, ਪੰਚ ਬੂਟਾ ਸਿੰਘ, ਪੰਚ ਰਣਵੀਰ ਸਿੰਘ, ਮਨਪ੍ਰੀਤ ਸਿੰਘ, ਸਵਰਨ ਸਿੰਘ, ਪਰਗਟ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।