You are here

ਪੰਜਾਬ

ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ 'ਪੰਜਾਬੀ ਮਾਹ' ਤਹਿਤ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ

 ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਕੀਤਾ ਗਿਆ ਕਵੀ ਦਰਬਾਰ।
ਬਰਨਾਲਾ,13 ਨਵੰਬਰ( ਅਵਤਾਰ ਸਿੰਘ ਰਾਏਸਰ )-
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵੱਲੋਂ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਂਦਿਆਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ।ਇਸੇ ਹੀ ਲੜੀ ਤਹਿਤ ਜ਼ਿਲਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ।


                                    ਬਿੰਦਰ ਸਿੰਘ ਖੁੱਡੀ ਕਲਾਂ ਕਾਰਜਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ ਡਾ.ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨ ਨਾਲ ਹੋਈ।ਬਿੰਦਰ ਸਿੰਘ ਖੁੱਡੀ ਕਲਾਂ ਕਾਰਜਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ।ਉਹਨਾਂ ਕਿਹਾ ਕਿ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਣ ਦਾ ਮਨੋਰਥ ਵੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦਾ ਵਿਕਾਸ ਕਰਨਾ ਹੀ ਹੈ।ਇਸ ਦੌਰਾਨ ਉਹਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪੋ ਆਪਣੀਆਂ ਦੁਕਾਨਾਂ ਅਤੇ ਹੋਰ ਅਦਾਰਿਆਂ ਦੇ ਨਾਮ ਬੋਰਡ ਸਰਕਾਰੀ ਹਦਾਇਤਾਂ ਅਨੁਸਾਰ 21 ਨਵੰਬਰ ਤੋਂ ਪਹਿਲਾਂ ਪਹਿਲਾਂ ਪੰਜਾਬੀ ਭਾਸ਼ਾ 'ਚ ਲਿਖਵਾਉਣ ਦੀ ਵੀ ਅਪੀਲ ਕੀਤੀ।
                              ਐੱਸ.ਐੱਸ.ਡੀ ਕਾਲਜ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਕਿਹਾ ਕਿ ਮਹਾਨ ਕਵੀ ਦੀ ਵਿਰਾਸਤ ਦੀ ਸੰਭਾਲ ਨਾ ਕੇਵਲ ਸਰਕਾਰ ਦਾ ਸਗੋਂ ਸਾਡਾ ਸਭ ਦਾ ਨੈਤਿਕ ਫਰਜ਼ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਉਹਨਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਉਣਾ ਆਪਣੇ ਆਪ 'ਚ ਸਲਾਘਾਯੋਗ ਉਪਰਾਲਾ ਹੈ।ਸ਼੍ਰੋਮਣੀ ਸਾਹਿਤਕਾਰ ਸ.ਪਰਗਟ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਹਾਲੇ ਹੋਰ ਬਹੁਤ ਸਾਰੀਆਂ ਸੰਭਾਵਨਾਵਾਂ ਪਈਆਂ ਹਨ।ਉਹਨਾਂ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਪੰਜਾਬੀ ਭਾਸ਼ਾ ਦਾ ਘੇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੋ ਰਿਹਾ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿੰਸੀਪਲ ਇਕਾਬਾਲ ਕੌਰ ਉਦਾਸੀ ਨੇ ਆਪਣੇ ਸੰਬੋਧਨ 'ਚ ਆਪਣੇ ਪਿਤਾ ਸੰਤ ਰਾਮ ਉਦਾਸੀ ਦੀਆਂ ਯਾਦਾਂ ਸਾਝੀਆਂ ਕਰਦਿਆਂ ਉਹਨਾਂ ਦੀ ਇਨਕਲਾਬੀ ਸੋਚਣੀ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਦੀ ਕਲਮ ਨੇ ਬੜੀ ਨਿਡਰਤਾ ਨਾਲ ਲਿਤਾੜੇ ਲੋਕਾਂ ਦੀ ਗੱਲ ਕਰਦਿਆਂ ਉਹਨਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੀ ਪ੍ਰੇਰਨਾ ਦਿੱਤੀ।
                       ਉਪਰੰਤ ਚੱਲੇ ਕਵਿਤਾਵਾਂ,ਗਜ਼ਲਾਂ ਅਤੇ ਗੀਤਾਂ ਦੇ ਦੌਰ 'ਚ ਰਾਮ ਸਰੂਪ ਸ਼ਰਮਾ,ਤਰਸੇਮ,ਬਘੇਲ ਸਿੰਘ ਧਾਲੀਵਾਲ,ਜਗਜੀਤ ਗੁਰਮ,ਮਨਦੀਪ ਕੌਰ ਭਦੌੜ,ਸੀ.ਮਾਰਕੰਡਾ, ਡਾ.ਤੇਜਿੰਦਰ ਮਾਰਕੰਡਾ,ਜਗਜੀਤ ਕੌਰ ਢਿੱਲਵਾਂ,ਪਰਮ ਪਰਵਿੰਦਰ ਸਹਿਜੜਾ,ਮਾਲਵਿੰਦਰ ਸ਼ਾਇਰ,ਸਰੂਪ ਚੰਦ ਹਰੀਗੜ੍ਹ,ਦਰਸ਼ਨ ਸਿੰਘ ਚੀਮਾ,ਹਰਬਚਨ ਸਿੰਘ ਹੰਡਿਆਇਆ,ਲਛਮਣ ਦਾਸ ਮੁਸਾਫਿਰ ਅਤੇ ਸੁਰਜੀਤ ਸਿੰਘ ਸੰਧੂ ਵੱਲੋਂ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨਿਆਂ।ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ.ਰਾਕੇਸ਼ ਜਿੰਦਲ ਨੇ ਸਮੂਹ ਪਹੁੰਚਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਉਹਨਾਂ ਦੇ ਕਾਲਜ 'ਚ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਤੋਂ ਜਾਣੂ  ਕਰਵਾਉਣ ਲਈ ਜ਼ਿਲ੍ਹਾ ਭਾਸ਼ਾ ਦਫਤਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਇਹ ਇਹ ਮਨੋਵਿਗਿਆਨਕ ਸੱਚ ਹੈ ਕਿ ਕੋਈ ਵੀ ਵਿਅਕਤੀ ਜਿੰਨੀ ਸਪੱਸ਼ਟਤਾ ਨਾਲ ਆਪਣੇ ਵਿਚਾਰ ਮਾਤ ਭਾਸ਼ਾ ਵਿੱਚ ਪ੍ਰਗਟ ਕਰ ਸਕਦਾ ਹੈ ਉਹ ਹੋਰ ਕਿਸੇ ਭਾਸ਼ਾ ਵਿੱਚ ਸੰਭਵ ਹੀ ਨਹੀਂ ਹੈ।ਮੰਚ ਸੰਚਾਲਨ ਦਾ ਫਰਜ਼ ਤਰਸੇਮ,ਪ੍ਰੋ.ਹਰਪ੍ਰੀਤ ਕੌਰ ਅਤੇ ਪ੍ਰੋ.ਗੁਰਪਿਆਰ ਸਿੰਘ ਵੱਲੋਂ ਸਾਂਝੇ ਤੌਰ 'ਤੇ ਨਿਭਾਇਆ ਗਿਆ।ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਮੂਹ ਪਹੁੰਚਣ ਵਾਲੀਆਂ ਸਖਸ਼ੀਅਤਾਂ ਅਤੇ ਕਵੀਆਂ ਨੂੰ ਟਰਾਫੀਆਂ ਅਤੇ ਵਿਭਾਗੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
                             ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ ਸੰਧੂ,ਐੱਸ.ਐੱਸ.ਡੀ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਣ,ਕਾਲਜ ਦੇ ਡੀਨ ਪ੍ਰੋ.ਨੀਰਜ ਸ਼ਰਮਾ,ਪੰਜਾਬੀ ਵਿਭਾਗ ਦੇ ਮੁਖੀ ਡਾ.ਬਿਕਰਮਜੀਤ ਸਿੰਘ ਪੁਰਬਾ,ਪ੍ਰੋ.ਹਰਸ਼ਰਨ ਸਿੰਘ,ਪ੍ਰੋ. ਅਮਨਦੀਪ ਕੌਰ,ਜ਼ਿਲ੍ਹਾ ਭਾਸ਼ਾ ਦਫਤਰ ਸੰਗਰੂਰ ਦੇ ਸੀਨੀਅਰ ਸਹਾਇਕ ਜਗਦੇਵ ਸਿੰਘ,ਜੰਗੀਰ ਸਿੰਘ ਦਿਲਬਰ,ਲਖਵਿੰਦਰ ਸ਼ਰਮਾ ਪੱਤਰਕਾਰ,ਸੁਖਵਿੰਦਰ ਸਿੰਘ ਢਿੱਲਵਾਂ,ਸੁਖਮਨੀ ਸਿੰਘ,ਸਰਬਜੀਤ ਕੌਰ ਸੀਨੀਅਰ ਸਹਾਇਕ,ਗੋਬਿੰਦ ਸਿੰਘ ਅਤੇ ਜਸਪ੍ਰੀਤ ਸਿੰਘ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

ਫੋਟੋ ਕੈਪਸ਼ਨ:
1.ਕਵੀ ਦਰਬਾਰ 'ਚ ਹਾਜ਼ਰ ਸਖਸੀਅਤਾਂ ਅਤੇ ਕਵੀਆਂ ਨੂੰ ਸਨਮਾਨਿਤ ਕਰਦੇ ਬਿੰਦਰ ਸਿੰਘ ਖੁੱਡੀ ਕਲਾਂ ਕਾਰਜਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਅਤੇ ਹੋਰ।
2.ਸਮਾਗਮ 'ਚ ਸ਼ਾਮਿਲ ਸਖਸ਼ੀਅਤਾਂ।

ਮੁੱਖ ਮੰਤਰੀ ਮਾਨ  ਅੱਜ  ਨਸ਼ਿਆਂ ਵਿਰੁੱਧ ਮੈਗਾ ਸਾਈਕਲ ਰੈਲੀ ਨੂੰ ਦੇਣਗੇ ਹਰੀ ਝੰਡੀ 

151 ਚੁਣੇ ਗਏ ਸਾਇਕਲਿਸਟਾਂ ਨੂੰ ਇਨਾਮ ਵਜੋਂ ਦਿੱਤੇ ਜਾਣਗੇ ਬਾਈ-ਸਾਈਕਲ  

ਲੁਧਿਆਣਾ, 15 ਨਵੰਬਰ (ਟੀ. ਕੇ.) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੀਏਯੂ ਕੈਂਪਸ ਵਿਖੇ ਨਸ਼ਿਆਂ ਵਿਰੁੱਧ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। 

ਇਸ ਮੈਗਾ ਈਵੈਂਟ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਜਦਕਿ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।  ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਇਸ ਮੈਗਾ ਈਵੈਂਟ ਲਈ 20,000 ਤੋਂ ਵੱਧ ਭਾਗੀਦਾਰ ਪਹਿਲਾਂ ਹੀ ਆਪਣੇ ਨਾਮ ਦਰਜ ਕਰਵਾ ਚੁੱਕੇ ਹਨ। 

ਸੀਪੀ ਨੇ ਕਿਹਾ ਕਿ ਇਹ ਸਮਾਗਮ ਦੇਸ਼ ਵਿੱਚ ਨਸ਼ਿਆਂ ਦੀ ਅਲਾਮਤ ਵਿਰੁੱਧ ਇੱਕ ਨਵੀਂ ਸਫਲਤਾ ਦੀ ਕਹਾਣੀ ਲਿਖੇਗਾ, ਜਿਸ ਵਿੱਚ ਇੰਨੀ ਵੱਡੀ ਆਬਾਦੀ ਸ਼ਾਮਲ ਹੋਵੇਗੀ।  ਉਨ੍ਹਾਂ ਅੱਗੇ ਦੱਸਿਆ ਕਿ ਇਹ ਮੈਗਾ ਸਾਈਕਲ ਰੈਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਹੋਵੇਗੀ। 

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਾਈਕਲ ਰੈਲੀ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ ਜੋ ਪੀਏਯੂ ਕੈਂਪਸ ਤੋਂ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਲਗਭਗ 13 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਸੇ ਸਥਾਨ 'ਤੇ ਸਮਾਪਤ ਹੋਵੇਗੀ।  ਉਨ੍ਹਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ, ਸ਼ਹੀਦ ਭਗਤ ਸਿੰਘ ਦੇ ਜੱਦੀ ਸਥਾਨ ਖਟਕੜ ਕਲਾਂ, ਹੁਸੈਨੀਵਾਲਾ ਕੌਮੀ ਸ਼ਹੀਦੀ ਸਮਾਰਕ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਜੱਦੀ ਸਥਾਨਾਂ ਦੀ ਮਿੱਟੀ ਪੀਏਯੂ ਕੈਂਪਸ ਵਿੱਚ ਲਿਆਂਦੀ ਜਾਵੇਗੀ।  ਇਸ ਮਿੱਟੀ ਵਿੱਚ ਵੱਖ-ਵੱਖ ਪੌਦੇ ਜਿਵੇਂ ਕਿ ‘ਟ੍ਰੀ ਆਫ਼ ਹਾਰਮੋਨੀ’, ‘ਟਰੀ ਆਫ਼ ਪ੍ਰੌਮਿਸ’, ‘ਟਰੀ ਆਫ਼ ਵਿਜ਼ਡਮ’, ‘ਟਰੀ ਆਫ਼ ਯੂਨਿਟੀ’ ਅਤੇ ‘ਟਰੀ ਆਫ਼ ਹੋਪ’ ਲਗਾਏ ਜਾਣਗੇ। 

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਾਗਮ ਵਿੱਚ ਡਾਕਟਰ, ਉਦਯੋਗਪਤੀ, ਵਿਦਿਆਰਥੀ, ਯੂਥ ਕਲੱਬਾਂ, ਪਿੰਡਾਂ ਦੇ ਸਰਪੰਚ ਸਮੇਤ ਹਰ ਵਰਗ ਦੇ ਲੋਕ ਸ਼ਮੂਲੀਅਤ ਕਰਨਗੇ, ਜਿਸ ਨਾਲ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਈਵੈਂਟ ਤੋਂ ਬਾਅਦ ਲੱਕੀ ਡਰਾਅ ਕੱਢਿਆ ਜਾਵੇਗਾ ਅਤੇ 151 ਚੁਣੇ ਹੋਏ ਸਾਇਕਲਿਸਟਾਂ ਨੂੰ ਈਵੈਂਟ ਤੋਂ ਬਾਅਦ ਨਵੇਂ ਸਾਈਕਲ ਦਿੱਤੇ ਜਾਣਗੇ। 

ਇਸੇ ਤਰ੍ਹਾਂ ਸਾਰੇ ਸਾਇਕਲਿਸਟਾਂ ਨੂੰ ਈਵੈਂਟ ਤੋਂ ਬਾਅਦ ਭਾਗੀਦਾਰੀ ਦਾ ਪ੍ਰਮਾਣ ਪੱਤਰ ਅਤੇ ਮੈਡਲ ਦਿੱਤੇ ਜਾਣਗੇ।  ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਥਾਵਾਂ 'ਤੇ ਡਾਕਟਰਾਂ ਦੀਆਂ ਟੀਮਾਂ, ਐਂਬੂਲੈਂਸਾਂ ਆਦਿ ਤਾਇਨਾਤ ਕੀਤੀਆਂ ਗਈਆਂ ਹਨ।  ਸਾਇਕਲਿਸਟਾਂ ਨੂੰ ਰੂਟ 'ਤੇ ਜੂਸ ਪੈਕ ਵੀ ਮਿਲਣਗੇ। 

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਸਮੂਹਿਕ ਯਤਨਾਂ ਨਾਲ ਹੀ ਜਿੱਤਿਆ ਜਾ ਸਕਦਾ ਹੈ।  ਇਸ ਲਈ ਇਹ ਰੈਲੀ ਨਸ਼ਿਆਂ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗੀ।  ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਰੈਲੀ ਨੂੰ ਸੂਬੇ ਭਰ ਵਿੱਚ ਸਫ਼ਲ ਬਣਾਉਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਿਉਂਕਿ ਕੋਈ ਵੀ ਵਿਅਕਤੀ ਬਿਨਾਂ ਰਜਿਸਟ੍ਰੇਸ਼ਨ ਤੋਂ ਵੀ ਇਸ ਵਿੱਚ ਭਾਗ ਲੈ ਸਕਦਾ ਹੈ।

ਸ਼ੱਕਰ (ਸ਼ੂਗਰ) ਰੋਗ ਅੰਨ੍ਹੇਪਣ ਨੂੰ ਜਨਮ ਦਿੰਦੈ-ਡਾ  ਰਾਣਾ 

ਗਰਭਵਤੀ ਔਰਤਾਂ ਨੂੰ ਸ਼ੱਕਰ ਰੋਗ ਵਲ ਧਿਆਨ ਦੇਣਾ ਚਾਹੀਦਾ ਹੈ - ਡਾ ਵਿਜੇਦੀਪ ਕੌਰ ਰਾਣਾ
ਲੁਧਿਆਣਾ, 15 ਨਵੰਬਰ (ਟੀ. ਕੇ.)
ਸ਼ੂਗਰ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਰਾਣਾ ਹਸਪਤਾਲ ਪੱਖੋਵਾਲ ਰੋਡ ਲੁਧਿਆਣਾ ਵਿਚ ਇਕ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਅੱਖ ਰੋਗਾਂ ਦੇ ਮਾਹਿਰ ਡਾ ਬਰਿਜਿੰਦਰ ਸਿੰਘ ਪ੍ਰਬੰਧ ਨਿਰਦੇਸ਼ਕ ਰਾਣਾ ਹਸਪਤਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ੂਗਰ  ਰੋਗ ਨੂੰ ਡਾਇਬਟੀਜ਼/ ਸ਼ੱਕਰ ਰੋਗ ਦੇ ਨਾਲ ਵੀ ਜਾਣਿਆ ਜਾਂਦਾ ਹੈ। ਪਿਛਲੇ ਸਮੇਂ ਵਿੱਚ ਸੰਸਾਰ 'ਚ 19:90 ਕਰੋੜ ਤੇ ਦੇਸ਼ 'ਚ ਲਗਭਗ ਸੱਤ ਕਰੋੜ ਸ਼ੂਗਰ ਤੋਂ ਪੀੜਤ ਸਨ ਤੇ ਇਹ ਗਿਣਤੀ ਵੱਧ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ੂਗਰ ਰੋਗ ਉਪਰ ਕਾਬੂ ਪਾਉਣਾ ਬਹੁਤ ਜਰੂਰੀ ਹੈ, ਕਿਉਂਕਿ ਇਹ ਰੋਗ ਸਰੀਰ ਦੇ ਸਾਰੇ ਅੰਗਾਂ ਉਪਰ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ  ਅੰਨ੍ਹੇਪਣ ਦੇ ਵਧਣ ਦਾ ਵੱਡਾ ਕਾਰਨ ਸ਼ੂਗਰ ਰੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨਕ ਤੇ ਮਾਹਿਰ ਡਾਕਟਰ ਸਹੀ ਤੇ ਢੁਕਵਾਂ ਇਲਾਜ਼ ਲੱਭਣ ਵਿੱਚ ਜੁਟੇ ਹੋਏ ਹਨ।ਬੇਸ਼ਕ ਨਵੀਆਂ ਦਵਾਈਆਂ ਬਜ਼ਾਰ ਵਿੱਚ ਆ ਰਹੀਆਂ ਹਨ ਫਿਰ ਵੀ ਟਾਈਪ- 2 'ਤੇ ਕਾਬੂ ਪਾਉਣਾ ਚੁਣੌਤੀ ਬਣਿਆ ਹੋਇਆ ਹੈ।ਟਾਈਪ 2 ਦੇ ਕਾਰਣਾਂ ਨੂੰ ਸਮਝ ਲਈਏ ਤਾਂ ਬਚਾਅ ਦੀ ਸੰਭਾਵਨਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਕਸਰਤ ਦੀ ਕਮੀ, ਮੋਟਾਪਾ,ਬੇ ਟਾਇਮ ਖਾਣ ਪੀਣ,ਮਾਨਸਿਕ ਤਣਾਅ, ਸਿਗਰੇਟਨੋਸ਼ੀ (ਤੰਬਾਕੂ ਦੀ ਕਿਸੇ ਵੀ ਰੂਪ ਵਿੱਚ), ਬੇਕਾਬੂ ਨੀਂਦ ਆਦਿ ਕਾਰਣ ਹਨ।ਇਸ ਮੌਕੇ ਔਰਤ ਰੋਗਾਂ ਦੇ ਮਾਹਿਰ ਡਾ ਵਿਜੇਦੀਪ ਕੌਰ ਰਾਣਾ ਨਿਰਦੇਸ਼ਕਾ ਰਾਣਾ ਹਸਪਤਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਜੀਵਨ ਸ਼ੈਲੀ ਵਿਚ ਸੁਧਾਰ ਨਾ ਕੀਤਾ ਜਾਵੇ ਤਾਂ ਇਹ ਰੋਗ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਖਾਲੀ ਪੇਟ ਸ਼ੂਗਰ ਦਾ ਪੱਧਰ 90 ਤੋਂ 120 ਐਮ ਜੀ/ਡੀ ਐਲ ਤੇ ਖਾਣ ਤੋਂ ਦੋ ਘੰਟੇ ਬਾਅਦ 180 ਐਮ ਜੀ/ ਡੀ ਐਲ ਤੋਂ ਘੱਟ ਹੋਣਾ ਚਾਹੀਦਾ ਹੈ।ਇਸ ਨੂੰ 'ਸਾਈਲੈਂਟ ਕਿਲਰ' ਵੀ ਕਿਹਾ ਜਾਂਦਾ ਹੈ ਕਿਉਕਿ ਕਈ ਵਾਰ ਇਸ ਰੋਗ ਦੇ ਲੱਛਣ ਸਾਹਮਣੇ ਨਹੀਂ ਆਉਦੇ।ਜਿਆਦਾ ਪਿਆਸ, ਭੁੱਖ ਲੱਗਣਾ, ਵਾਰ ਵਾਰ ਪਿਸ਼ਾਬ ਆਉਣਾ,ਧੁੰਧਲਾ ਦਿਸਣਾ,ਜਖ਼ਮ ਠੀਕ ਨਾ ਹੋਣਾ ਆਦਿ ਲੱਛਣ ਹਨ।ਜਿੰਨਾਂ ਦੀ ਉਮਰ 30 ਸਾਲ ਤੋਂ ਵੱਧ,ਵਜ਼ਨ ਸਧਾਰਨ ਤੋਂ ਵੱਧ,ਹਾਈ ਬਲੈਡ ਪ੍ਰੈਸ਼ਰ ਹੋਵੇ ਉਨਾਂ ਨੂੰ ਜਾਂਚ ਕਰਾਉਣੀ ਚਾਹੀਦੀ ਹੈ।ਇਲਾਜ ਦੀ ਪਹਿਲੀ ਦਵਾਈ ਇੰਸੁਲੀਨ ਜੋ ਕਨੈਡਾ ਵਿੱਚ 1922 ਨੂੰ ਖੋਜੀ ਗਈ ਸੀ।ਮੂੰਹ ਰਾਹੀਂ ਲੈਣ ਵਾਲੀ ਪਹਿਲੀ ਦਵਾਈ ਮੈਟਫਾਰਮਿਨ ਸੀ।ਹੁਣ ਕਈ ਦਵਾਈਆਂ ਮਾਰਕਿਟ ਵਿੱਚ ਆ ਚੁਕੀਆਂ ਹਨ,ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਉ।ਸ਼ੂਗਰ ਲਾ ਇਲਾਜ਼ ਨਹੀਂ ਜੇ ਸਮੇਂ ਸਿਰ ਡਾਕਟਰੀ ਇਲਾਜ ਤੇ ਸਹੀ ਖ਼ੁਰਾਕ ਲਈ ਜਾਵੇ।ਭਾਰਤ,ਪਾਕਿਸਤਾਨ ਤੇ ਅਮਰੀਕਾ ਦੇ ਡਾਕਟਰਾਂ ਨੇ ਦੱਸਿਆ ਹੈ ਕਿ ਦਿਲੀ ਵਿੱਚ 25.2 ਫੀਸਦੀ ਸ਼ੂਗਰ ਦੀ ਬਿਮਾਰੀ ਹੈ।ਇਨਾਂ ਵਿੱਚੋਂ ਸਿਰਫ 39 ਫੀਸਦੀ ਨੂੰ ਹੀ ਬਿਮਾਰੀ ਬਾਰੇ ਪਤਾ ਹੈ।ਜੰਕ ਫੂਡ, ਫਾਸਟ ਫੂਡ ਜਿਆਦਾ ਚਰਬੀਆਂ ਵਾਲੀਆਂ ਚੀਜ਼ਾਂ ਖਾਣ ਨਾਲ ਹੁੰਦੀ ਹੈ।ਇਸ ਨਾਲ ਗੁਰਦੇ ਫੇਲ,ਦਿਲ ਦੇ ਰੋਗ, ਅਟੈਟ,ਲਕਵਾ ਆਦਿ ਰੋਗ ਹੁੰਦੇ । ਉਨ੍ਹਾਂ ਅੱਗੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਸ਼ੂਗਰ ਰੋਗ ਵਲ ਬਹੁਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਕੁੱਖ ਵਿੱਚ ਪਲ ਰਿਹਾ ਬੱਚਾ ਸ਼ੂਗਰ ਰੋਗ ਪੀੜਤ ਪੈਦਾ ਨਾ ਹੋਵੇ।

ਆਲ ਇੰਡੀਆ ਕਿਸਾਨ ਸਭਾ ਪੰਜਾਬ-1936 ਵਲੋਂ 26, 27 ਤੇ 28 ਨਵੰਬਰ ਦੇ ਚੰਡੀਗੜ੍ਹ ਧਰਨੇ ਵਿਚ ਸ਼ਾਮਲ ਹੋਣ ਦਾ ਐਲਾਨ

ਪੰਜਾਬ ਸਰਕਾਰ ਵਲੋਂ ਮੰਡੀਆਂ ਅੰਦਰ ਝੋਨੇ ਦੀ ਖਰੀਦ ਬੰਦ ਕਰਨ ਦੀ ਕੀਤੀ ਨਿਖੇਧੀ 
ਲੁਧਿਆਣਾ, 15 ਨਵੰਬਰ (ਟੀ. ਕੇ. )-
 ਆਲ ਇੰਡੀਆ ਕਿਸਾਨ ਸਭਾ ਪੰਜਾਬ-1936 (ਕੁੱਲ ਹਿੰਦ ਕਿਸਾਨ ਸਭਾ ਪੰਜਾਬ-1936) ਦੀ ਸੂਬਾ ਕਮੇਟੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ (ਬਠਿੰਡਾ) ਦੀ ਪ੍ਰਧਾਨਗੀ ਹੇਠ ਸ਼ਹੀਦ  ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਪ੍ਰਧਾਨ ਜ਼ਿਲ੍ਹਾ ਲੁਧਿਆਣਾ ਜਸਵੀਰ ਝੱਜ ਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਅਨੁਸਾਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ (ਸੰਗਰੂਰ) ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਦਿੱਲੀ ਮੋਰਚੇ ਦੀ ਯਾਦ ਸਬੰਧੀ ਦੇਸ਼ ਭਰ ਦੇ ਰਾਜਾਂ ਦੀਆਂ ਰਾਜਧਾਨੀਆਂ ਵਿਚ 26, 27 ਅਤੇ 28 ਨਵੰਬਰ ਨੂੰ ਤਿੰਨ ਲਗਾਤਾਰ ਧਰਨਾ ਦਿੱਤਾ ਜਾਵੇਗਾ। ਇਸੇ ਅਧਾਰ ‘ਤੇ 26, 27 ਅਤੇ 28 ਨਵੰਬਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਰਾਜ ਭਵਨ ਸਾਹਮਣੇ ਦਿੱਤੇ ਜਾਣ ਵਾਲੇ ਸੂਬਾਈ ਧਰਨੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਰਨੇ ਵਿਚ ਜਥੇਬੰਦੀ ਵੱਲੋਂ ਹਜਾਰਾਂ ਕਿਸਾਨਾਂ ਦੇ ਕਾਫਲੇ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਪਹੁੰਚਣਗੇ। ਦਿੱਲੀ ਕਿਸਾਨ ਮੋਰਚੇ ਦੀ ਸਮਾਪਤੀ ਸਮੇਂ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਓਹ ਅਜੇ ਤੱਕ ਪੂਰੇ ਨਹੀਂ ਕੀਤੇ। ਖਾਸ ਕਰਕੇ ਐਮ.ਐਸ.ਪੀ. ਰਾਹੀਂ ਖਰੀਦ ਗਰੰਟੀ ਕਨੂੰਨ  ਬਣਾਉਣਾ, ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਇੰਨਸਾਫ ਦੇਣਾ, ਅੰਦੋਲਨ ਦੌਰਾਨ ਨਜ਼ਾਇਜ਼ ਦਰਜ ਕੀਤੇ ਮਕੁੱਦਮੇ ਵਾਪਿਸ ਲੈਣੇ ਅਤੇ ਬਿਜਲੀ ਕਨੂੰਨ ਅੰਦਰੋਂ ਕਿਸਾਨਾਂ ਨੂੰ ਬਾਹਰ ਰੱਖਣਾ ਆਦਿ ਸ਼ਾਮਲ ਹਨ। ਕੇਂਦਰ ਸਰਕਾਰ ਨੇ ਓਦੋਂ ਕਿਸਾਨ ਅੰਦੋਲਨ  ਸਮੇਂ ਨਿਰਪੱਖ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਹੁਣ ਝੂਠੇ ਮਕੁੱਦਮਿਆਂ ਵਿਚ ਗਿ੍ਰਫਤਾਰ ਕਰਨ ਅਤੇ ਨਿਊਜ਼ ਕਲਿੱਕ ਵਰਗੇ ਵੈੱਬ ਚੈਨਲ ਨੂੰ ਨਿਸ਼ਾਨਾ ਬਣਾਉਣਾ ਵੀ ਬੁੱਖਲਾਹਟ ਦਾ ਨਤੀਜਾ ਹੈ। ਕੇਂਦਰ ਸਰਕਾਰ ਨੂੰ ਵਾਰਨਿੰਗ ਦਿੰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੁਨੀਆਂ ਦੇ ਇਤਿਹਾਸ ਅੰਦਰ ਸਭ ਤੋਂ ਵੱਧ ਸ਼ਾਂਤਮਈ ਅਤੇ ਜਾਬਤਾ ਬੱਧ ਅੰਦੋਲਨ ਸੀ। ਜਿਸ ਵਿਚ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦੇ ਬਾਵਜੂਦ, ਇਸ ਨੇ ਲੜਨ ਵਾਲੇ ਲੋਕਾਂ ਅੰਦਰ ਮਿਸਾਲ ਪੈਦਾ ਕੀਤੀ ਹੈ। ਜਿਸ ਕਾਰਨ ਹੀ ਕੇਂਦਰ ਸਰਕਾਰ ਨੂੰ ਕਾਲੇ ਕਨੂੰਨ ਵਾਪਿਸ ਲੈਣੇ ਪਏ ਸਨ। ਹਾਜ਼ਰੀਨ ਨੇ ਇੱਕ ਮਤੇ ਰਾਂਹੀ ਪੰਜਾਬ  ਸਰਕਾਰ ਵਲੋਂ ਕੁੱਝ ਮੰਡੀਆਂ ਅੰਦਰ ਝੋਨੇ ਦੀ ਖਰੀਦ ਬੰਦ ਕਰਨ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਬੰਦ ਕੀਤੀਆਂ ਗਈਆਂ ਮੰਡੀਆਂ ਅੰਦਰ ਖਰੀਦ ਪਹਿਲਾਂ ਦੀ ਤਰਾਂ ਹੀ ਜਾਰੀ ਰੱਖੀ ਜਾਵੇ, ਕਿਉਂਕਿ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਇਲਾਕਿਆਂ ਅੰਦਰ ਦੁਬਾਰਾ ਝੋਨੇ ਦੀ ਫਸਲ ਬੀਜਣ ਕਾਰਣ, ਝੋਨਾ ਮੰਡੀਆਂ ਅੰਦਰ ਅਜੇ ਵੀ ਆ ਰਿਹਾ ਹੈ। ਪ੍ਰਦੂਸ਼ਣ ਦੇ ਨਾਂ ਥੱਲੇ ਕਿਸਾਨਾਂ ਖਿਲਾਫ ਪਰਾਲੀ ਨੂੰ ਅੱਗ ਲਾਉਣ ਉੱਪਰ ਪਰਚੇ ਦਰਜ ਕਰਨ ਦੀ ਨਿਖੇਧੀ ਕੀਤੀ ਗਈ। ਮੀਟਿੰਗ ਨੂੰ ਖੇਤੀ ਵਿਗਿਆਨੀ ਰਾਜਿੰਦਰ ਸਿੰਘ ਔਲਖ, ਕੁਲਵੰਤ ਸਿੰਘ ਪਟਿਆਲਾ, ਲੱਖਬੀਰ ਸਿੰਘ ਨਿਜਾਮਪੁਰ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ ਹਾਜ਼ਰ ਹੋਏ ਸੂਬਾਈ ਆਗੂ ਬਲਦੇਵ ਸਿੰਘ ਵੇਰਕਾ, ਬਲਕਾਰ ਸਿੰਘ ਵਲਟੋਹਾ (ਤਰਨਤਾਰਨ), ਜੁੱਗਰਾਜ ਸਿੰਘ ਹੀਰਕੇ, ਤਰਲੋਕ ਸਿੰਘ ਕਪੂਰਥਲਾ, ਹਰਦਿਆਲ ਸਿੰਘ ਘਾਲੀ ਮੋਗਾ, ਸੰਦੀਪ ਅਰੋੜਾ (ਜਲੰਧਰ), ਚਮਕੌਰ ਸਿੰਘ, ਜਸਵੀਰ ਸਿੰਘ ਝੱਜ, ਮਨਜੋਤ ਸਿੰਘ ਮਾਨ (ਲੁਧਿਆਣਾ), ਦਵਿੰਦਰ ਨੰਗਲੀ ਰੋਪੜ, ਕਾਕਾ ਸਿੰਘ ਮੋਰਿੰਡਾ, ਮੁਕੰਦ ਸਿੰਘ, ਚਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ, ਗੁਰਮੁੱਖ ਸਿੰਘ, ਬਲਵਿੰਦਰ, ਸਰਵਣ ਸਿੰਘ, ਸਿੰਘ ਮੋਹਾਤੀ, ਕਰਮਜੀਤ ਸਿੰਘ, ਜਸਵੰਤ  ਸਿੰਘ ਨਵਾਂ ਸ਼ਹਿਰ, ਕਾਬਲ ਸਿੰਘ, ਹਰਜਿੰਦਰ ਬੰਗੜ ਅਤੇ ਗੁਰਮੇਲ ਸ਼ਰਮਾ ਬਰਨਾਲਾ ਆਦਿ ਨੇ ਧਰਨੇ ਨੂੰ ਸਫਲ ਬਣਾਉਣ ਲਈ ਆਪੋ-ਆਪਣੇ ਵਿਚਾਰ ਵਿਸਥਾਰ ਸਹਿਤ ਰੱਖੇ।

ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਜੁਟਾ ਰਹੀ ਹੈ - ਛੀਨਾ

ਪੋਸਟਰ ਮੇਕਿੰਗ ਮੁਕਾਬਲੇ ਦੀ ਜੇਤੂ ਵਿਦਿਆਰਥਣ ਨੂੰ ਸਾਇਕਲ ਭੇਟ
ਲੁਧਿਆਣਾ, 15 ਨਵੰਬਰ (ਟੀ. ਕੇ.)
ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਜੁਟਾ ਰਹੀ ਹੈ। ਇਹ ਵਿਚਾਰ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ /ਢੋਲੇਵਾਲ ਵਿਚ ਪ੍ਰਿੰਸੀਪਲ ਹਰਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਕ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੇਤੂ ਰਹੀ ਵਿਦਿਆਰਥਣ ਮੁਸਕਾਨ ਮਸੀਹ ਨੂੰ ਸਾਇਕਲ ਭੇਟ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਲੁਧਿਆਣਾ ਵਿਚ ਸਥਾਪਤ ਸਾਰੇ ਸਕੂਲ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਪਰ ਢੋਲੇਵਾਲ ਸਕੂਲ ਨੇ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਇਸ ਮੌਕੇ ਉਨ੍ਹਾਂ ਲੋਕ ਭਲਾਈ ਜਾਗ੍ਰਿਤੀ ਮੰਚ ਦੇ ਪ੍ਰਧਾਨ ਨਿਸ਼ਾਨ ਸਿੰਘ ਸ਼ੇਰਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਵਲੋਂ ਅੱਜ ਉਨ੍ਹਾਂ ਦੇ ਹਲਕੇ ਵਿਚ ਪੈਂਦੇ ਸਕੂਲਾਂ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਅਦਾ ਕੀਤਾ ਹੈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਸਕਿੱਲ ਸੈਂਟਰ ਸਥਾਪਤ ਕੀਤਾ ਗਿਆ, ਜੋ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਬਾਰੇ ਸਿਖਲਾਈ ਦੇਣ ਲਈ ਕੰਮ ਕਰੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਦੀ ਬਿਹਤਰੀ ਲਈ ਪੈਸੇ ਦੀ ਕੋਈ ਵੀ ਕਮੀ ਨਹੀਂ ਆਉਣ ਦੇਵੇਗੀ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਵਲੋਂ ਵਿਧਾਇਕਾ ਸ੍ਰੀਮਤੀ ਛੀਨਾ ਸਮੇਤ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਨਿਸ਼ਾਨ ਸਿੰਘ ਸ਼ੇਰਗਿੱਲ, ਡਾ ਸਰਦੂਲ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਛੀਨਾ, ਸਟੇਟ ਅਵਾਰਡੀ ਸੁਖਦੇਵ ਸਿੰਘ, ਸੀਨੀਅਰ ਲੈਕਚਰਾਰ ਸ਼ਾਲੂ ਬਾਂਸਲ, ਸੁਖਵਿੰਦਰ ਕੌਰ, ਰੌਸ਼ਨੀ ਕੌੜਾ, ਕਿਰਨਜੀਤ ਕੌਰ, ਪੁਨੀਤ ਕੁਮਾਰ, ਹਰਮੇਸ਼ ਕੁਮਾਰ, ਚੰਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਪ੍ਰਭਜੋਤ ਸਿੰਘ, ਬਲਰਾਜ ਸਿੰਘ ਤੋਂ ਇਲਾਵਾ ਤਰੱਕੀ ਲਾਲ ਅਤੇ ਚੇਤਨ ਵੀ ਹਾਜ਼ਰ ਸਨ।ਇਥੇ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਨਸ਼ਿਆਂ ਵਿਰੁੱਧ ਸਮਾਜ ਵਿਚ ਜਾਗਰੂਕਤਾ ਲਿਆਉਣ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਉਣ ਲਈ ਜਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਪੁਲਿਸ ਲਾਈਨ ਲੁਧਿਆਣਾ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ, ਦੇ ਦੌਰਾਨ ਉਕਤ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ।

ਭਲਕੇ ਜਰੂਰੀ ਮੁਰੰਮਤ ਕਾਰਨ  ਬਿਜਲੀ ਬੰਦ ਰਹੇਗੀ

ਜਗਰਾਉਂ, 15 ਨਵੰਬਰ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ )  ਪੰਜਾਬ ਪਾਵਰ ਸਪਲਾਈ ਕਾਰਪੋਰੇਸ਼ਨ ਦੇ ਉਪ ਮੰਡਲ ਇੰਜੀਨੀਅਰ ਜਗਰਾਉਂ ਗੁਰਪ੍ਰੀਤ ਸਿੰਘ ਕੰਗ ਤੋਂ ਮਿਲੀ ਜਾਣਕਾਰੀ ਮੁਤਾਬਕ 11 ਕੇਵੀ ਫੀਡਰ ਸਿਟੀ 8 ਅਗਵਾੜ ਲੋਪੋ ਦੀ ਜਰੂਰੀ ਮੁਰਮਤ ਕਾਰਨ ਬਿਜਲੀ ਸਪਲਾਈ ਦਿਨ ਵੀਰਵਾਰ 16 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਬੰਦ ਰਹੇਗੀ।ਜਿਸ ਨਾਲ  ਜੀਵਨ ਬਸਤੀ, ਕੋਠੇ ਰਾਹਲਾਂ, ਅੱਡਾ ਰਾਏਕੋਟ, ਕੋਠੇ ਪੋਨਾ, ਰਾਏਕੋਟ ਰੋਡ,
 ਗਾਂਧੀ ਨਗਰ, ਅਜੀਤ ਨਗਰ, ਅਗਵਾੜ ਲਧਾਈ ਇਲਾਕੇ ਪ੍ਰਭਾਵਿਤ ਹੋਣਗੇ।

ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੀ ਵਿਸ਼ਵ ਭਰ ਵਿਚ ਭਰਤੀ ਮੁਹਿੰਮ ਦਾ ਕੀਤਾ ਆਗਾਜ਼

ਕਿਹਾ ਕਿ ਨੌਜਵਾਨਾਂ ਨੂੰ ਸਾਰੇ ਅਹੁਦਿਆਂ ’ਤੇ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ

ਲੁਧਿਆਣਾ, 14 ਨਵੰਬਰ(ਟੀ. ਕੇ.) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਯੂਥ ਅਕਾਲੀ ਦਲ ਦੀ ਵਿਸ਼ਵ ਭਰ ਵਿਚ ਭਰਤੀ ਦੀ ਮੁਹਿੰਮ ਦਾ ਆਗਾਜ਼ ਇਥੇ ’ਪੰਜਾਬ ਦੀ ਸ਼ਾਨ, ਸਾਡੇ ਨੌਜਵਾਨ ਪ੍ਰੋਗਰਾਮ’ ਦੇ ਨਾਂ ਹੇਠ ਕੀਤਾ ਜਿਸਦਾ ਮਕਸਦ ਨੌਜਵਾਨਾਂ ਨੂੰ ਹਰ ਪੱਧਰ ’ਤੇ ਚੋਣਾਂ ਵਿਚ ਪ੍ਰਤੀਨਿਧਤਾ ਦੇਣਾ ਹੈ।

ਇਹ ਪ੍ਰੋਗਰਾਮ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ  ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ, ਨੂੰ ਨੌਜਵਾਨ ਵਰਗ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਨੌਜਵਾਨ ਵਰਗ ਨੇ ਅਕਾਲੀ ਦਲ ਵੱਲੋਂ ਨੌਜਵਾਨਾਂ ਨੂੰ ਪਾਰਟੀ ਦੀ ਫੈਸਲਾ ਲੈਣ ਦੀ ਪ੍ਰਕਿਰਿਆ ਤੇ ਚੋਣ ਰਾਜਨੀਤੀ ਵਿਚ ਸ਼ਾਮਲ ਕਰਵਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਲਿਆ ਹੈ ਕਿ ਨੌਜਵਾਨਾਂ ਨੂੰ ਸਾਰੇ ਅਹੁਦਿਆਂ ’ਤੇ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਮੈਰਿਟ ਦੇ ਆਧਾਰ ’ਤੇ ਅਹੁਦੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਸਿਫਾਰਸ਼ ਨਾਲ 250 ਮੈਂਬਰ ਭਰਤੀ ਕੀਤੇ ਜਾਣਗੇ ਉਹਨਾਂ ਨੂੰ ਯੂਥ ਡੈਲੀਗੇਟ ਨਿਯੁਕਤ ਕੀਤਾ ਜਾਵੇਗਾ। ਇਹ ਡੈਲੀਗੇਟ ਜ਼ਿਲ੍ਹਾ ਪ੍ਰਧਾਨਾਂ ਸਮੇਤ ਯੂਥ ਅਕਾਲੀ ਦਲ ਦੀ ਜਥੇਬੰਦੀ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕਰਨਗੇ ਤੇ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨ ਬਣਾਏ ਜਾਣਗੇ ਜੋ 2000 ਤੋਂ ਵੱਧ ਮੈਂਬਰ ਆਪਣੀ ਸਿਫਾਰਸ਼ ’ਤੇ ਬਣਵਾਉਣਗੇ।
ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਇਸ ਸਾਲ 31 ਦਸੰਬਰ ਤੱਕ ਪੂਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਭਰਤੀ ਮੁਹਿੰਮ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਚਲਾਈ ਜਾਵੇਗੀ ਤਾਂ ਜੋ ਸਾਰੇ ਦੇਸ਼ਾਂ ਜਿਥੇ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ, ਦੇ ਨੌਜਵਾਨ ਵੀ ਅਕਾਲੀ ਦਲ ਦਾ ਹਿੱਸਾ ਬਣ ਸਕਣ ਤੇ ਯੂਥ ਅਕਾਲੀ ਦਲ ਦੀਆਂ ਟੀਮਾਂ ਬਣਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਿਰਫ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨਾਂ ਦੇ ਅਹੁਦੇ ਵਾਸਤੇ ਵਿਚਾਰੇ ਜਾਣਗੇ ਜਿਹਨਾਂ ਦੀ ਉਮਰ 35 ਸਾਲ ਤੱਕ ਹੋਵੇਗੀ ਤੇ ਸੂਬਾ ਉਹਦੇਦਾਰਾ ਲਈ ਉਮਰ ਹੱਦ 40 ਸਾਲ ਹੋਵੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਨੌਜਵਾਨ ਸੰਗਠਨ ਵਿਚ ਆਪਣੀ ਕਾਬਲੀਅਤ ਸਾਬਤ ਕਰਨਗੇ, ਉਹਨਾਂ ਨੂੰ ਪਾਰਟੀ ਵੱਲੋਂ ਸਥਾਨਕ ਚੋਣਾਂ ਦੇ ਨਾਲ-ਨਾਲ ਕਮੇਟੀ ਤੇ ਨਿਗਮ ਚੋਣਾਂ ਵਾਸਤੇ ਵੀ ਟਿਕਟਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਵੇਲੇ ਯੂਥ ਅਕਾਲੀ ਦਲ ਦੇ 35 ਸਾਬਕਾ ਆਗੂ ਅਕਾਲੀ ਦਲ ਦੇ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ 
ਉਹਨਾਂ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਵੀ ਨੌਜਵਾਨਾਂ ਨੂੰ ਵੱਡੀ ਭੂਮਿਕਾ ਦਿੱਤੀ ਜਾਵੇਗੀ ਅਤੇ ਹਰ ਲੋਕ ਸਭਾ ਸੀਟ ਲਈ ਤਿੰਨ ਸੀਨੀਅਰ ਮੀਤ ਪ੍ਰਧਾਨ, ਤਿੰਨ ਮੀਤ ਪ੍ਰਧਾਨ ਤੇ ਤਿੰਨ ਜਨਰਲ ਸਕੱਤਰ ਨਿਯੁਕਤ ਕੀਤੇ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੇ 2.5 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਲ ਵੇਲੇ 13 ਨਵੀਂਆਂ ਯੂਨੀਵਰਸਿਟੀਆਂ, 30 ਨਵੇ਼ ਕਾਲਜ ਤੇ ਆਈ ਆਈ ਟੀ ਰੋਪੜ, ਆਈ ਆਈ ਐਮ ਅੰਮ੍ਰਿਤਸਰ ਤੇ ਆਈਸਰ ਮੁਹਾਲੀ ਵਰਗੀਆਂ ਚੰਗੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ।

ਉਹਨਾਂ ਕਿਹਾ ਕਿ ਭਾਰਤੀ ਫੌਜ ਵਿਚ ਅਫਸਰ ਵਜੋਂ ਸ਼ਾਮਲ ਹੋਣ ਵਾਸਤੇ ਨੌਜਵਾਨਾਂ ਨੂੰ ਤਿਆਰ ਕਰਨ ਲਈ ਦੋ ਪ੍ਰੀਪਰੇਟਰੀ ਸੰਸਥਾਵਾਂ ਖੋਲ੍ਹੀਆਂ ਗਈਆਂ ਤੇ 7 ਹਾਕੀ ਸਟੇਡੀਅਮ ਬਣਾਏ ਗਏ ਤੇ 21 ਮਲਟੀਪਰਪਜ਼ ਸਟੇਡੀਅਮ ਸਥਾਪਿਤ ਕੀਤੇ ਗਏ ਤਾਂ ਜੋ ਸੂਬੇ ਵਿਚ ਖੇਡਾਂ ਪ੍ਰਫੁੱਲਤ ਹੋ ਸਕਣ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਬੱਡੀ ਨੂੰ ਵਿਸ਼ਵ ਦੇ ਨਕਸ਼ੇ ’ਤੇ ਲਿਆਂਦਾ।
ਸੁਖਬੀਰ ਬਾਦਲ ਨੇ ਇਹ ਵੀ  ਦੱਸਿਆ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਕਿਵੇਂ ਨੌਜਵਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਨਾਲ-ਨਾਲ ਰੋਜ਼ਗਾਰ ਸਿਰਜਣ ਤੇ ਨੌਜਵਾਨਾਂ ਵਾਸਤੇ ਉਦਮ ਦੇ ਮੌਕੇ ਸਿਰਜਣ ਵਾਸਤੇ ਖਾਕਾ ਤਿਆਰ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਨੌਜਵਾਨ ਵਰਗ ਮੁਹਾਰਤ ਹਾਸਲ ਕਰ ਕੇ ਜ਼ਿੰਦਗੀ ਵਿਚ ਮੋਹਰੀ ਰਹਿ ਸਕਣਗੇ।

ਯੂਥ ਅਕਾਲੀ ਦਲ ਦੇ ਪ੍ਰਧਾਨ  ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਕਿਵੇਂ ਯੂਥ ਅਕਾਲੀ ਦਲ ਸੂਬੇ ਦੀਆਂ ਅਮੀਰ ਰਵਾਇਤਾਂ ਤੇ ਸਭਿਆਚਾਰ ਦੀ ਸੁਰਜੀਤੀ ਵਾਸਤੇ ਸਾਰੇ ਜ਼ਿਲ੍ਹਿਆਂ ਵਿਚ ਮੇਰੀ ਦਸਤਾਰ ਮੇਰੀ ਸ਼ਾਨ ਕੈਂਪ ਲਗਾ ਰਿਹਾਹੈ।  ਉਹਨਾਂ ਇਹ ਵੀ ਦੱਸਿਆਕਿ  ਯੂਥ ਅਕਾਲੀ ਦਲ ਕਿਵੇਂ ਪੰਜਾਬੀ ਤੇ ਪੰਜਾਬੀਅਤ ’ਤੇ ਜ਼ੋਰ ਦੇ ਰਿਹਾ ਹੈ ਤੇ ਸਾਰੇ ਪ੍ਰੋਗਰਾਮਾਂ ਵਿਚ ਹਰ ਵਰਗ ਨੂੰ ਨਾਲ ਲੈ ਰਿਹਾ ਹੈ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਦਰਜ਼ਾ ਬਦਰਜਾ ਆਗੂ ਹਾਜ਼ਰ ਸਨ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਦੀਆਂ 510 ਮੰਡੀਆਂ 'ਚ ਝੋਨੇ ਦੀ ਖਰੀਦ ਬੰਦ ਕਰਨ ਵਾਲ਼ੀ ਮਾਨ ਸਰਕਾਰ ਦੀ ਸਖ਼ਤ ਨਿਖੇਧੀ

ਬੰਦ ਕੀਤੀਆਂ ਮੰਡੀਆਂ ਤੁਰੰਤ ਚਾਲੂ ਕਰਨ ਦੀ ਮੰਗ

ਚੰਡੀਗੜ੍ਹ 13 ਨਵੰਬਰ  (ਜਨ ਸ਼ਕਤੀ ਨਿਊਜ਼ ਬਿਊਰੋ )  ਪੰਜਾਬ ਦੀਆਂ 510 ਮੰਡੀਆਂ ਕੱਲ੍ਹ ਸ਼ਾਮ 7 ਵਜੇ ਤੋਂ ਬੰਦ ਕਰਨ ਦਾ ਕਿਸਾਨ ਵਿਰੋਧੀ ਫੈਸਲਾ ਕਰਨ ਵਿਰੁੱਧ ਤਿੱਖਾ ਰੋਸ ਜ਼ਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਆਪ ਪਾਰਟੀ ਦੀ ਮਾਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਇਸ ਸੰਬੰਧੀ ਇੱਥੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਇਹ ਮੰਡੀਆਂ ਤੁਰੰਤ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਫੈਸਲੇ ਰਾਹੀਂ ਬਿਨਾਂ ਵਜ੍ਹਾ ਸੈਂਕੜੇ ਮੰਡੀਆਂ 'ਚ ਸਰਕਾਰੀ ਖਰੀਦ ਠੱਪ ਕਰਕੇ ਮਾਨ ਸਰਕਾਰ ਖੇਤੀ ਮੰਡੀਆਂ ਨੂੰ ਨਿੱਜੀ ਵਪਾਰੀਆਂ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਮੋਦੀ-ਮਾਰਕਾ ਕਾਲੇ ਖੇਤੀ ਕਾਨੂੰਨਾਂ ਵਾਲੀ ਨੀਤੀ ਲਾਗੂ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਜਬੂਰੀਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਨੂੰ ਜ਼ਬਰਦਸਤੀ ਰੋਕ ਕੇ ਅਤੇ ਪਹਿਲਾਂ ਬਿਜਲੀ ਲੇਟ ਦੇਣ ਰਾਹੀਂ ਪਛੇਤਾ ਝੋਨਾ ਬੀਜਣ ਲਈ ਮਜਬੂਰ ਕੀਤੇ ਗਏ ਕਿਸਾਨਾਂ ਨੂੰ ਹੁਣ ਮੰਡੀਆਂ ਵਿੱਚ ਰੋਲ਼ ਕੇ ਮਾਨ ਸਰਕਾਰ ਕਣਕ ਦੀ ਬਿਜਾਈ ਹੋਰ ਵੀ ਪਛੇਤੀ ਕਰ ਰਹੀ ਹੈ। ਇਸ ਤਰ੍ਹਾਂ ਕਣਕ ਦਾ ਝਾੜ ਘਟੇਗਾ ਜਿਹੜਾ ਕਰਜ਼-ਵਿੰਨ੍ਹੇ ਕਿਸਾਨਾਂ ਲਈ ਬਹੁਤ ਮਾਰੂ ਸਾਬਤ ਹੋਵੇਗਾ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੁਰੰਤ ਮੁੜ ਚਾਲੂ ਨਾ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਜਨਤਕ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਫੌਰੀ ਰੋਸ ਵਜੋਂ ਉਨ੍ਹਾਂ ਵੱਲੋਂ ਜਥੇਬੰਦੀ ਦੇ ਸਥਾਨਕ ਆਗੂਆਂ ਨੂੰ ਮੰਡੀਆਂ 'ਚ ਰੁਲ਼ ਰਹੇ ਕਿਸਾਨਾਂ ਸਮੇਤ ਨੇੜਲੀਆਂ ਹਾਈਵੇ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। 

ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਅਤੇ ਅਦਾਕਾਰ ਮੋਹਨ ਬੱਗੜ੍ਹ ਵੱਲੋਂ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਕਾਵਿ ਪੁਸਤਕ ਲੋਕ-ਅਰਪਣ

ਫ਼ਰੀਦਕੋਟ ,10 ਨਵੰਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )  ਹਿੰਦੀ ਸਿਨੇਮਾਂ ਦੀਆਂ 'ਅਰਜੁਨ', 'ਡਕੈਤ', 'ਨਾਮ', 'ਜਯ ਵਿਕ੍ਰਾਤਾਂ' ਆਦਿ ਜਿਹੀਆਂ ਬੇਸ਼ੁਮਾਰ ਬਹ-ੁਚਰਚਿਤ ਅਤੇ ਸਫਲ ਫਿਲਮਾਂ ਨਾਲ ਐਕਸ਼ਨ ਡਾਇਰੈਕਟਰ ਦੇ ਤੌਰ ਤੇ ਜੁੜੇ ਰਹੇ ਅਤੇ ਬਤੌਰ ਅਦਾਕਾਰ 'ਸਰਪੰਚ', 'ਨਿੰਮੋ', 'ਬਟਵਾਰਾ', 'ਬਲਵੀਰੋ ਭਾਬੀ' ਵਿਚ ਲੀਡਿੰਗ ਭੂਮਿਕਾਵਾਂ ਅਦਾ ਕਰ ਚੁੱਕੇ ਮੋਹਨ ਬੱਗੜ੍ਹ ਵੱਲੋਂ ਇਲਾਕੇ ਦੇ ਉਭਰਦੇ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਨਵੀਂ ਕਾਵਿ- ਪੁਸਤਕ 'ਦੁਖਿਆਰੇ ਲੋਕ' ਨੂੰ ਆਪਣੇ ਜੱਦੀ ਗ੍ਰਹਿ ਨਗਰ ਵਿਖੇ ਕਰਵਾਏ ਇਕ ਵਿਸ਼ੇਸ਼ ਮਿਲਣੀ ਸਮਾਰੋਹ ਦੌਰਾਨ ਲੋਕ-ਅਰਪਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਨ ਤੋਂ ਇਲਾਵਾ ਪਿੰਡ ਦੀਆਂ ਮੋਹਤਬਰ ਸ਼ਖਸ਼ੀਅਤਾਂ ਵੀ ਹਾਜਰ ਸਨ। ਇਸ ਸਮੇਂ ਪੁਸਤਕ ਦੇ ਰਸਮੀ ਵਿਮੋਚਨ ਉਪਰੰਤ ਲੇਖਕ ਦਰਦੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਬਾਲੀਵੁੱਡ ਦੀ ਅਜ਼ੀਮ ਤਰੀਨ ਸ਼ਖਸ਼ੀਅਤ ਮੋਹਨ ਬੱਗੜ੍ਹ ਨੇ ਕਿਹਾ ਕਿ ਛੋਟੀ ਜਿਹੀ ਉਮਰ ਵਿਚ ਸਾਹਿਤਕ ਖਿੱਤੇ ਵਿਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਇਸ ਹੋਣਹਾਰ ਲੇਖਕ ਨੂੰ ਉਹ ਆਪਣੇ ਵੱਲੋਂ ਸ਼ੁਭਕਾਮਨਾਵਾਂ ਭੇਂਟ ਕਰਦੇ ਹਨ ਅਤੇ ਉਮੀਦ ਕਰਦੇ ਹਾਂ ਕਿ ਸਮਾਜਿਕ ਸਰੋਕਾਰਾਂ ਦੀ ਪੂਰਤੀ ਦੇ ਨਾਲ- ਨਾਲ ਪੰਜਾਬੀ ਸਾਹਿਤ ਦੀ ਪ੍ਰਫੁੱਲਤਾਂ ਵਿਚ ਅਹਿਮ ਯੋਗਦਾਨ ਦੇ ਰਹੇ ਇਸ ਨੌਜਵਾਨ ਅਤੇ ਪ੍ਰਤਿਭਾਵਾਨ ਲੇਖਕ ਵੱਲੋਂ ਕੀਤੀਆਂ ਜਾ ਰਹੀ ਇੰਨ੍ਹਾਂ ਮਿਆਰੀ ਕੋਸ਼ਿਸ਼ਾਂ ਦਾ ਸਿਲਸਿਲਾ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗਾ।

     ਉਕਤ ਮੌਕੇ ਪੁੱਜੀਆਂ ਹਸਤੀਆਂ ਅਤੇ ਬੇਹਤਰੀਣ ਐਕਸ਼ਨ ਡਾਇਰੈਕਟਰ ਅਤੇ ਅਦਾਕਾਰ ਸ. ਮੋਹਨ ਬੱਗੜ੍ਹ ਦਾ ਧੰਨਵਾਦ ਕਰਦਿਆਂ ਲੇਖਕ ਦਰਦੀ ਨੇ ਕਿਹਾ ਕਿ ਉਸ ਲਈ ਅੱਜ ਦਾ ਦਿਨ ਬਹੁਤ ਹੀ ਖੁਸ਼ਕਿਸਮਤੀ ਅਤੇ ਮਾਣ ਭਰਿਆ ਹੈ ਕਿ ਮੁੰਬਈਆਂ ਨਗਰੀ ਦੀ ਇਕ ਮਾਣਮੱਤੀ ਸ਼ਖਸ਼ੀਅਤ ਵੱਲੋਂ ਆਪਣੇ ਹੱਥੀ ਉਨਾਂ ਦੀ ਨਵੀਂ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ ਹੈ, ਜਿਸ ਨਾਲ ਉਹ ਅਪਣੇ ਆਪ ਤੇ ਕਾਫੀ ਫ਼ਖ਼ਰ ਮਹਿਸੂਸ ਕਰ ਰਹੇ ਹਨ। ਇਸ ਮੌਕੇ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਲੇਖਕ ਸ਼ਿਵਨਾਥ ਦਰਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਇਸ ਨਵੀਂ ਪੁਸਤਕ ਵਿਚ ਮਿਆਰੀ ਅਤੇ ਜਿੰਦਗੀ ਅਤੇ ਸਮਾਜ ਦੀਆਂ ਤਲਖ ਹਕੀਕਤਾਂ ਨੂੰ ਬਿਆਂ ਕਰਦੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ , ਜਿਸ ਵਿਚ ਖੁਸ਼ੀਆਂ, ਗਮੀਆਂ ਭਰੇ ਹਰ ਸਾਹਿਤਕ ਰੰਗ ਦਾ ਪਾਠਕ ਭਰਪੂਰ ਆਨੰਦ ਮਾਨਣਗੇ।

     ਉਨ੍ਹਾਂ ਦੱਸਿਆ ਕਿ ਇਹ ਪੁਸਤਕ ਉਨਾਂ ਦੇ  ਪਿਤਾ ਸਵ. ਕਿ੍ਸ਼ਨ ਲਾਲ ਅਤੇ ਮਾਤਾ ਸਵ. ਸ੍ਰੀਮਤੀ ਮਨਜੀਤ ਕੌਰ ਨੂੰ ਸਮਰਪਿਤ ਹੈ, ਜੋ ਚਾਹੇ ਅੱਜ ਉਨਾਂ ਦੇ ਪਰਿਵਾਰ ਵਿਚਕਾਰ ਨਹੀਂ ਹਨ, ਪਰ ਉਨਾਂ ਵੱਲੋਂ ਸੱਚ ਤੇ ਚੱਲਣ ਅਤੇ ਦੀਨ ਦੁਖੀਆਂ ਦੀ ਸੇਵਾ ਕਰਨ ਦੇ ਵਿਖਾਏ ਮਾਰਗਦਰਸ਼ਨ ਤੇ ਉਹ ਹਮੇਸ਼ਾ ਚੱਲਦੇ ਰਹਿਣਗੇ  ਅਤੇ ਸਾਹਿਤਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਧ ਚੜ੍ਹ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਜਿਕਰਯੋਗ ਹੈ ਕਿ ਦੀ ਪਿ੍ਰੰਟ ਐਕਸਲ ਸੁਮੀਤ ਵੱਲੋਂ ਪਬਲਿਸ਼ ਕੀਤੀ ਗਈ ਉਕਤ ਪੁਸਤਕ ਨੂੰ ਵਜੂਦ ਅਤੇ ਸੋਹਣਾ ਮੁਹਾਂਦਰਾ ਦੇਣ ਵਿਚ ਸਾਹਿਤਕ ਖੇਤਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਗਿਆਨੀ ਮੁਖਤਿਆਰ ਸਿੰਘ ਵੰਗੜ੍ਹ ਫ਼ਰੀਦਕੋਟੀਆ ਆਦਿ ਵੱਲੋਂ ਅਹਿਮ ਯੋਗਦਾਨ ਦਿੱਤਾ ਗਿਆ ਹੈ।  

ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਅਰੰਭ

ਅੰਮ੍ਰਿਤਸਰ, 10 ਨਵੰਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )  ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦੁਆਰਾ ਮੱਲ ਅਖਾੜਾ ਪਾ:ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਪੁਰਾਤਨ ਰਵਾਇਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਹਨ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਨਿਹੰਗ ਸਿੰਘ ਦਲ ਪੰਥਾਂ ਦੀ ਪੂਰਨ ਪੁਰਾਤਨ ਮਰਯਾਦਾ ਅਨੁਸਾਰ ਅਰੰਭ ਹੋ ਗਏ ਹਨ ਜਿਸ ਦਾ ਭੋਗ 12 ਨਵੰਬਰ ਨੂੰ ਦਿਵਾਲੀ ਵਾਲੇ ਦਿਨ ਪਵੇਗਾ, ਉਪਰੰਤ 11 ਨਵੰਬਰ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਅਰੰਭ ਹੋ ਕੇ 13 ਨੂੰ ਭੋਗ ਪਏਗਾ। ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਦਲਾਂ ਵੱਲੋਂ ਆਪੋ ਆਪਣੀਆਂ ਛਾਉਣੀਆਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਉਤਾਰੇ ਕੀਤੇ ਹੋਏ ਅਤੇ ਅੱਜ ਪੰਥਕ ਰਵਾਇਤਾਂ ਮੁਤਾਬਕ ਸ੍ਰੀ ਅਖੰਡ ਪਾਠ ਅਰੰਭ ਹੋ ਗਏ ਹਨ। ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਵੱਲੋਂ ਛਾਉਣੀ ਗੁਰਦੁਆਰਾ ਸਮਾਧਾ ਬਾਬਾ ਨੋਧ ਸਿੰਘ ਸ਼ਹੀਦ ਚੱਬਾ ਵਿਖੇ ਅਤੇ ਤਰਨਾ ਦਲ ਬਾਬਾ ਬਿੰਧੀਚੰਦ ਸਾਹਿਬ ਸੁਰ ਸਿੰਘ ਵਾਲਿਆਂ ਵੱਲੋਂ ਛਾਉਣੀ ਗੁਰਦੁਆਰਾ ਛਬੀਲ ਬਾਬਾ ਸਵਾਇਆ ਸਿੰਘ ਜੀ ਚਾਟੀਵਿੰਡ ਗੇਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਹਨ। ਜਿਨ੍ਹਾਂ ਦੇ ਭੋਗ ਦਿਵਾਲੀ ਵਾਲੇ ਦਿਨ ਸਾਰੀਆਂ ਛਾਉਣੀਆਂ ਵਿੱਚ ਦਲ ਪੰਥ ਪਾਉਣਗੇ। 13 ਨਵੰਬਰ ਨੂੰ ਸ੍ਰੀ ਦਸਮ ਗ੍ਰੰਥ ਜੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਸਾਰੇ ਦਲ ਪੰਥ ਤੇ ਹੋਰ ਨਿਹੰਗ ਸਿੰਘ ਸਾਰੀਆਂ ਜਥੇਬੰਦੀਆਂ ਗੁਰਦੁਆਰਾ ਮੱਲ ਅਖਾੜਾ ਸਾਹਿਬ ਛਾਉਣੀ ਬੁੱਢਾ ਦਲ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਤਮਸਤਕ ਹੋਣ ਪੁਜਣਗੇ ਉਪਰੰਤ ਨਿਸ਼ਾਨ ਨਿਗਾਰਿਆਂ ਧੌਸਿਆਂ ਦੀ ਛੱਤਰ ਛਾਇਆ ਹੇਠ ਦੁਪਹਿਰ 12 ਵਜੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ ਕੱਢਿਆ ਜਾਵੇਗਾ। ਇਹ ਨਿਹੰਗ ਸਿੰਘਾਂ ਦਾ ਮਹੱਲਾ ਘਿਊ ਮੰਡੀ ਚੌਕ, ਸ਼ੇਰਾਂ ਵਾਲਾ ਗੇਟ, ਰਾਮਬਾਗ ਚੋਂਕ, ਗਾਂਧੀ ਗੇਟ ਹਾਲਗੇਟ, ਹਾਥੀ ਗੇਟ ਤੋਂ ਕਿਲ੍ਹਾ ਗੋਬਿੰਦਗੜ੍ਹ ਚੋਂਕ ਰਾਹੀਂ ਬੀ ਬਲਾਕ ਦੇ ਗਰਾਉਂਡ ਵਿੱਚ ਪੁਜੇਗਾ। ਜਿਥੇ ਨਿਹੰਗ ਸਿੰਘ ਆਪਣੇ ਰਵਾਇਤੀ ਜੰਗਜੂ ਖੇਡਾਂ, ਘੋੜ ਦੌੜ, ਨੇਜੇਬਾਜੀ, ਗੱਤਕਾ ਆਦਿ ਦੇ ਜੋਹਰ ਦਿਖਾਉਣਗੇ।

ਸਟੇਟ ਟੂਰਨਾਮੈਂਟ ਵੀ ਨੇੜੇ, ਹਾਲੇ ਤੱਕ ਨਹੀਂ ਭੇਜੇ ਕਲੱਸਟਰ ਦੇ ਵੀ ਫੰਡ

ਚੰਡੀਗੜ੍ਹ, 10 ਨਵੰਬਰ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) ਸਿੱਖਿਆ ਤੇ ਸਿਹਤ ਦੇ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕਰਨ ਵਾਲੀ ਪੰਜਾਬ ਸਰਕਾਰ ਦੀ ਉਸ ਸਮੇਂ ਪੋਲ ਖੁੱਲ੍ਹ ਗਈ, ਜਦੋਂ ਪ੍ਰਾਇਮਰੀ ਪੱਧਰ ਦੇ ਚੱਲ ਰਹੇ ਖੇਡ ਟੂਰਨਾਮੈਂਟਾਂ ਲਈ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਰਾਸ਼ੀ ਮੁਹੱਈਆ ਨਹੀਂ ਕਰਵਾਈ ਗਈ, ਜਦੋਂ ਕਿ ਇਹ ਟੂਰਨਾਮੈਂਟ ਸੈਂਟਰ ਪੱਧਰ, ਬਲਾਕ ਪੱਧਰ ਅਤੇ ਜ਼ਿਲ੍ਹੇ ਪੱਧਰ ਤੱਕ ਮੁਕੰਮਲ ਹੋ ਚੁੱਕੇ ਹਨ। ਭਾਵੇਂ ਇਨ੍ਹਾਂ ਟੂਰਨਾਮੈਂਟਾਂ ਨੂੰ ਪੰਜਾਬ ਦੇ ਅਧਿਆਪਕਾਂ ਨੇ ਆਪਣੇ ਪੱਲਿਓਂ ਖਰਚ ਕਰ ਕੇ, ਉਧਾਰ ਲੈ ਕੇ ਅਤੇ ਆਪਣੇ ਮੋਹਤਬਰ ਲੋਕਾਂ ਤੋਂ ਦਾਨ ਇੱਕਠਾ ਕਰਕੇ ਖੂਬਸੂਰਤ ਬਣਾਉਣ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਕਮੀ ਨਹੀਂ ਛੱਡੀ, ਪਰ ਹਾਲੇ ਤੱਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਨ੍ਹਾਂ ਟੂਰਨਾਮੈਂਟਾਂ ਲਈ ਸੈਂਟਰ ਪੱਧਰੀ ਦਿੱਤਾ ਜਾਣ ਵਾਲਾ ਫੰਡ ਪ੍ਰਤੀ ਸੈਂਟਰ 2000 ਰੁਪਏ, ਬਲਾਕ ਪੱਧਰੀ ਟੂਰਨਾਮੈਂਟ ਲਈ ਪ੍ਰਤੀ ਬਲਾਕ 5000 ਰੁਪਏ ਅਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ ਪ੍ਰਤੀ ਜ਼ਿਲ੍ਹਾ 25000 ਰੁਪਏ ਹੈ, ਪਰ ਹਾਲੇ ਤੱਕ ਇਹ ਜਾਰੀ ਨਹੀਂ ਹੋ ਸਕਿਆ, ਜਦੋਂ ਕਿ ਸਟੇਟ ਪੱਧਰੀ ਖੇਡ ਟੂਰਨਾਮੈਂਟ ਵੀ ਨੇੜੇ ਆ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਟੇਟ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਸਿੱਖਿਆ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਦਲਾਅ ਵਾਲੀ ਸਰਕਾਰ ਨੂੰ ਤਾਂ ਚਾਹੀਦਾ ਸੀ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਨੰਨ੍ਹੇ ਮੁੰਨੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਚੰਗੇ ਖੇਡ ਗਰਾਊਂਡ, ਕਬੱਡੀ ਤੇ ਕੁਸ਼ਤੀਆਂ ਦੀ ਖੇਡ ਲਈ ਆਧੁਨਿਕ ਗੱਦੇ ਅਤੇ ਹੋਰ ਸਮਾਨ ਮਹੱਈਆਂ ਕਰਵਾਵੇ, ਪ੍ਰੰਤੂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਫਿਕਸ ਕੀਤੀ ਨਾ-ਮਾਤਰ ਰਾਸ਼ੀ ਵੀ ਸਮੇਂ ਸਿਰ ਨਾ ਭੇਜ ਕੇ ਬੱਚਿਆਂ ਦੇ ਅਧਿਕਾਰਾਂ ਨੂੰ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਆਪਣੇ ਅਧਿਆਪਕਾਂ ਤੇ ਮਾਣ ਮਹਿਸੂਸ ਕਰਦਿਆ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਕਰਨ ਲਈ ਆਪਣੀ ਹਰ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਿ ਪੰਜਾਬ ਸਰਕਾਰ ਵੱਲੋਂ ਦਿਵਾਲੀ ਤੇ ਵੀ ਰਾਜ ਭਰ ਦੇ ਮੁਲਾਜ਼ਮਾਂ ਨੂੰ ਹਾਲੇ ਤੱਕ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ ਵੱਖ ਜੰਥੇਬੰਦੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਇਸ ਅਹਿਮ ਮੁੱਦਿਆਂ ਵੱਲ ਧਿਆਨ ਨਾ ਦਿੱਤਾ, ਤਾਂ ਰਾਜ ਭਰ ਵਿੱਚ ਉਹ ਇੱਕ ਤਿੱਖਾ ਅੰਦੋਲਨ ਕਰਨਗੇ।

ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਦੇ ਲਏ ਚਾਰ ਸੈਂਪਲਾਂ ਵਿੱਚੋਂ ਤਿੰਨ ਫੇਲ ਆਏ

ਜ਼ਬਤ ਸਾਮਾਨ ਨੂੰ ਨਿਯਮਾਂ ਮੁਤਾਬਿਕ ਨਸ਼ਟ ਕੀਤਾ ਜਾਵੇਗਾ - ਫੂਡ ਸੇਫਟੀ ਇਸਪੈਕਟਰ

ਮੋਗਾ, 10 ਨਵੰਬਰ (  ਜਸਵਿੰਦਰ ਸਿੰਘ ਰੱਖਰਾ) - ਸਿਹਤ ਵਿਭਾਗ ਮੋਗਾ ਵੱਲੋਂ ਬੀਤੇ ਦਿਨੀਂ ਸਥਾਨਕ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਤੋਂ ਲਏ ਚਾਰ ਸੈਂਪਲਾਂ ਵਿੱਚੋਂ ਤਿੰਨ ਫੇਲ ਹੋਏ ਹਨ। ਜਦਕਿ ਇਕ ਸੈਂਪਲ ਪਾਸ ਹੋ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਇਸਪੈਕਟਰ ਯੋਗੇਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਉਕਤ ਪਤੀਸਾ ਫੈਕਟਰੀ ਤੋਂ ਖੋਇਆ ਬਰਫੀ, ਮਿਲਕ ਕੇਕ ਅਤੇ ਪਤੀਸਾ ਦੇ ਚਾਰ ਸੈਂਪਲ ਲਏ ਸਨ। ਜਿੰਨਾ ਵਿੱਚੋਂ ਖੋਇਆ ਬਰਫੀ, ਮਿਲਕ ਕੇਕ ਦੇ ਤਿੰਨ ਸੈਂਪਲ ਫੇਲ ਹੋਏ ਹਨ ਜਦਕਿ ਪਤੀਸੇ ਦਾ ਸੈਂਪਲ ਪਾਸ ਹੋਇਆ ਹੈ। ਉਹਨਾਂ ਕਿਹਾ ਕਿ ਜੋ ਮਟੀਰੀਆਲ ਸੀਜ਼ ਕੀਤਾ ਗਿਆ ਸੀ ਉਸਨੂੰ ਜਲਦੀ ਹੀ ਨਿਯਮਾਂ ਤਹਿਤ ਨਸ਼ਟ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਇਕ ਗੁਪਤ ਸੂਚਨਾ ਦੇ ਅਧਾਰ ਉਤੇ ਖੁਦ ਮੋਗਾ ਦੀ ਮਸ਼ਹੂਰ ਲਕਸ਼ਮੀ ਪਤੀਸਾ ਫੈਕਟਰੀ ਜਾ ਕੇ ਚੈਕਿੰਗ ਕੀਤੀ ਸੀ। ਸਿਵਲ ਸਰਜਨ ਨੇ ਫੂਡ ਇਸਪੈਕਟਰ ਯੋਗੇਸ਼ ਗੋਇਲ ਸਮੇਤ ਟੀਮ ਨੂੰ ਬੁਲਾ ਕੇ ਮੌਕੇ ਉੱਤੇ ਜੋਧਪੁਰ ਤੇ ਅਬੋਹਰ ਤੋਂ ਆਇਆ ਸ਼ੱਕੀ ਮਿਲਾਵਟੀ ਮਿਲਕ ਕੇਕ 1392 ਕਿੱਲੋ, ਖੋਇਆ ਬਰਫੀ 255 ਕਿਲੋ, ਪਤੀਸੇ ਸਮੇਤ 4 ਸੈਂਪਲ ਲਏ ਗਏ ਸਨ। ਕੁੱਲ 1647 ਕਿੱਲੋ ਖਾਣ ਪੀਣ ਵਾਲਾ ਸ਼ੱਕੀ ਮਾਲ ਸੀਜਰ ਕੀਤਾ ਗਿਆ ਸੀ।
ਫੂਡ ਸੇਫਟੀ ਇਸਪੈਕਟਰ ਯੋਗੇਸ਼ ਗੋਇਲ ਨੇ ਸਮੂਹ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈ ਅਤੇ ਹੋਰ ਖਾਧ ਪਦਾਰਥ ਖਰੀਦਣ ਵੇਲੇ ਗੁਣਵੱਤਾ ਵੱਲ ਜ਼ਰੂਰ ਧਿਆਨ ਦੇਣ। ਜੇਕਰ ਉਹਨਾਂ ਨੂੰ ਕੋਈ ਮਿਲਾਵਟ ਬਾਰੇ ਸ਼ੱਕ ਪੈਂਦਾ ਹੈ ਤਾਂ ਤੁਰੰਤ ਫੂਡ ਸੇਫਟੀ ਟੀਮ ਜਾਂ ਸਿੱਧਾ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਉਣ। ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮੁਨਾਫ਼ੇ ਲਈ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।

ਪਰਾਲੀ ਸਾੜਨ ‘ਤੇ ਕਿਸਾਨਾਂ ’ਤੇ ਧੜਾਧੜ ਕੀਤੇ ਜਾ ਦਰਜ ਪਰਚਿਆ ਦੀ ਕੀਤੀ ਨਿਖੇਧੀ

ਕਿਸਾਨ ਬੋਲੇ - ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ, ਕੋਈ ਸੌਂਕ ਨਹੀਂ
ਧਰਮਕੋਟ, 10 ਨਵੰਬਰ( (ਜਸਵਿੰਦਰ  ਸਿੰਘ  ਰੱਖਰਾ)-
ਇੰਡੀਅਨ ਫਾਰਮਰ ਐਸੋਸੀਏਸ਼ਨ ਸਤਨਾਮ ਸਿੰਘ ਬਹਿਰੂ ਦੀ ਮੀਟਿੰਗ ਪਿੰਡ ਦਬੁਰਗੀ ਵਿਖੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇਲਾਕੇ ਦੇ ਅਨੇਕਾ ਕਿਸਾਨ ਸ਼ਾਮਲ ਹੋਏ ਅਤੇ ਕਈ ਅਹਿਮ ਮੁੱਦੇ ਵਿਚਾਰੇ ਗਏ। ਜਥੇਬੰਦੀ ਨੇ ਕਿਹਾ ਕਿ ਪਰਾਲੀ ਸਾੜਨ ’ਤੇ ਜੋ ਕਿਸਾਨਾਂ ’ਤੇ ਪਰਚੇ ਕੀਤੇ ਜਾ ਰਹੇ ਹਨ ਉਹ ਸਰਾਸਰ ਗਲਤ ਅਤੇ ਨਿੰਦਣਯੋਗ ਹਨ। ਪਰਾਲੀ ਦੀ ਸਾਂਭ ਸੰਭਾਲ ਵਾਸਤੇ ਪੰਜਾਬ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਅਤੇ ਪਿੰਡਾਂ ਦੀਆਂ ਸੁਸਾਇਟੀ ਨੂੰ ਕੋਈ ਸੰਦ ਨਹੀਂ ਦਿੱਤੇ। ਜੇਕਰ ਕਿਸੇ ਪਿੰਡ ਵਿਚ ਇੱਕਾ ਦੁੱਕਾ ਮਸ਼ੀਨ ਹੈ ਤਾਂ 15-15 ਦਿਨ ਖੇਤਾਂ ਨੂੰ ਖਾਲੀ ਨਹੀਂ ਕਰਦੇ, ਜਿਸ ਕਾਰਣ ਦੀ ਬੀਜਾਈ ਲੇਟ ਹੋ ਰਹੀ ਹੈ। ਇਸ ਕਰ ਕੇ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ, ਕੋਈ ਸੌਂਕ ਨਹੀਂ ਹੈ। ਜ਼ਿਆਦਾ ਧੂੰਆਂ ਹੋਣ ਦੇ ਕਾਰਨ ਸਰਕਾਰ ਵੱਲੋਂ ਝੋਨੇ ਦੀ ਲਵਾਈ ਦੀ ਤਾਰੀਕ ਲੇਟ ਕਰਨਾ ਹੈ। ਮੌਸਮ ਬਦਲਣ ਕਰ ਕੇ ਪਰਾਲੀ ਸ਼ੁੱਕ ਨਹੀਂ ਰਹੀ। ਦੂਜੇ ਪਾਸੇ ਝੋਨੇ ਦਾ ਮੁਕਚਰ ਬਹੁਤ ਆ ਰਿਹਾ ਹੈ। ਆੜਤੀਏ ਕਿਸਾਨ ਕਿਸਾਨਾਂ ਤੋਂ ਝੋਨੇ ਦੀ ਮੋਟੀ ਕਾਟ ਲੈ ਰਹੇ ਹਨ। ਕਿਸਾਨਾਂ ਦੀ ਲੁੱਟ ਹੋ ਹੀ ਹੈ, ਪਰ ਇਸ ਪਾਸੇ ਵੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਸਗੋਂ ਪਰਾਲੀ ਦੇ ਬਹਾਨੇ ਬਣਾ ਕੇ ਖੇਤੀ ਕਾਰਪੋਰੇਟ ਘਰਾਣਿਆਂ ਨੂੰ ਪਰਮੋਟ ਕਰ ਰਹੀ ਹੈ ਅਤੇ ਖੇਤਾਂ ਨੂੰ ਕਾਰਪੋਰੇਟਾਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਦੁਕਾਨਦਾਰ ਅਤੇ ਫੈਕਟਰੀ ਡੀਏਪੀ ਦੇ ਨਾਲ ਵਾਧੂ ਸਮਾਨ ਨੈਨੋ ਯੂਰੀਆ ਆਦਿ ਦੇ ਕੇ ਕਿਸਾਨਾਂ ਨੂੰ ਲੁੱਟ ਰਹੇ ਹਨ। ਸਰਕਾਰ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਵੱਲ ਧਿਆਨ ਦੇਵੇ। ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਵਿਚ ਹਨ ਅਤੇ ਸਰਕਾਰ ਕਿਸਾਨਾਂ ’ਤੇ ਪਰਚੇ ਆਦਿ ਕਰ ਕੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਨਾ ਕਰੇ। ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਗੁਰਸ਼ਰਨ ਸਿੰਘ ਕਾਹਲੋ, ਜ਼ਿਲਾ ਮੀਤ ਪ੍ਰਧਾਨ ਪਰਮਜੀਤ ਸਿੰਘ ਬੱਡੂਵਾਲ, ਖਜਾਨਚੀ ਪਰਸਨ ਸਿੰਘ, ਭਜ਼ਨ ਸਿੰਘ, ਜਸਵੀਰ ਸਿੰਘ, ਬਲਕਾਰ ਸਿੰਘ, ਪਿੱਪਲ  ਸਿੰਘ, ਨਿਰਵੈਰ ਸਿੰਘ, ਪਲਵਿੰਦਰ ਸਿੰਘ, ਚਰਨ ਸਿੰਘ, ਗੁਰਸ਼ਰਨ ਸਿੰਘ, ਡਾ .ਬਲਵਿੰਦਰ ਸਿੰਘ, ਗੁਰਲਾਲ ਸਿੰਘ ਆਦਿ ਸ਼ਾਮਲ ਹੋਏ।

ਆਰੀਆ ਕਾਲਜ ਗਰਲਜ਼  'ਚ 'ਦੀਵਾਲੀ ਮੇਲਾ' ਮਨਾਇਆ 

ਲੁਧਿਆਣਾ, 9 ਨਵੰਬਰ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ ਵਿੱਚ  ਦੀਵਾਲੀ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਦੇ ਇਸ ਮੇਲੇ ਦੀ ਸ਼ੁਰੂਆਤ ਪਵਿੱਤਰ ਜੋਤ ਜਗਾਉਣ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮਨੋਰੰਜਕ ਪੇਸ਼ਕਾਰੀਆਂ ਦਿੱਤੀਆਂ। ਜਿਸ ਵਿੱਚ ਕ੍ਰਿਸ਼ਨ ਡਾਂਸ, ਗਰੁੱਪ ਡਾਂਸ ਅਤੇ ਮਾਡਲਿੰਗ ਵਿਸ਼ੇਸ਼ ਰਹੀ। ਦੀਵਾਲੀ ਮੇਲੇ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਲਗਾਏ ਗਏ ਵੱਖ-ਵੱਖ ਖਾਣ-ਪੀਣ ਦੇ ਸਟਾਲ ਸਨ। ਇਨ੍ਹਾਂ ਸਟਾਲਾਂ ਨੇ ਮੇਲੇ ਦੀ ਰੌਣਕ ਵਧਾ ਦਿੱਤੀ। ਵੱਖ-ਵੱਖ ਪੇਸ਼ਕਾਰੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ 
ਸਨਮਾਨਿਤ ਕੀਤਾ ਗਿਆ। ਬੀ.ਏ ਪਹਿਲੇ ਸਾਲ ਦੀ ਵਿਦਿਆਰਥਣ ਚਾਹਤ ਨੂੰ ਮਿਸ ਦੀਵਾ ਦਾ ਤਾਜ ਪਹਿਨਾਇਆ ਗਿਆ। ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਪਿ੍ੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਦੇ ਕਲਾਤਮਕ ਹੁਨਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅਜਿਹੇ ਸਮਾਗਮਾਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਅੰਤ ਵਿੱਚ ਕਾਲਜ ਇੰਚਾਰਜ ਪ੍ਰਿੰਸੀਪਲ ਡਾ: ਮਮਤਾ ਕੋਹਲੀ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ  ਅਤੇ ਉਨ੍ਹਾਂ ਨੂੰ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸੰਭਾਲਣ ਲਈ ਕਿਹਾ।

ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ ਪ੍ਰਦਰਸ਼ਨੀ ਅਤੇ ਵਿਕਰੀ ਮੇਲਾ 

ਲੁਧਿਆਣਾ, 9 ਨਵੰਬਰ (ਟੀ. ਕੇ. ) - ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਵੱਲੋਂ  ਦੋ ਦਿਨਾ ਪ੍ਰਦਰਸ਼ਨੀ ਅਤੇ ਵਿਕਰੀ ਮੇਲੇ ਲਗਾਇਆ ਗਿਆ, ਜਿੱਥੇ ਸਿਖਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਦੀਵਾਲੀ ਦੇ ਤਿਉਹਾਰ ਨਾਲ ਸਬੰਧਤ ਵਸਤੂਆਂ ਨੂੰ ਪ੍ਰਦਰਸ਼ਨੀ ਅਤੇ ਵਿਕਰੀ ਲਈ ਲਗਾਇਆ ਗਿਆ।

ਮੇਲੇ ਦੌਰਾਨ ਸ਼ਹਿਰ ਦੇ ਲੋਕਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਜਿਨ੍ਹਾ ਦਿਵਿਆਂਗ ਸਿਖਿਆਰਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਹੌਸਲਾ ਅਫਜਾਈ ਵੀ ਕੀਤੀ।

ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ੍ਰੀ ਆਸ਼ੀਸ਼ ਕੁੱਲੂ ਨੇ ਦੱਸਿਆ ਕਿ ਸੈਂਟਰ ਅਤੇ ਦਿਵਿਆਂਗ ਸਿਖਿਆਰਥੀਆਂ ਦੇ ਉਪਰਾਲਿਆਂ ਬਾਰੇ ਸਹਿਰ ਵਾਸੀਆਂ ਨੂੰ ਜਾਣੂ ਕਰਵਾਉਣ ਕਰਵਾਉਣ ਦੇ ਮੰਤਵ ਨਾਲ ਇਸ ਮੇਲਾ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਆਯੋਜਨ ਕੀਤੇ ਜਾਣਗੇ ਤਾਂ ਜੋ ਦਿਵਿਆਂਗ ਸਿਖਿਆਰਥੀਆਂ ਦਾ ਮਨੋਬਲ ਵੱਧਣ ਦੇ ਨਾਲ-ਨਾਲ ਉਹ ਸਮਾਜਿਕ ਤੌਰ 'ਤੇ ਵੀ ਸਵੈਮਾਣ ਨਾਲ ਆਪਣਾ ਜੀਵਨ ਵਸਰ ਕਰ ਸਕਣ।

ਜ਼ਿਕਰਯੋਗ ਹੈ ਕਿ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ (ਅੰਗਹੀਣਾਂ ਲਈ) ਲੁਧਿਆਣਾ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ 1973 ਤੋਂ ਅਪਾਹਜ ਲੋਕਾਂ ਦੀ ਸਿਖਲਾਈ ਅਤੇ ਰੁਜ਼ਗਾਰ ਲਈ ਸਥਾਪਿਤ ਕੀਤੀ ਗਈ ਇੱਕ ਪ੍ਰਸਿੱਧ ਸੰਸਥਾ ਹੈ। ਇਹ ਕੇਂਦਰ ਰੁਜ਼ਗਾਰ ਰਜਿਸਟਰੇਸ਼ਨ ਪ੍ਰਦਾਨ ਕਰਦਾ ਹੈ, ਅਪਾਹਜ ਲੋਕਾਂ ਨੂੰ ਸਵੈ-ਰੁਜ਼ਗਾਰ, ਕਿੱਤਾਮੁਖੀ ਸਿਖਲਾਈ ਦਿੰਦਾ ਹੈ ਜਿਸ ਨਾਲ ਉਹ ਸਿਖਲਾਈ ਦੁਆਰਾ ਹੁਨਰ ਵਿਕਾਸ ਅਤੇ ਪੇਸ਼ੇਵਰ ਮਾਰਗਦਰਸ਼ਨ ਸੇਵਾਵਾਂ ਹਾਸਲ ਕਰਕੇ ਆਤਮ ਨਿਰਭਰ ਬਣਦੇ ਹਨ।

ਕੇਂਦਰੀ ਸੰਚਾਰ ਬਿਊਰੋ ਦੀ ਪ੍ਰਦਰਸ਼ਨੀ ਦੇ ਦੂਜੇ ਦਿਨ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਕੀਤਾ ਜਾਗਰੂਕ 

ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ 

ਲੁਧਿਆਣਾ, 9 ਨਵੰਬਰ (ਟੀ. ਕੇ.) ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ '9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ’ ਵਿਸ਼ੇ ’ਤੇ ਲਗਾਈ ਗਈ ਤਿੰਨ ਦਿਨਾ ਫੋਟੋ ਪ੍ਰਦਰਸ਼ਨੀ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ ਗਿਆ। ਲੋਕਤੰਤਰ ਦੀ ਖੁਸ਼ਹਾਲੀ ਲਈ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਸਮਾਗਮ ਦੌਰਾਨ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।


ਇਹ ਪ੍ਰਦਰਸ਼ਨੀ, ਜਿਹੜੀ ਪਿਛਲੇ ਸਾਲਾਂ ਦੌਰਾਨ ਭਾਰਤ ਵੱਲੋਂ ਵੱਖ-ਵੱਖ ਖੇਤਰਾਂ ਚ ਕੀਤੀ ਗਈ ਤਰੱਕੀ ਨੂੰ ਦਰਸਾਉਂਦੀ ਹੈ। ਨੌਜਵਾਨਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਜਾਣਕਾਰੀ ਦਾ ਭੰਡਾਰ ਹੈ।
ਅੱਜ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਐਜੂਕੇਸ਼ਨ ਸੈੱਲ ਦੇ ਅਧਿਕਾਰੀ ਹੈੱਡ ਕਾਂਸਟੇਬਲ ਜਸਬੀਰ ਸਿੰਘ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਚਲਦਿਆਂ ਸਰੀਰ ਨੂੰ ਸੱਟ-ਫੇਟ ਲੱਗਣ ਦੇ ਖ਼ਤਰੇ ਸਮੇਤ ਕਾਨੂੰਨੀ ਪੇਸ਼ਗੀਆਂ ਚ ਫਸਣ ਬਾਰੇ ਵਿਸਥਾਰ ਚ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਚਲਦਿਆਂ ਪੰਜਾਬ ਸਮੇਤ ਦੇਸ਼ ਭਰ ਚ ਰੋਜ਼ਾਨਾ ਸੈਂਕੜੇ ਲੋਕ ਮੌਤ ਹੋ ਜਾਂਦੀ ਏ, ਉੱਥੇ ਜਿਨ੍ਹਾਂ ਨੌਜਵਾਨਾਂ ਕੋਲ ਘੱਟ ਉਮਰ ਕਾਰਨ ਜਾਂ ਵੈਸੇ ਹੀ ਲਾਇਸੰਸ ਨਹੀਂ ਹੁੰਦਾ, ਉਹਨਾਂ ਨੂੰ ਕਿਸੇ ਦੁਰਘਟਨਾ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਵੇਲੇ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਦਾ  ਸਾਹਮਣਾ ਕਰਨਾ ਪੈਂਦਾ ਏ।
ਵੋਟਰ ਜਾਗਰੂਕਤਾ ਸਬੰਧੀ ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਆਪਣੀਆਂ ਪਹਿਲਾਂ ਤੋਂ ਬਣੀਆਂ ਵੋਟਾਂ ਵਿੱਚ ਕਿਸੇ ਤਰ੍ਹਾਂ ਦੀ ਗਲ਼ਤੀ ਦੀ ਸੁਧਾਈ ਕਰਵਾਉਣ ਅਤੇ ਨੌਜਵਾਨਾਂ ਨੂੰ ਆਪਣੀ ਨਵੀਂ ਵੋਟ ਬਣਾਉਣ ਦੇ ਆਨਲਾਈਨ ਤਰੀਕਿਆਂ ਬਾਰੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਹਰਨੂਰ ਕੌਰ ਅਤੇ ਜਗਦੀਪ ਸਿੰਘ ਵੱਲੋਂ ਜਾਗਰੂਕ ਕੀਤਾ ਗਿਆ।
ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫਸਰ ਵੀਰਪਾਲ ਕੌਰ ਨੇ ਵੀ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ रिंकी ਨੇ ਘਰੇਲੂ ਗੈਸ ਦੇ ਸੁਰੱਖਿਅਤ ਸੰਚਾਲਨ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਦਾ ਸੰਚਾਲਨ ਬਿਊਰੋ ਦੇ ਖੇਤਰੀ ਸਹਾਇਕ ਗੁਰਕਮਲ ਸਿੰਘ ਨੇ ਕੀਤਾ। ਮਗਰੋਂ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਜਸਵਿੰਦਰ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਆਪਣੀ ਅਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਨੂੰ ਹਰ ਕੰਮ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ।

ਕੱਲ੍ਹ ਪ੍ਰਦਰਸ਼ਨੀ ਦੇ ਆਖਰੀ ਦਿਨ ਭਾਰਤ ਸਰਕਾਰ ਦੀ ਉੱਜਵਲਾ ਸਕੀਮ ਤਹਿਤ ਗੈਸ ਕੁਨੈਕਸ਼ਨ ਵੰਡੇ ਜਾਣਗੇ ਅਤੇ ਵਿਦਿਆਰਥੀਆਂ ਦੇ ਡਰਾਇੰਗ ਅਤੇ ਕਵਿਜ਼ ਮੁਕਾਬਲੇ ਵੀ ਕਰਵਾਏ ਜਾਣਗੇ।

ਪ੍ਰਸ਼ਾਸਨ ਵਲੋਂ ਪਰਾਲੀ ਸਾੜਨ ਵਿਰੁੱਧ ਵਿੱਢੀ ਮੁਹਿੰਮ 'ਚ ਲਿਆਂਦੀ ਹੋਰ ਤੇਜ਼ੀ, ਵੱਖ-ਵੱਖ ਟੀਮਾਂ ਖੇਤਾਂ ਦੀ ਅੱਗ ਬੁਝਾਉਣ ਲਈ ਮੌਕੇ 'ਤੇ ਡਟੀਆਂ

ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ 'ਤੇ ਕੀਤੇ ਜਾ ਰਹੇ ਦੌਰੇ
ਲੁਧਿਆਣਾ, 9 ਨਵੰਬਰ (ਟੀ. ਕੇ. ) -
ਪਰਾਲੀ ਸਾੜਨ ਦੀਆਂ ਘਟਨਾਵਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਿੱਥੇ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਖੇਤਾਂ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ।

ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨਾਲ ਮੌਕੇ 'ਤੇ ਪਹੁੰਚ ਕੇ ਹਵਾ ਪ੍ਰਦੂਸ਼ਣ ਦੀ ਰੋਕਥਾਮ ਦੇ ਉਪਾਅ ਵਜੋਂ ਅੱਗ 'ਤੇ ਕਾਬੂ ਪਾਇਆ। ਇਸੇ ਤਰ੍ਹਾਂ, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਈ ਮਾਮਲਿਆਂ ਵਿੱਚ ਵਾਤਾਵਰਨ ਮੁਆਵਜ਼ਾ ਵੀ ਲਗਾਇਆ ਗਿਆ ਸੀ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਪਿਰਤ ਨੂੰ ਨੱਥ ਪਾਉਣ ਲਈ ਬਹੁਪੱਖੀ ਰਣਨੀਤੀ ਅਪਣਾਈ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਉਪ ਮੰਡਲ ਮੈਜਿਸਟ੍ਰੇਟ ਆਪਣੇ ਸਬੰਧਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਨਿਯਮਤ ਤੌਰ 'ਤੇ ਖੇਤਾਂ ਦਾ ਦੌਰਾ ਕਰ ਰਹੇ ਹਨ, ਜਦਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਰੁੱਧ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਅਜਿਹੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਸਮੁੱਚੇ ਜ਼ਿਲ੍ਹੇ ਵਿੱਚ ਕਲੱਸਟਰ ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਜੋ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਨੂੰ ਵੀ ਯਕੀਨੀ ਬਣਾਉਣਗੇ।

ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਜਾਣਕਾਰੀ ਲੈਣ ਉਪਰੰਤ ਵਿਸ਼ੇਸ਼ ਟੀਮਾਂ ਨੇ ਅੱਜ ਪਿੰਡ ਕਮਾਲਪੁਰ, ਮਲੌਦ, ਅਸੀਨ ਕਲਾਂ, ਸਿੱਧੂਪੁਰ, ਗੋਪਾਲਪੁਰ, ਖੰਨਾ, ਰਾਏਕੋਟ, ਢੈਪਈ, ਰਸੂਲਪੁਰ ਜੰਡੀ, ਰਾਓਵਾਲ, ਮਦਾਰਪੁਰਾ, ਆਸੀ ਕਲਾਂ, ਮੰਡ ਸ਼ੇਰੀਆਂ, ਸੁਧਾਰ, ਰਾਏਕੋਟ ਸਮੇਤ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਟੀਮਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਜਦਕਿ ਇਨਫੋਰਸਮੈਂਟ ਟੀਮਾਂ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੇ ਪਿੰਡਾਂ ਵਿੱਚ ਜਨਤਕ ਮੁਨਿਆਦੀ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਲਗਾਤਾਰ ਮੀਟਿੰਗਾਂ ਵੀ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਸਪੱਸ਼ਟ ਤੌਰ 'ਤੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਜਿਸਦੇ ਤਹਿਤ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਾਂਝੇ ਤੌਰ 'ਤੇ ਮਿਸ਼ਨ 'ਤੇ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੰਬਾਈਨ ਅਪਰੇਟਰਾਂ ਨੂੰ ਵਾਢੀ ਦੇ ਕੰਮ ਨੂੰ ਅੰਜਾਮ ਦੇਣ ਲਈ ਆਪਣੀਆਂ ਕੰਬਾਈਨਾਂ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਜੋੜਨਾ ਲਾਜ਼ਮੀ ਹੈ ਜਿਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਜਾਵੇਗੀ, ਭਾਰੀ ਜੁਰਮਾਨੇ ਕੀਤੇ ਜਾਣਗੇ ਅਤੇ ਕੰਬਾਈਨਾਂ ਨੂੰ ਜ਼ਬਤ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਨੰਬਰਦਾਰਾਂ ਨੂੰ ਸਬੰਧਤ ਖੇਤਰਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ ਅਤੇ ਜੇਕਰ ਕਿਸੇ ਵੀ ਕਿਸਮ ਦਾ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਮਸ਼ਰੂਮ ਕੰਪੋਸਟਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ

ਲੁਧਿਆਣਾ 9 ਨਵੰਬਰ(ਟੀ. ਕੇ.) ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਲੋਂ  ਡਾ. ਐਚ.ਐਸ. ਗਰਚਾ ਮਸ਼ਰੂਮ ਲੈਬਾਰਟਰੀਜ਼, ਮਾਈਕਰੋਬਾਇਓਲੋਜੀ ਵਿਭਾਗ ਵਿਚ ਮਸ਼ਰੂਮ ਕੰਪੋਸਟਿੰਗ ਯੂਨਿਟ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ । ਇਸ ਸਮਾਗਮ ਵਿੱਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਕਿ ਸਾਇੰਸ ਕਾਲਜ ਦੇ ਡੀਨ ਡਾ: ਸ਼ੰਮੀ ਕਪੂਰ,  ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ.ਪੀ.ਕੇ.ਛੁਨੇਜਾ, ਬਾਗਬਾਨੀ ਕਾਲਜ ਦੇ ਡੀਨ ਡਾ. ਮਾਨਵਇੰਦਰਾ ਸਿੰਘ ਗਿੱਲਅਤੇ ਜੰਗਲਾਤ ਕਾਲਜ, ਖੇਤੀਬਾੜੀ ਕਾਲਜ ਦੇ ਡੀਨ ਡਾ.ਚਰਨਜੀਤ ਸਿੰਘ ਔਲਖ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ.ਮਨਜੀਤ ਸਿੰਘ, ਕਮਿਊਨਿਟੀ ਸਾਇੰਸਜ ਕਾਲਜ ਡਾ: ਕਿਰਨ ਬੈਂਸ, ਲਾਇਬ੍ਰੇਰੀਅਨ ਡਾ: ਯੋਗਿਤਾ ਸ਼ਰਮਾ, ਹੋਰ ਉੱਚ ਅਧਿਕਾਰੀ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ । ਇਸ ਤੋਂ ਇਲਾਵਾ ਸਾਬਕਾ ਰਜਿਸਟਰਾਰ ਡਾ.ਪੀ.ਕੇ. ਖੰਨਾ , ਡਾ.ਆਰ.ਪੀ. ਫੁਟੇਲਾ,ਸਾਬਕਾ ਸੀਨੀਅਰ ਮਾਈਕਰੋਬਾਇਓਲੋਜਿਸਟ ਅਤੇ ਡਾ ਐਚ.ਐਸ.ਸੋਢੀ ਸਾਬਕਾ ਪ੍ਰਿੰਸੀਪਲ ਮਾਈਕੋਲੋਜਿਸਟ ਨੇ ਵੀ ਸ਼ਿਰਕਤ ਕੀਤੀ। ਮਾਈਕ੍ਰੋਬਾਇਓਲੋਜੀ ਵਿਭਾਗ ਦੇ ਮੁਖੀ ਡਾ.ਜੀ.ਐਸ. ਕੋਚਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਸਾਰੇ ਜਾ ਰਹੇ ਮਸ਼ਰੂਮ ਕੰਪੋਸਟਿੰਗ ਯੂਨਿਟ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਇਸ ਮੌਕੇ 'ਤੇ ਬੋਲਦਿਆਂ ਮੁੱਖ ਮਹਿਮਾਨ ਡਾ: ਸਤਿਬੀਰ ਸਿੰਘ ਗੋਸਲ ਨੇ ਬਾਇਓਤਕਨਾਲੋਜੀ ਖਾਸ ਕਰਕੇ ਕਰਿਸਪਰ-ਸੀਏਐਸ ਦੀ ਵਰਤੋਂ ਕਰਦੇ ਹੋਏ ਖੁੰਬਾਂ ਦੇ ਗਰਮੀ ਪ੍ਰਤੀ ਅਤੇ ਬਿਮਾਰੀਆਂ ਬਾਰੇ ਸਹਿਣਸ਼ੀਲ ਕਿਸਮਾਂ ਦੇ ਵਿਕਾਸ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਖੁੰਬਾਂ ਦੇ ਉਤਪਾਦਨ ਦੀਆਂ ਨਵੀਆਂ ਤਕਨੀਕਾਂ ਵਿਕਸਿਤ ਕਰਨ ਅਤੇ ਇਸ ਦੇ ਪਸਾਰ 'ਤੇ ਜ਼ੋਰ ਦਿੱਤਾ। ਮਾਈਕਰੋਬਾਇਓਲੋਜੀ ਵਿਭਾਗ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਾਮਨਾ ਕੀਤੀ ਕਿ ਇਹ ਮਸ਼ਰੂਮ ਕੰਪੋਸਟਿੰਗ ਯੂਨਿਟ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਕੰਪੋਸਟ ਮੁਹੱਈਆ ਕਰਵਾਏਗਾ ਜਿਸ ਨਾਲ ਪੰਜਾਬ ਵਿੱਚ ਖੁੰਬਾਂ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ। 

ਡਾ. ਸ਼ੰਮੀ ਕਪੂਰ ਨੇ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਮਸ਼ਰੂਮ ਖੋਜ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਵਿਕਾਸ ਬਾਰੇ ਦੱਸਿਆ। ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਇੱਕ ਲਾਭਦਾਇਕ ਸਹਾਇਕ ਕਿੱਤਾ ਹੈ ਅਤੇ ਇਸ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੀ ਸਮਰੱਥਾ ਹੈ।

ਡਾ.ਜੀ.ਪੀ.ਐਸ. ਸੋਢੀ ਨੇ ਕਿਸਾਨਾਂ ਵਿੱਚ ਮਸ਼ਰੂਮ ਕੰਪੋਸਟ ਮਸ਼ਰੂਮ ਦੇ ਰੈਡੀ ਟੂ ਫਰੂਟ ਬੈਗ ਦੀ ਪ੍ਰਸਿੱਧੀ ਬਾਰੇ ਚਾਨਣਾ ਪਾਇਆ ਅਤੇ ਉਮੀਦ ਪ੍ਰਗਟਾਈ ਕਿ ਇਹ ਨਵੀਂ ਬਣੀ ਮਸ਼ਰੂਮ ਕੰਪੋਸਟਿੰਗ ਯੂਨਿਟ ਪੰਜਾਬ ਦੇ ਕਿਸਾਨਾਂ ਨੂੰ ਮਿਆਰੀ ਖਾਦ ਦੀ ਸਪਲਾਈ ਵਿੱਚ ਸੁਧਾਰ ਕਰੇਗੀ। 

ਅੰਤ ਵਿੱਚ, ਡਾ: ਸ਼ਿਵਾਨੀ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ: ਜਸਪ੍ਰੀਤ ਕੌਰ ਨੇ ਕੀਤਾ।

ਪੀ ਏ ਯੂ ਦਾ ਯੁਵਕ ਮੇਲਾ ਸੱਭਿਆਚਾਰਕ ਰੰਗ ਬਿਖੇਰਦਾ ਸਮਾਪਤ ਹੋਇਆ

ਵਿਦਿਆਰਥੀਆਂ ਨੇ ਸ਼ਾਨਦਾਰ  ਪੇਸ਼ਕਾਰੀਆਂ ਰਾਹੀਂ ਸਮਾਜਕ ਕੁਰੀਤੀਆਂ ਉੱਪਰ ਪਾਇਆ ਚਾਨਣਾ 

ਲੁਧਿਆਣਾ 9 ਨਵੰਬਰ(ਟੀ. ਕੇ.) ਪੀ ਏ ਯੂ ਵਿਚ ਬੀਤੇ ਦਿਨਾਂ ਤੋਂ ਜਾਰੀ ਯੁਵਕ ਮੇਲਾ ਅੱਜ ਅਭੁੱਲ ਯਾਦਾਂ ਸਿਰਜਦਾ ਆਪਣੇ ਸਿਖ਼ਰ ਤੇ ਪੁੱਜ ਗਿਆ। ਅੱਜ ਇਸ ਮੇਲੇ ਦੇ ਆਖਰੀ ਦਿਨ ਕਲਾਤਮਕ ਤੇ ਲੋਕ ਨਾਚਾਂ ਦਾ ਭਰਪੂਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗਿੱਧੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਨੇ ਪੂਰੇ ਕੈਂਪਸ ਨੂੰ ਲੋਕ ਰੰਗ ਵਿਚ ਰੰਗ ਦਿੱਤਾ। ਅੱਜ ਦੇ ਇਸ ਦਿਨ ਦੇ ਮੁੱਖ ਮਹਿਮਾਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ ਮਨਦੀਪ ਸਿੰਘ ਸਿੱਧੂ ਸਨ।  ਉਨ੍ਹਾਂ ਨਾਲ ਮੈਡਮ ਧਨਪ੍ਰੀਤ ਕੌਰ ਆਈ ਪੀ ਐਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਰਹੇ।

ਸ ਮਨਦੀਪ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਪੀ ਏ ਯੂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਰੰਗ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਦੇਸ਼ ਲਈ ਭਰਪੂਰ ਅਨਾਜ ਹੀ ਪੈਦਾ ਨਹੀਂ ਕੀਤਾ ਬਲਕਿ ਪੰਜਾਬ ਨੂੰ ਬੜੇ ਉੱਚੇ ਕੱਦ ਦੇ ਕਲਾਕਾਰ ਵੀ ਦਿੱਤੇ ਹਨ। ਸ ਸਿੱਧੂ ਨੇ ਅਜੋਕੇ ਦੌਰ ਵਿਚ ਵਿਦਿਆਰਥੀਆਂ ਵਿਚ ਕਲਾਤਮਕ ਅਤੇ ਅਕਾਦਮਿਕ ਰੁਚੀਆਂ ਦਾ ਸੁਮੇਲ ਹੋਣ ਨੂੰ ਜ਼ਰੂਰੀ ਕਿਹਾ। ਉਨ੍ਹਾਂ ਅਨੁਸਾਰ ਮਨੁੱਖ ਦੇ ਸਰਬਪੱਖੀ ਵਿਕਾਸ ਲਈ ਉਸਦਾ ਇਨ੍ਹਾਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਲਾਜ਼ਮੀ ਹੈ। ਸ ਸਿੱਧੂ ਨੇ ਕਿਹਾ ਕਿ ਜਿੱਤ ਹਾਰ ਦੀ ਭਾਵਨਾ ਵੀ ਸ਼ਖ਼ਸੀ ਵਿਕਾਸ ਨੂੰ ਹੁਲਾਰਾ ਦੇਣ ਤਕ ਰਹਿਣੀ ਚਾਹੀਦੀ ਹੈ ਨਾ ਕਿ ਇਸਨੂੰ ਨਿੱਜੀ ਹਉਂਮੈਂ ਦਾ ਕੋਈ ਮਸਲਾ ਬਣਾਇਆ ਜਾਵੇ। ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਅੱਜ ਦੇ ਵਿਦਿਆਰਥੀ ਆਪਣੇ ਵਿਰਸੇ ਬਾਰੇ ਜਾਗਰੂਕ ਹਨ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਰਸੇ ਤੇ ਵਾਤਾਵਰਨ ਦੀ ਸੰਭਾਲ ਅੱਜ ਦੇ ਸਭ ਤੋਂ ਉਭਰਵੇਂ ਮੁੱਦੇ ਹਨ। ਡਾ ਗੋਸਲ ਨੇ ਲੋਕ ਕਲਾਵਾਂ ਨਾਲ ਜੁੜਨ ਵਾਲੇ ਕਲਾਕਾਰਾਂ ਨੂੰ ਕਿਸੇ ਕੌਮ ਦਾ ਅਨਮੋਲ ਸਰਮਾਇਆ ਕਿਹਾ ਤੇ ਆਸ ਪ੍ਰਗਟ ਕੀਤੀ ਕਿ ਪੀ ਏ ਯੂ ਦੇ ਵਿਦਿਆਰਥੀ ਇਸ ਖੇਤਰ ਵਿਚ ਪ੍ਰਾਪਤੀਆਂ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜਿਸ ਅਨੁਸ਼ਾਸਨ ਨਾਲ ਇਹ ਮੇਲਾ ਨੇਪਰੇ ਚੜ੍ਹਿਆ ਹੈ ਉਸ ਲਈ ਭਾਗ ਲੈਣ ਵਾਲਿਆਂ ਅਤੇ ਦਰਸ਼ਕਾਂ ਦੀ ਤਾਰੀਫ਼ ਕੀਤੀ ਜਾਣੀ ਬਣਦੀ ਹੈ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਨੂੰ ਵਿਚ ਧੰਨਵਾਦ ਕਰਦਿਆਂ ਇਸ ਯੁਵਕ ਮੇਲੇ ਦੀ ਸਫ਼ਲਤਾ ਲਈ ਨਾਲ ਜੁੜੇ ਸਾਰੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਦੇ ਨਾਲ ਮਹਿਮਾਨਾਂ ਅਤੇ ਜੱਜਮੈਂਟ ਨਾਲ ਜੁੜੇ ਮਾਹਿਰਾਂ ਦਾ ਧਨਵਾਦ ਕੀਤਾ।
ਅੱਜ ਦੇ ਸਮਾਗਮਾਂ ਵਿੱਚ ਪੀ ਏ ਯੂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ ਅਮਨਪ੍ਰੀਤ ਸਿੰਘ ਬਰਾੜ, ਸਾਬਕਾ ਪੁਲਿਸ ਅਧਿਕਾਰੀ ਸ ਗੁਰਪ੍ਰੀਤ ਸਿੰਘ ਤੂਰ, ਉੱਘੇ ਅਦਾਕਾਰ ਮਲਕੀਤ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਆਦਿ ਹਸਤੀਆਂ ਦੇ ਨਾਲ ਪੀ ਏ ਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ ਅਤੇ ਗੈਰ ਅਧਿਆਪਨ ਅਮਲੇ ਦੇ ਲੋਕ ਭਾਰੀ ਗਿਣਤੀ ਵਿੱਚ ਮੌਜੂਦ ਰਹੇ।

ਕੱਲ੍ਹ ਹੋਏ ਮੁਕਾਬਲਿਆਂ ਦੇ ਨਤੀਜਿਆਂ ਵਿਚ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੀ ਕੰਗਨਾ ਅਤੇ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵੰਸ਼ ਸ਼ਰਮਾ ਨੂੰ ਕ੍ਰਮਵਾਰ ਸਰਵੋਤਮ ਅਦਾਕਾਰਾ ਅਤੇ ਸਰਵੋਤਮ ਅਦਾਕਾਰ  ਚੁਣਿਆ ਗਿਆ।

 
           ਖੇਤੀ ਇੰਜਨੀਅਰਿੰਗ ਕਾਲਜ ਦੇ ਅਰਸ਼ਦੀਪ ਅਤੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਰਿਉਮਨੀ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸਰਵੋਤਮ ਡਾਂਸਰ ਐਲਾਨਿਆ ਗਿਆ।

            ਖੇਤੀਬਾੜੀ ਕਾਲਜ ਦੀ ਵਿਦਿਆਰਥੀ ਗਾਇਤਰੀ ਗੁਪਤਾ, ਬਾਗਬਾਨੀ ਕਾਲਜ ਦੀ ਮੀਨਾਕਸ਼ੀ ਅਤੇ ਬੇਸਿਕ ਸਾਈਂਸਿਜ਼ ਕਾਲਜ ਦੇ ਗੁਰਵਿੰਦਰ ਸਿੰਘ ਮੋਨੋ ਐਕਟਿੰਗ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।

           ਸਮੂਹ ਲੋਕ ਨਾਚਾਂ ਵਿੱਚ ਖੇਤੀਬਾੜੀ ਕਾਲਜ , ਕਮਿਊਨਟੀ ਸਾਇੰਸ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਸਿਖਰਲੇ ਤਿੰਨ ਸਥਾਨ ਹਾਸਲ ਕੀਤੇ।

ਮਾਈਮ ਵਿੱਚ, ਬਾਗਬਾਨੀ ਅਤੇ ਜੰਗਲਾਤ ਕਾਲਜ  ਨੇ ਪਹਿਲਾ ਇਨਾਮ ਜਿੱਤਿਆ, ਜਦੋਂ ਕਿ ਖੇਤੀਬਾੜੀ ਕਾਲਜ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਇਨਾਮ ਜਿੱਤਿਆ।

ਇੱਕ ਝਾਕੀ ਨਾਟਕ ਵਿੱਚ ਪਹਿਲੇ ਤਿੰਨ ਸਥਾਨ ਖੇਤੀਬਾੜੀ ਕਾਲਜ , ਖੇਤੀ ਇੰਜਨੀਅਰਿੰਗ ਕਾਲਜ ਅਤੇ ਬੇਸਿਕ ਸਾਇੰਸ ਕਾਲਜ ਨੇ ਕ੍ਰਮਵਾਰ ਹਾਸਲ ਕੀਤੇ।

ਵੈਟਨਰੀ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਨੇ ਵਿਖਾਇਆ ਸ਼ਬਦ ਸ਼ਕਤੀ ਦਾ ਪ੍ਰਭਾਵ

ਪਹਿਲੇ ਪੜਾਅ ਦੇ ਮੁਕਾਬਲੇ ਸੰਪੂਰਨ, *ਦੂਸਰੇ ਪੜਾਅ ਦੇ ਮੁਕਾਬਲੇ 15 ਨਵੰਬਰ ਤੋਂ 
ਲੁਧਿਆਣਾ, 9 ਨਵੰਬਰ (ਟੀ. ਕੇ.)
 ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਯੁਵਕ ਮੇਲੇ ਵਿੱਚ ਅੱਜ ਰਚਨਾਤਮਕ ਲੇਖਣੀ ਅਤੇ ਭਾਸ਼ਣਕਾਰੀ ਦੀਆਂ ਵੱਖ-ਵੱਖ ਵਿਧਾਵਾਂ ਨੇ ਕਈ ਸੰਜੀਦਾ ਵਿਸ਼ਿਆਂ ਨੂੰ ਛੁਹਿਆ। ਅੱਜ ਦੇ ਮੁਕਾਬਲਿਆਂ ਵਿੱਚ ਰਚਨਾਤਮਕ ਲੇਖਣ, ਮੌਕੇ `ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਦੇ ਮੁਕਾਬਲੇ ਕਰਵਾਏ ਗਏ।ਸਵੇਰ ਦੇ ਸੈਸ਼ਨ ਦੇ ਪਤਵੰਤੇ ਮਹਿਮਾਨ ਵਜੋਂ ਡਾ. ਵੀ ਕੇ ਦੁਮਕਾ, ਕੰਪਟਰੋਲਰ, ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਅਤੇ ਬਾਅਦ ਦੁਪਹਿਰ ਦੇ ਸੈਸ਼ਨ ਵਿਚ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸ਼ੂਧਨ ਫਾਰਮ ਅਤੇ ਡਾ. ਜਗਵਿੰਦਰ ਜੋਧਾ, ਸੰਪਾਦਕ (ਪੰਜਾਬੀ) ਪੀ ਏ ਯੂ ਪਧਾਰੇ। ਡਾ. ਜੋਧਾ ਨੇ ਵਿਦਿਆਰਥੀਆਂ ਨੂੰ ਵਧੀਆਂ ਬੁਲਾਰੇ ਬਣਨ ਲਈ ਕਈ ਮਹੱਤਵਪੂਰਨ ਨੁਕਤੇ ਦੱਸੇ ਅਤੇ ਪ੍ਰੇੇਰਿਤ ਕੀਤਾ। ਮੁਹਤਬਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਅਤੇ ਕਲਾ ਦੀ ਪ੍ਰਸੰਸਾ ਕੀਤੀ। ਡਾ. ਸਰਵਪ੍ਰੀਤ ਸਿੰਘ ਘੁੰੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਯੁਵਕ ਮੇਲਾ 15 ਨਵੰਬਰ 2023 ਤੋਂ 17 ਨਵੰਬਰ 2023 ਦਰਮਿਆਨ ਆਪਣੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਜਾਏਗਾ ਜਿਸ ਵਿਚ ਹੋਰ ਰੰਗਦਾਰ ਅਤੇ ਸੰਗੀਤਮਈ ਵਿਧਾਵਾਂ ਦੇ ਮੁਕਾਬਲੇ ਹੋਣਗੇ।
ਡਾ. ਅਪਮਿੰਦਰ ਪਾਲ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਅਹਿਸਾਸਾਂ, ਵਲਵਲਿਆਂ ਅਤੇ ਸਮਾਜਿਕ ਸਰੋਕਾਰਾਂ ਨੂੰ ਭਾਸ਼ਣਕਾਰੀ ਅਤੇੇ ਲੇਖਣੀ  ਦੇ ਮਾਧਿਅਮ ਰਾਹੀਂ ਪ੍ਰਗਟਾਇਆ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ:
ਰਚਨਾਤਮਕ ਲੇਖਣ:
1.    ਵਿਸ਼ਵ ਕਾਲੜਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
2.    ਸ਼ਰਿਸ਼ਟੀ ਸ਼ਰਮਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.    ਅਵੰਤਿਕਾ ਪਾਠਕ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ 

ਮੌਕੇ `ਤੇ ਭਾਸ਼ਣਕਾਰੀ:
1.    ਜਸ਼ਨਪ੍ਰੀਤ ਸਿੰਘ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ 
2.    ਅਜੇਵੀਰ ਸਿੰਘ ਸੰਧੂ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.    ਜੀਤ ਵਰਮਾ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ

ਵਾਦ-ਵਿਵਾਦ ਮੁਕਾਬਲਾ:
1.    ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2.    ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3.    ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
ਵਿਅਕਤੀਗਤ ਇਨਾਮ
1.    ਸਹਿਜਦੀਪ ਕੌਰ
2.    ਜੀਤ ਵਰਮਾ
ਰੰਗੋਲੀ ਬਨਾਉਣ ਦਾ ਮੁਕਾਬਲਾ:
1.    ਨਖਵਾ ਸ਼ਲੋਕ, ਕਾਲਜ ਆਫ ਫ਼ਿਸ਼ਰੀਜ਼
2.    ਰਵਨੀਤ ਕੌਰ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
3.    ਪਲਕਨੂਰ, ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ
     ਡਾ. ਨਿਧੀ ਸ਼ਰਮਾ, ਭਲਾਈ ਅਫ਼ਸਰ ਨੇ ਦੱਸਿਆ ਕਿ 15 ਨਵੰਬਰ ਨੂੰ ਯੁਵਕ ਮੇਲੇ ਦਾ ਵਿਧੀਵਤ ਉਦਘਾਟਨ ਹੋਵੇਗਾ ਅਤੇ ਲੋਕਗੀਤ, ਰਚਨਾਤਮਕ ਨਾਚ, ਸੁਗਮ ਸੰਗੀਤ ਅਤੇ ਸਮੂਹ ਗਾਨ ਦੇ ਮੁਕਾਬਲੇ ਹੋਣਗੇ।